Barnala- ਨਾਮੀ ਡੇਅਰੀਆਂ ਤੇ ਹਲਵਾਈਆਂ ਦੇ ਸੈਂਪਲ ਫੇਲ੍ਹ, ਲੱਖਾਂ ਰੁਪਏ ਦਾ ਠੋਕਿਆ ਜੁਰਮਾਨਾ.!

Advertisement
Spread information

‘ਮਿੱਠਾ ਜ਼ਹਿਰ’.! ਮਿਲਕ ਕੇਕ, ਖੋਆ ਬਰਫ਼ੀ ਤੇ ਪਨੀਰ ਦੇ ਸੈਂਪਲ ਫੇਲ੍ਹ; DC ਤੇ ADC ਦਾ ਵੱਡਾ ਐਕਸ਼ਨ, ਪੜ੍ਹੋ ਪੂਰੀ ਸੂਚੀ

ਹਰਿੰਦਰ ਨਿੱਕਾ, ਬਰਨਾਲਾ 13 ਨਵੰਬਰ 2026

       ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਦਿਆਂ ਵੱਡਾ ਅਤੇ ਸਖ਼ਤ ਐਕਸ਼ਨ ਲਿਆ ਹੈ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਜ਼ਹਿਰੀਲੀ ਮਿਲਾਵਟ ਕਰਨ ਵਾਲੇ ਨਾਮੀ ਅਦਾਰਿਆਂ ਖ਼ਿਲਾਫ਼ ਕਾਨੂੰਨੀ ਹਥੌੜਾ ਚੱਲਿਆ ਹੈ। ਇਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵੱਲੋਂ 10 ਪ੍ਰਮੁੱਖ ਕੇਸਾਂ ਵਿੱਚ ਵੱਖ-ਵੱਖ ਫਰਮਾਂ ਅਤੇ ਮਾਲਕਾਂ ਨੂੰ ਕੁੱਲ 5 ਲੱਖ 50 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ, ਜਿਸ ਨਾਲ ਮਿਲਾਵਟਖੋਰਾਂ ਵਿੱਚ ਹਾਹਾਕਾਰ ਮੱਚ ਗਈ ਹੈ।

       ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਖ਼ੁਲਾਸਾ ਕੀਤਾ ਕਿ ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ ਤੇ ਡੇਅਰੀ ਪਦਾਰਥਾਂ ਵਿੱਚ ਘਟੀਆ ਮਿਲਾਵਟ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਨਮੂਨੇ ਭਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਇਹ ਨਮੂਨੇ ਲੈਬ ਵਿੱਚ ਜਾਂਚ ਲਈ ਭੇਜੇ ਜਾਂਦੇ ਹਨ, ਜਿੱਥੇ ਮਾਪਦੰਡਾਂ ‘ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਦਾਲਤ ਵਿੱਚ ਵਿਚਾਰੇ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈ.ਏ.ਐੱਸ. ਨੇ ਦੱਸਿਆ ਕਿ ਉਨ੍ਹਾਂ ਦੀ ਅਦਾਲਤ ਵਿੱਚ ਸਬ ਸਟੈਂਡਰਡ ਪਾਏ ਗਏ ਨਮੂਨਿਆਂ ਵਿਰੁੱਧ ਕਾਰਵਾਈ ਕਰਦਿਆਂ 10 ਕੇਸਾਂ ਵਿੱਚ ਕੁੱਲ 5,50,000 ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਜਿਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:-                                                 

  1. ਗੁਲਜ਼ਾਰ ਸਿੰਘ (ਸਿੱਧੂ ਡੇਅਰੀ, ਸੰਧੂ ਪੱਤੀ, ਬਰਨਾਲਾ) – ਮਿਕਸ ਦੁੱਧ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 50,000 ਰੁਪਏ ਜੁਰਮਾਨਾ।

