ਕੰਡਿਆਲੀ ਰਾਹ ਐ ਮੇਰੇ ਸ਼ਹਿਰ ਦੀ..!
ਢੇਰ ਸਾਰੀਆਂ ਉਮੀਦਾਂ…. ਮੇਅਰ ਦੇ ਮੋਢਿਆਂ ‘ਤੇ ਮੁਸ਼ਕਲਾਂ ਦੇ ਹੱਲ ਦਾ ਬੋਝ
ਹਰਿੰਦਰ ਨਿੱਕਾ, ਬਰਨਾਲਾ 11 ਜੂਨ 2026
ਹੁਣ ਸਿਰਫ਼ ਕਾਗਜ਼ਾਂ ‘ਤੇ ਨਗਰ ਕੌਂਸਲ ਨਹੀਂ, ਸਗੋਂ ਹਕੀਕਤ ‘ਚ ਨਗਰ ਨਿਗਮ ਬਣ ਚੁੱਕਾ ਹੈ ਅਤੇ “ਅੱਜ਼” ਸ਼ਹਿਰ ਨੂੰ ਆਪਣਾ ‘ਪਹਿਲਾ ਮੇਅਰ’ ਮਿਲਣ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕੀ ਸਿਰਫ਼ ਅਹੁਦਾ ਬਦਲਣ ਨਾਲ ਸ਼ਹਿਰ ਦੀ ਤਕਦੀਰ ਵੀ ਬਦਲੇਗੀ? ‘ਆਪ’ ਦੇ ਟਕਸਾਲੀ ਆਗੂ ਹਸਨਪ੍ਰੀਤ ਭਾਰਦਵਾਜ ਦਾ ਮੇਅਰ ਬਣਨਾ ਹੁਣ ਮਹਿਜ਼ ਇੱਕ ਕਾਨੂੰਨੀ ਰਸਮ ਮਾਤਰ ਹੀ ਰਹਿ ਗਿਆ ਹੈ, ਕਿਉਂਕਿ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਅਤੇ ਕੌਂਸਲਰ ਪਹਿਲਾਂ ਹੀ ਉਨ੍ਹਾਂ ਦੇ ਨਾਮ ‘ਤੇ ਮੋਹਰ ਲਾ ਚੁੱਕੇ ਹਨ। ਬੇਸ਼ੱਕ ਭਾਰਦਵਾਜ ਕੋਲ ਨਗਰ ਕੌਂਸਲ ਦੇ ਕੰਮਾਂ ਦਾ ਜ਼ਮੀਨੀ ਤਜ਼ਰਬਾ ਹੈ, ਪਰ ਇਸ ਵਾਰ ਉਨ੍ਹਾਂ ਦੇ ਸਾਹਮਣੇ ਕੋਈ ਸਧਾਰਨ ਕੰਮ ਨਹੀਂ, ਸਗੋਂ ਚੁਣੌਤੀਆਂ ਦਾ ਇੱਕ ਪੂਰਾ ਪਹਾੜ ਖੜ੍ਹਾ ਹੈ।
ਸਿਆਸੀ ਗੜ੍ਹ ‘ਚ ਸਮੱਸਿਆਵਾਂ ਦਾ ਹੜ੍ਹ
ਬਰਨਾਲਾ ਵਿਧਾਨ ਸਭਾ, ਉਹ ਹਲਕਾ ਹੈ ਜਿੱਥੇ 2017 ਤੋਂ 2024 ਤੱਕ ਮੀਤ ਹੇਅਰ ਵਿਧਾਇਕ ਰਹੇ ਅਤੇ ਹੁਣ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਹਨ, ਬਰਨਾਲਾ ਇਲਾਕਾ ਵੀ ਉਨਾਂ ਦੇ ਲੋਕ ਸਭਾ ਹਲਕੇ ਦਾ ਹਿੱਸਾ ਹੈ । ਪਰ ਵੀ.ਆਈ.ਪੀ. ਕਹਾਉਣ ਵਾਲੇ ਇਸ ਸ਼ਹਿਰ ਦੀ ਹਕੀਕਤ ਇਹ ਹੈ ਕਿ ਇੱਥੇ ਜਨਜੀਵਨ ਰੋਜ਼ਾਨਾ ਟ੍ਰੈਫਿਕ ਜਾਮ ਦੇ ਪਹੀਏ ਹੇਠ ਕੁਚਲਿਆ ਜਾਂਦਾ ਹੈ। ਸ਼ਹਿਰ ਦੇ ਵਧੇਰੇ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨਾਲ ਸੜਕਾਂ ਸੁੰਗੜੀਆਂ ਪਈਆਂ ਹਨ ।


