ਹਾਈਕੋਰਟ ਦੇ ਹੁਕਮ ਪੁਗਾਉਣ ਗਈ police ਅਤੇ ਸਫ਼ਾਈ ਕਰਮਚਾਰੀਆਂ ‘ਚ ਤਿੱਖਾ ਟਕਰਾਅ
ਹਰਿੰਦਰ ਨਿੱਕਾ, ਬਰਨਾਲਾ, 22 ਜੁਲਾਈ 2026
ਇੱਕ ਪਾਸੇ ਪੁਲਿਸ ‘ਤੇ ਹਾਈਕੋਰਟ ਦੇ ਸਖ਼ਤ ਹੁਕਮਾਂ ਦੀ ਪਾਲਣਾ ਕਰਵਾਉਣ ਦਾ ਦਬਾਅ ਸੀ, ਤਾਂ ਦੂਜੇ ਪਾਸੇ ਲੰਮੇ ਸਮੇਂ ਤੋਂ ਅਣਗੌਲੀਆਂ ਮੰਗਾਂ ਨੂੰ ਲੈ ਕੇ ਭੜਕੇ ਸਫ਼ਾਈ ਕਰਮਚਾਰੀਆਂ ਦਾ ਗੁੱਸਾ ! ਬੁੱਧਵਾਰ ਨੂੰ ਬਰਨਾਲਾ ਦੀਆਂ ਸੜਕਾਂ ਉਸ ਸਮੇਂ ਯੁੱਧ ਦੇ ਮੈਦਾਨ ਵਿੱਚ ਤਬਦੀਲ ਹੋ ਗਈਆਂ, ਜਦੋਂ ਸ਼ਹਿਰ ‘ਚੋਂ ਕੂੜਾ ਚੁੱਕਵਾਉਣ ਪਹੁੰਚੀ ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਵਿਚਾਲੇ ਜ਼ਬਰਦਸਤ ਆਹਮੋ-ਸਾਹਮਣੇ ਮੁਕਾਬਲਾ ਹੋ ਗਿਆ। ਦੇਖਦੇ ਹੀ ਦੇਖਦੇ ਹਾਲਾਤ ਅਜਿਹੇ ਵਿਗੜੇ ਕਿ ਪੁਲਿਸ ਦੇ ਪਹਿਰੇ ਹੇਠ ਕੂੜੇ ਦੇ ਢੇਰ ਚੁੱਕੇ ਜਾਣ ਪ੍ਰਕਿਰਿਆ ਤੋਂ ਭੜਕੇ ਕਰਮਚਾਰੀਆਂ ਨੇ ਪੁਲਿਸ ਪਾਰਟੀ ‘ਤੇ ਕੂੜੇ ਨਾਲ ਭਰੀਆਂ ਬੋਰੀਆਂ, ਲਿਫ਼ਾਫ਼ੇ ਤੇ ਖਾਲੀ ਨਾਰੀਅਲ ਵਰ੍ਹਾਉਣੇ ਸ਼ੁਰੂ ਕਰ ਦਿੱਤੇ।
ਪੁਲਿਸ ਨੇ ਅਜਿਹੇ ਮਾਹੌਲ ਤੇ ਕਾਬੂ ਪਾਉਣ ਲਈ ਪ੍ਰਦਰਸ਼ਨਕਾਰੀਆਂ ‘ਤੇ ਜੰਮ ਕੇ ਡਾਂਗ ਵਰ੍ਹਾਈ ਅਤੇ ਇਸ ‘ਕੂੜਾ ਯੁੱਧ’ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਕਈ ਹੋਰ ਪੁਲਿਸ ਮੁਲਾਜ਼ਮ ਅਤੇ ਕਈ ਪ੍ਰਦਰਸ਼ਨਕਾਰੀ ਔਰਤਾਂ ਤੇ ਪੁਰਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਪੁਲਿਸ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ. ਦੀ ਪੱਗ ਵੀ ਮਸਾਂ ਲੱਥਣੋਂ ਬਚੀ। ਟਕਰਾਅ ਇੱਨ੍ਹਾਂ ਭਿਆਨਕ ਸੀ ਕਿ ਦੋਵੇਂ ਧਿਰਾਂ ਪੂਰੇ ਹਮਲਾਵਰ ਰੌਂਅ ਵਿੱਚ ਹੀ ਨਜ਼ਰ ਆਈਆਂ।
ਐੱਸ.ਡੀ. ਕਾਲਜ ਨੇੜੇ ਲਾਠੀਚਾਰਜ ਨਾਲ ਚੁੱਕਾਇਆ ਕੂੜਾ