  2. ਭੋਲਾ ਸਿੰਘ (ਧਾਲੀਵਾਲ ਡੇਅਰੀ, ਧਨੌਲਾ) – ਮਿਕਸ ਦੁੱਧ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 30,000 ਰੁਪਏ ਜੁਰਮਾਨਾ।

  3. ਕਾਰਤਿਕ (ਕਾਰਤਿਕ ਸਵੀਟਸ, ਬਜਾਖਾਨਾ ਰੋਡ, ਬਰਨਾਲਾ) – ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 75,000 ਰੁਪਏ ਜੁਰਮਾਨਾ।

  4. ਸ਼ੰਕਰ ਸਿੰਘ (ਸ਼੍ਰੀ ਬੀਕਾਨੇਰ ਮਿਸ਼ਠਾਨ ਭੰਡਾਰ, ਧਨੌਲਾ) – ਮਿਲਕ ਕੇਕ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 50,000 ਰੁਪਏ ਜੁਰਮਾਨਾ।

  5. ਕਾਹਨ ਸਿੰਘ (ਓਮ ਬੀਕਾਨੇਰ ਮਿਸ਼ਠਾਨ ਭੰਡਾਰ, ਭਦੌੜ) – ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 50,000 ਰੁਪਏ ਜੁਰਮਾਨਾ।

  6. ਰਾਜੂ ਸਿੰਘ ਅਤੇ ਹੋਰ (ਰਾਜੂ ਬੀਕਾਨੇਰ ਮਿਸ਼ਠਾਨ ਭੰਡਾਰ, ਬਰਨਾਲਾ ਅਤੇ ਸਿੱਧੂ ਡੇਅਰੀ, ਪਿੰਡ ਰਾਜਗੜ੍ਹ) – ਪਨੀਰ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 75,000 ਰੁਪਏ ਜੁਰਮਾਨਾ।

  7. ਜਗਦੀਸ਼ ਸਿੰਘ ਅਤੇ ਹੋਰ (ਪੰਨੂ ਕਰਿਆਨਾ ਸਟੋਰ, ਮਹਿਲ ਕਲਾਂ ਅਤੇ ਸ਼ਿਵਾ ਟਰੇਡਰਜ਼, ਮਾਨਸਾ) – ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 35,000 ਰੁਪਏ ਜੁਰਮਾਨਾ।

  8. ਮੱਖਣ ਖਾਨ ਅਤੇ ਹੋਰ (ਸਾਦਿਕ ਕਰਿਆਨਾ ਸਟੋਰ, ਹੰਡਿਆਇਆ ਅਤੇ ਸਟਾਰ ਫੂਡ ਐਂਡ ਬੇਵਰੇਜਿਜ਼, ਪਿੰਡ ਫਤਿਹਪੁਰ, ਜ਼ਿਲ੍ਹਾ ਪਟਿਆਲਾ) – ਸਰ੍ਹੋਂ ਦੇ ਤੇਲ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 75,000 ਰੁਪਏ ਜੁਰਮਾਨਾ।

  9. ਚਰਨਜੀਤ ਕੁਮਾਰ (ਕੁੰਦਨ ਸਵੀਟਸ, ਸਦਰ ਬਾਜ਼ਾਰ, ਤਪਾ) – ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 60,000 ਰੁਪਏ ਜੁਰਮਾਨਾ।

  10. ਮੰਗੀ ਰਾਮ (ਸ਼੍ਰੀ ਕ੍ਰਿਸ਼ਨਾ ਬ੍ਰਿਜਵਾਸੀ, ਭਦੌੜ) – ਖੋਆ ਬਰਫ਼ੀ ਦਾ ਨਮੂਨਾ ਸਬ ਸਟੈਂਡਰਡ ਪਾਏ ਜਾਣ ‘ਤੇ 50,000 ਰੁਪਏ ਜੁਰਮਾਨਾ।

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਮਾਮਲਿਆਂ ਵਿੱਚ ਹੋਰ ਵੀ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਾ ਜਾ ਸਕੇ।

Advertisement
Advertisement
Advertisement
Advertisement
error: Content is protected !!