ਪ੍ਰਸ਼ਾਸਨ ਹੁਣ ਤੱਕ ‘ਗੋਗਲੂਆਂ ਤੋਂ ਮਿੱਟੀ ਝਾੜਨ’ ਯਾਨੀ ਸਿਰਫ਼ ਖ਼ਾਨਾਪੂਰਤੀ ਵਾਲੀ ਕਾਰਵਾਈ ਹੀ ਕਰਦਾ ਆਇਆ ਹੈ, ਜਿਸ ਕਰਕੇ ਸਥਿਤੀ ਸੁਧਰਨ ਦੀ ਬਜਾਏ ‘ਪੰਚਾਂ ਦਾ ਕਿਹਾ, ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ’ ਹੀ ਰਿਹਾ ਹੈ । ਇਸੇ ਤਰਾਂ ਸ਼ਹਿਰ ਦੇ ਟਣਾ-ਮੂੰਹੀ ਕੂੜੇ ਦੇ ਨਿਪਟਾਰਾ ਕਰਨ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਕੂੜੇ ਦੇ ਡੰਪ ਵਾਲੀ ਥਾਂ ਕੂੜੇ ਦੇ ਪਹਾੜ ਬਣੇ ਹੋਏ ਹਨ, ਜਿਸ ਦਾ ਹੱਲ, ਠੇਕੇਦਾਰ, ਵੇਲੇ ਕੁਵੇਲੇ ਕੂੜੇ ਦੇ ਢੇਰ ਨੂੰ ਛੋਟਾ ਕਰਨ ਲਈ, ਅੱਗ ਦੇ ਹਵਾਲੇ ਕਰ ਦਿੰਦਾ ਹੈ। ਜਿਸ ਦੀ ਵਜ੍ਹਾ ਕਾਰਣ, ਪ੍ਰਦੂਸ਼ਣ ਦੀ ਸਮੱਸਿਆ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ।
ਬਰਨਾਲਾ ਦੀ ਅਸਲ ਤਸਵੀਰ ਦੇਖਣੀ ਹੋਵੇ, ਤਾਂ ਇਨ੍ਹਾਂ ਹੌਟ-ਸਪੌਟਸ ‘ਤੇ ਨਜ਼ਰ ਮਾਰੋ:
-
ਕਬਜ਼ਿਆਂ ਦਾ ਗੜ੍ਹ: ਵਾਲਮੀਕ ਚੌਂਕ ਤੋਂ ਫੁਆਰਾ ਚੌਂਕ ਤੱਕ ਰੇਹੜੀ-ਫੜੀ ਵਾਲਿਆਂ ਨੇ ਪੱਕੇ ਟੈਂਟ ਗੱਡ ਕੇ ਸੜਕਾਂ ਨੂੰ ਅੱਡੇ ਬਣਾ ਲਿਆ ਹੈ। ਬੱਸ ਅੱਡਾ ਰੋਡ ਤੋਂ ਅਗਰਸ਼ੈਨ ਚੌਂਕ ਤੱਕ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਕਰੀਬ 3-3 ਫੁੱਟ ਨਜਾਇਜ਼ ਕਬਜ਼ੇ ਕੀਤੇ ਹੋਏ ਹਨ।
-
ਸੜਕਾਂ ਬਣੀਆਂ ਪਾਰਕਿੰਗ: ਸ਼ਹਿਰ ਵਿੱਚ ਡਿਵਾਇਡਰਾਂ ਅਤੇ ਪਾਰਕਿੰਗ ਦੀ ਭਾਰੀ ਘਾਟ ਹੈ। ਖ਼ਰੀਦਦਾਰੀ ਕਰਨ ਆਉਣ ਵਾਲੇ ਲੋਕ ਸੜਕਾਂ ‘ਤੇ ਹੀ ਗੱਡੀਆਂ ਤੇ ਹੋਰ ਵਹੀਕਲ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਚੌੜੀਆਂ ਸੜਕਾਂ ਵੀ ਤੰਗ ਗਲੀਆਂ ਵਰਗੀਆਂ ਨਜ਼ਰ ਆਉਂਦੀਆਂ ਹਨ।