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸ਼ੁਰੂਆਤ ਐੱਸ.ਡੀ. ਕਾਲਜ ਨੇੜੇ ਹੋਈ, ਜਿੱਥੇ ਨਗਰ ਨਿਗਮ ਦੀ ਟੀਮ ਪੁਲਿਸ ਫੋਰਸ ਦੀ ਮੌਜੂਦਗੀ ‘ਚ ਜੇ.ਸੀ.ਬੀ. ਮਸ਼ੀਨ ਨਾਲ ਕੂੜੇ ਦੇ ਢੇਰ ਹਟਾਉਣ ਪਹੁੰਚੀ ਸੀ। ਮੌਕੇ ‘ਤੇ ਮੌਜੂਦ ਸਫ਼ਾਈ ਕਰਮਚਾਰੀਆਂ ਨੇ ਜੇ.ਸੀ.ਬੀ. ਨੂੰ ਰੋਕਦਿਆਂ ਰੇਹੜੀਆਂ ਵਿੱਚ ਭਰਿਆ ਕੂੜਾ ਮੁੜ ਸੜਕ ‘ਤੇ ਖਿਲਾਰ ਦਿੱਤਾ।
ਅਧਿਕਾਰੀਆਂ ਵੱਲੋਂ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਸਮਝਾਉਣ ਦੇ ਬਾਵਜੂਦ ਕਰਮਚਾਰੀ ਨਾ ਮੰਨੇ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗੇ। ਸਥਿਤੀ ਵਿਗੜਦੀ ਦੇਖ ਪੁਲਿਸ ਨੇ ਹਲਕਾ ਬਲ ਪ੍ਰਯੋਗ (ਲਾਠੀਚਾਰਜ) ਕਰਕੇ ਕਰਮਚਾਰੀਆਂ ਨੂੰ ਖਦੇੜ ਦਿੱਤਾ ਅਤੇ ਕੂੜਾ ਚੁੱਕਵਾਇਆ।
ਹੰਡਿਆਇਆ ਬਜ਼ਾਰ ‘ਚ ਗੰਭੀਰ ਹੋਈ ਸਥਿਤੀ
ਐੱਸ.ਡੀ. ਕਾਲਜ ਨੇੜੇ ਹੋਏ ਲਾਠੀਚਾਰਜ ਤੋਂ ਭੜਕੇ ਸਫ਼ਾਈ ਕਰਮਚਾਰੀ ਜਦੋਂ ਹੰਡਿਆਇਆ ਬਜ਼ਾਰ ਵਿੱਚ ਇਕੱਠੇ ਹੋਏ ਤਾਂ ਸਥਿਤੀ ਬੇਕਾਬੂ ਹੋ ਗਈ। ਆਪਣੇ ਆਗੂਆਂ ਦੀ ਅਗਵਾਈ ਹੇਠ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੂੰ ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਨੇ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਗੱਲਬਾਤ ਹਾਲੇ ਜਾਰੀ ਹੀ ਸੀ ਕਿ ਕੂੜੇ ਦੇ ਢੇਰ ਤੇ ਖੜੇ ਸਫ਼ਾਈ ਕਰਮਚਾਰੀਆਂ ਵੱਲੋਂ ਪੁਲਿਸ ਵੱਲ ਕੂੜੇ ਦੀ ਬਰਸਾਤ ਸ਼ੁਰੂ ਹੋ ਗਈ। ਫਿਰ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ। ਦੋਵੇਂ ਧਿਰਾਂ ਇੱਕ ਦੂਜੇ ਉਪਰ ਪਹਿਲਾਂ ਹਮਲਾ ਕਰਨ ਦਾ ਦੋਸ਼ ਲਾਉਂਦੀਆਂ,ਆਪਣੀ ਕਾਰਵਾਈ ਨੂੰ ਜੁਆਬੀ ਕਾਰਵਾਈ ਕਰਨ ਦੀਆਂ ਦਲੀਲਾਂ ਦਿੰਦੀਆਂ ਰਹੀਆਂ। 
ਫਿਰ ਤਾਂ ਕੂੜੇ ਦੇ ਢੇਰਾਂ ‘ਤੇ ਖੜ੍ਹੇ ਕਰਮਚਾਰੀਆਂ ਨੇ ਜੋ ਹੱਥ ਆਇਆ—ਕੂੜੇ ਦੀਆਂ ਬੋਰੀਆਂ, ਲਿਫ਼ਾਫ਼ੇ ਅਤੇ ਖਾਲੀ ਨਾਰੀਅਲ—ਪੁਲਿਸ ਟੀਮ ‘ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਡੀ.ਐੱਸ.ਪੀ. ਬੈਂਸ ‘ਤੇ ਵੀ ਕੂੜੇ ਦੀ ਭਰੀ ਬੋਰੀ ਆ ਡਿੱਗੀ, ਜਿਸ ਨਾਲ ਉਨ੍ਹਾਂ ਦੀ ਪੱਗ ਮਸਾਂ ਬਚੀ। ਪੁਲਿਸ ਪਹਿਰੇ ਹੇਠ ਕੁੱਝ ਥਾਵਾਂ ਤੋਂ ਕੂੜਾ ਤਾਂ ਚੁੱਕ ਦਿੱਤਾ ਗਿਆ, ਪਰ ਮੁੜ ਪਏ ਮੀਂਹ ਕਾਰਨ ਸ਼ਹਿਰ ‘ਚ ਥਾਂ-ਥਾਂ ਬਚੇ ਕੂੜੇ ਦੇ ਢੇਰਾਂ ਨੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
💬 ਪੱਖ ਤੇ ਪ੍ਰਤੀਕਿਰਿਆਵਾਂ
“ਅਣਗੌਲਿਆ ਕਰ ਰਹੀ ਹੈ ਸਰਕਾਰ” — ਸਫ਼ਾਈ ਕਰਮਚਾਰੀ ਆਗੂ
ਪ੍ਰਦਰਸ਼ਨਕਾਰੀ ਆਗੂ ਗੁਲਸ਼ਨ ਕੁਮਾਰ , ਵਿੱਕੀ ਵਾਲਮੀਕਿ ਅਤੇ ਬਿੰਦੂ ਰਾਣੀ ਨੇ ਆਖਿਆ ਕਿ ਸਰਕਾਰ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
“ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣਾ ਜ਼ਰੂਰੀ” — ਨਗਰ ਨਿਗਮ
ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਵਾਤਾਵਰਨ ਦੇਣਾ ਅਤੇ ਬਿਮਾਰੀਆਂ ਤੋਂ ਬਚਾਉਣਾ ਨਿਗਮ ਦੀ ਪਹਿਲੀ ਪ੍ਰਾਥਮਿਕਤਾ ਹੈ। ਮੰਗਾਂ ‘ਤੇ ਵਿਚਾਰ ਕਰਨਾ ਸਰਕਾਰ ਦਾ ਕੰਮ ਹੈ, ਪਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਾ ਪ੍ਰਸ਼ਾਸਨ ਦਾ ਸੰਵਿਧਾਨਕ ਫ਼ਰਜ਼ ਹੈ।
“ਕਾਨੂੰਨ-ਵਿਵਸਥਾ ਲਈ ਕੀਤੀ ਕਾਰਵਾਈ” — ਪੁਲਿਸ ਪ੍ਰਸ਼ਾਸਨ
ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਕਿ ਪੁਲਿਸ ਨੇ ਪਹਿਲਾਂ ਸ਼ਾਂਤੀਪੂਰਵਕ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਸਰਕਾਰੀ ਕੰਮ ਵਿੱਚ ਰੁਕਾਵਟ ਪਾਈ ਗਈ ਅਤੇ ਕਾਨੂੰਨ-ਵਿਵਸਥਾ ਵਿਗੜਨ ਲੱਗੀ ਤਾਂ ਹਾਲਾਤ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨੀ ਪਈ।







