ਆਪਣੀ ਹੀ ਭਾਬੀ ਦੀ ਸਾਜ਼ਿਸ਼ ਦਾ ਸ਼ਿਕਾਰ ਬਣਿਆ ਦਿਓਰ..?
ਇੱਕ ਮਹੀਨੇ ਤੋਂ ਗੁਰਦੀਪ ਦੇ ਕਤਲ ਦੀ ਬਣਾਈ ਜਾ ਰਹੀ ਸੀ ਵਿਉਂਤਬੰਦੀ
ਹਰਿੰਦਰ ਨਿੱਕਾ, ਬਰਨਾਲਾ 20 ਅਕਤੂਬਰ 2026
ਇੱਕੋ ਘਰ ‘ਚ ਰਹਿੰਦਿਆਂ ਆਪਣੇ ਨਜਾਇਜ਼ ਸਬੰਧਾਂ ਵਿੱਚ ਅੰਨ੍ਹੀ ਹੋਈ ਇੱਕ ਭਾਬੀ ਆਪਣੇ ਹੀ ਦਿਓਰ ਦੇ ਖੂਨ ਦੀ ਪਿਆਸੀ ਹੋ ਗਈ। ਉਸ ਨੇ ਆਪਣੇ ਆਸ਼ਿਕ ਦੀ ਜੁੰਡੀ ਦੇ ਯਾਰਾਂ ਨਾਲ ਸਾਜਿਸ਼ ਰਚ ਕੇ, ਆਪਣੇ ਨਜਾਇਜ ਸਬੰਧਾਂ ‘ਚ ਰੋੜਾ ਬਣ ਰਹੇ ਦਿਓਰ ਨੂੰ ਹਮੇਸ਼ਾ ਲਈ ਜਹਾਨੋਂ ਤੋਰ ਦਿੱਤਾ।ਲੁਕ-ਛਿਪ ਕੇ, ਰਚੀ ਸਾਜਿਸ਼ ਨੂੰ ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਬੇਨਕਾਬ ਕਰਕੇ ਕਾਤਿਲ ਭਾਬੀ ਅਤੇ ਉਸ ਦੇ ਆਸ਼ਿਕ ਸਣੇ ਚਾਰ ਜਣਿਆਂ ਨੂੰ ਦਬੋਚ ਲਿਆ। ਜਦੋਂਕਿ ਦੋ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। ਆਖਿਰ ਕਿਵੇਂ ਨਾਜਾਇਜ਼ ਸਬੰਧਾਂ ਦੇ ਇਸ ਕਾਲੇ ਪਰਛਾਵੇਂ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਮਾਤਮ ਵਿੱਚ ਬਦਲ ਦਿੱਤਾ.? ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਐਸਪੀ ਡੀ ਸੰਜੀਵ ਗੋਇਲ, ਡੀਐਸਪੀ ਡੀ ਰਜਿੰਦਰਪਾਲ ਸਿੰਘ, ਐਸਐਚਓ ਚਰਨਜੀਤ ਸਿੰਘ, ਸੀਆਈਏ ਦੀ ਟੀਮ ਅਤੇ ਇੰਚਾਰਜ ਸਾਈਬਰ ਕ੍ਰਾਈਮ ਇੰਸਪੈਕਟਰ ਮਨਪ੍ਰੀਤ ਕੌਰ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਹੈਰਾਨ ਕਰਨ ਵਾਲੇ ਕਤਲ ਕਾਂਡ ਦੀ ਪੂਰੀ ਅੰਦਰੂਨੀ ਕਹਾਣੀ ਇਹ ਐ..।
ਡਿਊਟੀ ਲਈ ਘਰੋਂ ਨਿਕਲਿਆ ਨੌਜਵਾਨ ਅਚਾਨਕ ਹੋਇਆ ਗਾਇਬ
ਕਹਾਣੀ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਏਕਤਾ ਨਸ਼ਾ ਛਡਾਓ ਕੇਂਦਰ ਬਰਨਾਲਾ ਵਿਖੇ ਪ੍ਰਾਈਵੇਟ ਨੌਕਰੀ ਕਰਨ ਵਾਲਾ ਗੁਰਦੀਪ ਸਿੰਘ ਪੁੱਤਰ ਰਾਜ ਸਿੰਘ (ਵਾਸੀ ਭੈਣੀ ਪੱਤੀ ਸੇਖਾ) 16 ਅਕਤੂਬਰ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਡਿਊਟੀ ਲਈ ਰਵਾਨਾ ਹੋਇਆ।
ਪਰ ਸ਼ਾਮ ਨੂੰ ਜਦੋਂ ਉਹ ਘਰ ਨਹੀਂ ਪਰਤਿਆ, ਤਾਂ ਪਰਿਵਾਰ ਦੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿਤਾ ਰਾਜ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ-2 ਬਰਨਾਲਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਲਾਪਤਾ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਕੀ ਪਤਾ ਸੀ ਕਿ ਇਹ ਮਾਮਲਾ ਕਿਸੇ ਆਮ ਗੁੰਮਸ਼ੁਦਗੀ ਦਾ ਨਹੀਂ, ਸਗੋਂ ਇੱਕ ਡੂੰਘੀ ਸਾਜ਼ਿਸ਼ ਦਾ ਹੈ!