-
ਜਾਮ ਦੇ ਪੁਆੜੇ: ਰੇਲਵੇ ਸਟੇਸ਼ਨ ਰੋਡ ਤੋਂ ਜੋੜੇ ਪੈਟਰੋਲ ਪੰਪਾਂ ਦੇ ਅੰਡਰਬ੍ਰਿਜ, ਐਸ.ਡੀ. ਕਾਲਜ ਓਵਰਬ੍ਰਿਜ, ਬੱਸ ਅੱਡਾ ਰੋਡ ਅਤੇ ਕੋਰਟ ਕੰਪਲੈਕਸ ਦੇ ਸਾਹਮਣੇ ਦਿਨ ਵਿੱਚ ਕਈ-ਕਈ ਵਾਰ ਲੰਬੇ ਜਾਮ ਲੱਗਣਾ ਆਮ ਗੱਲ ਹੈ।
-
ਬਿਮਾਰੀਆਂ ਨੂੰ ਸੱਦਾ: ਸ਼ਹਿਰ ਦੇ ਹਰ ਖਾਲੀ ਮੋੜ ‘ਤੇ ਦਿਨ ਚੜ੍ਹਦੇ ਹੀ ਕੂੜੇ ਦੇ ਪਹਾੜ ਲੱਗ ਜਾਂਦੇ ਹਨ, ਜੋ ਨਾ ਸਿਰਫ਼ ਬਦਬੂ ਫੈਲਾਉਂਦੇ ਹਨ ਸਗੋਂ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ।

ਕੀ ਨਵੇਂ ਮੇਅਰ ਕੋਲ ਹੈ ਕੋਈ ‘ਜਾਦੂਈ ਛੜੀ ‘?
ਬੇਸ਼ੱਕ ਹਸ਼ਨਪ੍ਰੀਤ ਭਾਰਦਵਾਜ ਕੋਲ ਸਥਾਨਕ ਰਾਜਨੀਤੀ ਅਤੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਦਾ ਚੋਖਾ ਤਜ਼ਰਬਾ ਹੈ, ਕਿਉਂਕਿ ਉਹ ਆਪ ਸਰਕਾਰ ਬਣਨ ਤੋਂ ਬਾਅਦ, ਲਗਾਤਾਰ ਇੱਕ ਕੋਨੇ ਵਿੱਚ ਬਹਿ ਕੇ, ਨਗਰ ਕੌਂਸਲ ਦੇ ਕੰਮਾਂ ਨੂੰ ਕਰਵਾਉਣ ਵਿੱਚ ਵਧੇਰੇ ਰੁਚੀ ਲੈਂਦਾ ਰਿਹਾ ਹੈ। ਉਦੋਂ ਉਨਾਂ ਨੂੰ ਕਿਸੇ ਨੂੰ ਕਹਿ ਕੇ ਕੰਮ ਕਰਵਾਉਣਾ ਪੈਂਦਾ ਸੀ, ਤੇ ਹੁਣ ਹਰਾ ਪੈਨ ਉਨਾਂ ਦੇ ਆਪਣੇ ਹੱਥ ਆ ਰਿਹਾ ਹੈ। ਉਨਾਂ ਦਾ ਤਜੁਰਬਾ ਨਿਗਮ ਦੀ ਕਮਾਂਡ ਸੰਭਾਲਣ ਵੇਲੇ ਉਨ੍ਹਾਂ ਦੇ ਕੰਮ ਆਵੇਗਾ। ਪਰ ਦੇਖਣਾ ਇਹ ਹੋਵੇਗਾ ਕਿ ਕੀ ਉਹ ਇਸ ਤਜ਼ਰਬੇ ਦੀ ਬਦੌਲਤ ਬਰਨਾਲਾ ਨੂੰ ਇਨ੍ਹਾਂ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਕਰ ਸਕਣਗੇ, ਜਾਂ ਫਿਰ ਪਹਿਲੇ ਮੇਅਰ ਦਾ ਇਹ ਕਾਰਜਕਾਲ ਵੀ ਸਿਰਫ਼ ਭਾਸ਼ਣਾਂ ਅਤੇ ਦਾਅਵਿਆਂ ਤੱਕ ਹੀ ਸੀਮਤ ਰਹਿ ਜਾਵੇਗਾ..? ਬਰਨਾਲਾ ਦੇ ਲੋਕ ਹੁਣ ਬਦਲਾਅ ਦੀ ਉਮੀਦ ਵਿੱਚ ਨਵੇਂ ਮੇਅਰ ਵੱਲ ਟਿਕਟਿਕੀ ਲਾਈ ਬੈਠੇ ਹਨ।







