ਨਸ਼ਾ ਛੁਡਾਉਣ ਵਾਲੇ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ..!

Advertisement
Spread information

ਪਿੰਡ ਦੇ ਮੋਹਤਬਰਾਂ ਨੇ ਕੀਤੇ ਵੱਡੇ ਖ਼ੁਲਾਸੇ.! ਦੱਸਿਆ ਕਿਉਂ ਕੀਤੀ ਗੁਰਦੀਪ ਦੀ ਹੱਤਿਆ..?

ਗੁਰਦੀਪ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਰਦਾ ਸੀ ਅਵੇਅਰ- ਮੈਨੇਜਰ 

ਹਰਿੰਦਰ ਨਿੱਕਾ, ਬਰਨਾਲਾ 19 ਅਕਤੂਬਰ 2026

      ਸ਼ਹਿਰ ਦੇ ਇੱਕ ਚਰਚਿਤ ਨਸ਼ਾ ਛੁਡਾਊ ਕੇਂਦਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਸੇਖਾ ਦੀ ਰਹੱਸਮਈ ਅਤੇ ਦਿਲ ਕੰਬਾਊ ਮੌਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਡਿਊਟੀ ਖ਼ਤਮ ਕਰਕੇ ਘਰ ਪਰਤ ਰਹੇ ਨੌਜਵਾਨ ਨੂੰ ਪਹਿਲਾਂ ਫ਼ਿਲਮੀ ਅੰਦਾਜ਼ ਵਿੱਚ ਅਗਵਾ ਕੀਤਾ ਗਿਆ ਅਤੇ ਫਿਰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੇ ਤਿੰਨ ਦਿਨਾਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਸਹਿਣਾ ਨਹਿਰ ਕੋਲੋਂ ਲਾਸ਼ ਬਰਾਮਦ ਕਰ ਲਈ ਹੈ।

ਕੀ ਹੈ ਪੂਰਾ ਮਾਮਲਾ?

     ਪ੍ਰਾਪਤ ਜਾਣਕਾਰੀ ਅਨੁਸਾਰ, 25 ਸਾਲਾ ਗੁਰਦੀਪ ਸਿੰਘ ਏਕਤਾ ਨਸ਼ਾ ਛੁਡਾਊ ਕੇਂਦਰ ਬਰਨਾਲਾ ਵਿਖੇ ਬਤੌਰ ਪੀ.ਆਰ.ਓ. ਨੌਕਰੀ ਕਰਦਾ ਸੀ। 16 ਅਕਤੂਬਰ ਦੀ ਸ਼ਾਮ ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਸੇਖਾ ਵੱਲ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਸੇਖਾ ਰੋਡ ‘ਤੇ ਸਥਿਤ ਇੱਕ ਗੱਦਿਆਂ ਦੀ ਫੈਕਟਰੀ ਕੋਲ ਪਹੁੰਚਿਆ ਤਾਂ ਕਾਰ ਸਵਾਰ ਕੁਝ ਅਣਪਛਾਤੇ ਵਿਅਕਤੀ ਉਸ ਨੂੰ ਜ਼ਬਰਦਸਤੀ ਅਗਵਾ ਕਰਕੇ ਲੈ ਗਏ। ਦੇਰ ਰਾਤ ਤੱਕ ਪੁੱਤਰ ਦੇ ਘਰ ਨਾ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ‘ਤੇ ਭਾਲ ਸ਼ੁਰੂ ਕੀਤੀ। ਕੋਈ ਸੁਰਾਗ ਨਾ ਮਿਲਣ ‘ਤੇ ਪਿਤਾ ਰਾਜ ਸਿੰਘ ਨੇ ਥਾਣਾ ਸਿਟੀ 2 ਬਰਨਾਲਾ ਵਿਖੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।

ਭੂਆ ਦੇ ਪੁੱਤ ਨੇ ਦਿੱਤਾ ਵਾਰਦਾਤ ਨੂੰ ਅੰਜਾਮ…

     ਪੁਲਿਸ ਦੀ ਸਖ਼ਤ ਪੜਤਾਲ ਦੌਰਾਨ ਜੋ ਸੱਚ ਸਾਹਮਣੇ ਆਇਆ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ। ਪੁਲਿਸ ਨੇ ਪਿੰਡ ਪੱਖੋਕੇ ਦੇ ਰਹਿਣ ਵਾਲੇ ਅਤੇ ਮ੍ਰਿਤਕ ਗੁਰਦੀਪ ਦੀ ਭੂਆ ਦੇ ਪੁੱਤਰ ਜਗਦੇਵ ਸਿੰਘ ਉਰਫ਼ ਦੇਬੀ ਨੂੰ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਜਗਦੇਵ ਸਿੰਘ ਦੇਬੀ, ਪਰਵਿੰਦਰ ਸਿੰਘ, ਨੀਸੂ ਅਤੇ ਉਨ੍ਹਾਂ ਦੇ ਕੁਝ ਹੋਰ ਅਣਪਛਾਤੇ ਸਾਥੀਆਂ ਨੇ ਮਿਲ ਕੇ ਗੁਰਦੀਪ ਦਾ ਗਲ਼ਾ ਘੁੱਟ ਕੇ ਬੇਰਹਿਮੀ ਨਾਲ ਕਤਲ ਕੀਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸਹਿਣਾ ਨਹਿਰ ਨੇੜੇ ਸੁੱਟ ਦਿੱਤਾ।

    ਥਾਣਾ ਸਿਟੀ 2 ਬਰਨਾਲਾ ਦੇ ਐਸ.ਐચ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਮਜ਼ਦ ਅਤੇ ਹੋਰ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੌਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਬਾਕੀ ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਕਤਲ ਪਿੱਛੇ ਨਾਜਾਇਜ਼ ਸਬੰਧਾਂ ਦਾ ਸ਼ੱਕ!

    ਉੱਧਰ, ਪਿੰਡ ਸੇਖਾ ਦੇ ਕੁਝ ਮੋਹਤਬਰ ਵਿਅਕਤੀਆਂ ਵੱਲੋਂ ਇੱਕ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਗਦੇਵ ਸਿੰਘ ਦੇਬੀ ਕਾਫ਼ੀ ਸਮਾਂ ਆਪਣੇ ਨਾਨਕੇ ਘਰ ਵੀ ਰਹਿੰਦਾ ਰਿਹਾ ਹੈ। ਚਰਚਾ ਹੈ ਕਿ ਦੋਸ਼ੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਗੁਰਦੀਪ ਸਿੰਘ ਉਸ ਨੂੰ ਅਕਸਰ ਵਰਜਦਾ ਅਤੇ ਰੋਕਦਾ ਸੀ। ਮੰਨਿਆ ਜਾ ਰਿਹਾ ਹੈ ਕਿ ਗੁਰਦੀਪ ਇਨ੍ਹਾਂ ਨਾਜਾਇਜ਼ ਸਬੰਧਾਂ ਵਿੱਚ ਵੱਡਾ ਅੜਿੱਕਾ ਬਣ ਰਿਹਾ ਸੀ, ਜਿਸ ਕਾਰਨ ਉਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਇਸ ਘਿਨਾਉਣੇ ਕਤਲ ਦੀ ਸਾਜ਼ਿਸ਼ ਰਚੀ ਗਈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਤਲ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ।

Advertisement
Advertisement
Advertisement
Advertisement
error: Content is protected !!