ਜਦੋਂ ਸਾਹਮਣੇ ਆਈ ਭਰਜਾਈ ਤੇ ਪ੍ਰੇਮੀ ਦੀ ਗੰਦੀ ਖੇਡ
ਪੁਲਿਸ ਨੇ ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਵਰਤੋਂ ਕੀਤੀ, ਤਾਂ ਤਹਿਕੀਕਾਤ ਵਿੱਚ ਜੋ ਸੱਚ ਸਾਹਮਣੇ ਆਇਆ ਉਸਨੇ ਸਭ ਨੂੰ ਹੱਕਾ-ਬੱਕਾ ਕਰ ਦਿੱਤਾ। ਪਤਾ ਲੱਗਾ ਕਿ ਮ੍ਰਿਤਕ ਗੁਰਦੀਪ ਸਿੰਘ ਦੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਦੇ ਸਬੰਧ ਜਗਦੇਵ ਸਿੰਘ ਉਰਫ਼ ਦੇਬੀ (ਜੋ ਰਿਸ਼ਤੇ ਵਿੱਚ ਮ੍ਰਿਤਕ ਦੀ ਭੂਆ ਦਾ ਲੜਕਾ ਹੈ) ਨਾਲ ਚੱਲ ਰਹੇ ਸਨ। ਗੁਰਦੀਪ ਸਿੰਘ ਆਪਣੀ ਭਰਜਾਈ ਨੂੰ ਇਸ ਗਲਤ ਰਸਤੇ ਤੋਂ ਰੋਕਦਾ- ਟੋਕਦਾ ਸੀ। ਬੱਸ! ਇਹੀ ਗੱਲ ਭਰਜਾਈ ਨੂੰ ਚੁਭ ਗਈ ਅਤੇ ਉਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿਓਰ ਗੁਰਦੀਪ ਸਿੰਘ ਨੂੰ ਹਮੇਸ਼ਾ ਲਈ ਰਸਤੇ ਵਿੱਚੋਂ ਹਟਾਉਣ ਦਾ ਘਿਨਾਉਣਾ ਪਲਾਨ ਬਣਾ ਲਿਆ।
ਪੁਲਿਸ ਦੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਨਿੱਕੀ @ ਰਮਨ ਆਪਣੇ ਆਸ਼ਿਕ ਜਗਦੇਵ ਸਿੰਘ ਦੇਬੀ ਨਾਲ ਮਿਲ ਕੇ, ਗੁਰਦੀਪ ਸਿੰਘ ਦੀ ਹੱਤਿਆ ਦੀ ਵਿਉਂਤਬੰਦੀ ਕਰੀਬ ਇੱਕ ਮਹੀਨੇ ਤੋਂ ਕਰ ਰਹੀ ਸੀ। ਪਰੰਤੂ ਸਾਰੇ ਹੱਤਿਆ ਦੋਸ਼ੀ, ਇੱਕ ਮੌਕੇ ਇਕੱਠੇ ਨਹੀਂ ਹੋ ਸਕੇ ਸਨ। ਦੌਰਾਨ ਨੇ ਤਫਤੀਸ਼ ਇਹ ਵੀ ਸਾਹਮਣੇ ਆਇਆ ਕਿ ਜਦੋਂ ਗੁਰਦੀਪ ਸਿੰਘ ਨੇ ਆਪਣੀ ਪਤਨੀ ਨੂੰ ਫੋਨ ਕਰਕੇ, ਦੱਸਿਆ ਕਿ ਉਹ ਕੋਠੇ ਸੁਰਜੀਤਪੁਰਾ ਦੇ ਨੇੜੇ ਪਹੁੰਚ ਗਿਆ ਹੈ, ਇਹ ਗੱਲ ਗੁਰਦੀਪ ਦੀ ਘਰਵਾਲੀ ਨੇ ਜਦੋਂ ਇਹ ਗੱਲ ਆਪਣੀ ਸੱਸ ਨੂੰ ਦੱਸੀ ਤਾਂ ਉਸ ਮੌਕੇ ਕਾਤਿਲ ਨਿੱਕੀ ਕੌਰ ਨੇ ਇਹ ਸੁਣ ਕੇ, ਆਪਣੇ ਆਸ਼ਿਕ ਨੂੰ ਫੋਨ ਕਰਕੇ ਦੱਸ ਦਿੱਤਾ, ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਸਾਰੇ ਦੋਸ਼ੀ ਘਾਤ ਲਾ ਕੇ, ਗੱਦਿਆਂ ਵਾਲੀ ਫੈਕਟਰੀ ਕੋਲ ਖੜ੍ਹ ਗਏ ਸਨ। ਜਦੋਂ ਗੁਰਦੀਪ ਉੱਥੇ ਪਹੁੰਚਿਆਂ ਤਾਂ ਜਗਦੇਵ ਸਿੰਘ ਦੇਬੀ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਗਵਾ ਕਰ ਲਿਆ। ਉਹ ਆਪਣੇ ਮਨਸੂਬੇ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਏੇ। 
ਸਵਿਫਟ ਕਾਰ ਵਿੱਚ ਅਗਵਾ ਕਰਕੇ ਨਹਿਰ ਵਿੱਚ ਸੁੱਟੀ ਲਾਸ਼
ਸ਼ਾਤਰ ਕਾਤਲਾਂ ਨੇ ਬਹੁਤ ਹੀ ਚਲਾਕੀ ਨਾਲ ਗੁਰਦੀਪ ਸਿੰਘ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਵਾਰਦਾਤ ਸਮੇਂ ਵਰਤੀ ਗਈ ਚਿੱਟੇ ਰੰਗ ਦੀ ਸਵਿਫਟ ਕਾਰ (PB-11-AG 2100) ਰਾਹੀਂ ਉਸ ਨੂੰ ਟਿਕਾਣੇ ਲਗਾ ਦਿੱਤਾ। ਪੁਲਿਸ ਨੇ ਮੁੱਖ ਦੋਸ਼ੀ ਜਗਦੇਵ ਸਿੰਘ ਉਰਫ਼ ਦੇਬੀ ਨੂੰ ਦਬੋਚ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਦੀ ਨਿਸ਼ਾਨਦੇਹੀ ‘ਤੇ ਸਹਿਣਾ ਵਿਖੇ ਨਹਿਰ ਵਿੱਚੋਂ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ। ਇਸ ਖੁਲਾਸੇ ਤੋਂ ਬਾਅਦ ਮੁਕੱਦਮੇ ਵਿੱਚ ਕਤਲ ਦੀ ਧਾਰਾ (103 BNS) ਦਾ ਵਾਧਾ ਕਰ ਦਿੱਤਾ ਗਿਆ।
ਕਾਤਲਾਂ ਦੀ ਲੰਬੀ ਸੂਚੀ ਤੇ ਨਾਮੀ ਲੁਟੇਰਿਆਂ ਦੀ ਐਂਟਰੀ
ਜਿਉਂ-ਜਿਉਂ ਪੁਲਿਸ ਦੀ ਤਫ਼ਤੀਸ਼ ਅੱਗੇ ਵਧੀ, ਇਸ ਖੂਨੀ ਖੇਡ ਵਿੱਚ ਸ਼ਾਮਲ ਹੋਰ ਵੀ ਕਈ ਚਿਹਰੇ ਬੇਨਕਾਬ ਹੋ ਗਏ। ਇਸ ਸਾਜ਼ਿਸ਼ ਵਿੱਚ ਸਿਰਫ਼ ਪ੍ਰੇਮੀ-ਪ੍ਰੇਮਿਕਾ ਹੀ ਨਹੀਂ, ਸਗੋਂ ਅਪਰਾਧਿਕ ਪਿਛੋਕੜ ਵਾਲੇ ਗੁਰਗੇ ਵੀ ਸ਼ਾਮਲ ਸਨ। ਪੁਲਿਸ ਰਿਕਾਰਡ ਮੁਤਾਬਕ ਨਾਮਜ਼ਦ ਦੋਸ਼ੀਆਂ ਵਿੱਚੋਂ ਜਸਪ੍ਰੀਤ ਸਿੰਘ ਉਰਫ਼ ਬੱਬੂ ਅਤੇ ਜਸਨਦੀਪ ਸਿੰਘ ਉਰਫ਼ ਮਿੱਡਾ ਦੋਵੇਂ ਵਾਸੀ ਗੁਰਸੇਵਕ ਨਗਰ ਬਰਨਾਲਾ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ, ਚੋਰੀਆਂ ਅਤੇ ਲੜਾਈ-ਝਗੜੇ ਦੇ 4-4 ਗੰਭੀਰ ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।
ਪੁਲਿਸ ਦਾ ਸ਼ਿਕੰਜਾ: ਭਰਜਾਈ ਸਮੇਤ ਮੁੱਖ ਦੋਸ਼ੀ ਸਲਾਖਾਂ ਪਿੱਛੇ
ਐਸਐਸਪੀ ਮੁਹੰਮਦ ਸਰਫਰਾਜ਼ ਆਲਮ, ਐਸ.ਪੀ. (ਇੰਵੈਸਟੀਗੇਸ਼ਨ) ਸੰਜੀਵ ਗੋਇਲ ਅਤੇ ਡੀ.ਐਸ.ਪੀ. ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ-2 ਦੇ ਮੁੱਖ ਅਫਸਰ ਚਰਨਜੀਤ ਸਿੰਘ ਨੇ ਟੀਮ ਨੇ ਗੁੰਝਲਦਾਰ ਹਾਲਾਤਾਂ ਵਿੱਚ ਇਸ ਅੰਨ੍ਹੇ ਕਤਲ ਦੀ ਉਲਝੇ ਤਾਣੇ-ਬਾਣੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਭਰਜਾਈ ਨਿੱਕੀ ਕੌਰ ਉਰਫ਼ ਰਮਨ, ਜਸਪ੍ਰੀਤ ਸਿੰਘ ਉਰਫ਼ ਬੱਬੂ ਅਤੇ ਪਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਫਰਾਰ ਦੋ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ।
ਇਸ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਦੇ ਨਾਂ ..
-
ਜਗਦੇਵ ਸਿੰਘ ਉਰਫ਼ ਦੇਬੀ ਪੁੱਤਰ ਰਾਜਪਾਲ ਸਿੰਘ ਵਾਸੀ ਪੱਖੋਕੇ (ਮੁੱਖ ਦੋਸ਼ੀ – ਗ੍ਰਿਫ਼ਤਾਰ)
-
ਨਿੱਕੀ ਕੌਰ ਉਰਫ਼ ਰਮਨ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਭੈਣੀ ਪੱਤੀ ਸੇਖਾ (ਮ੍ਰਿਤਕ ਦੀ ਭਰਜਾਈ ਗ੍ਰਿਫ਼ਤਾਰ)
-
ਜਸਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਰਘਵੀਰ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ (ਹਾਲ ਆਬਾਦ ਨੇੜੇ ਭਾਗ ਪੈਲਸ, ਚੀਮਾ) (ਗ੍ਰਿਫ਼ਤਾਰ)
-
ਪਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪੱਖੋਕੇ (ਗ੍ਰਿਫ਼ਤਾਰ)
-
ਜਸਨਦੀਪ ਸਿੰਘ ਉਰਫ਼ ਮਿੱਡਾ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ, ਬਰਨਾਲਾ
-
ਨੀਸੂ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪੱਖੋਕੇ।







