ਭਲਕੇ ਅਧਿਆਪਕ ਦਿਵਸ ਤੇ ਵਿਸ਼ੇਸ਼: ਕੁਝ ਗੱਲਾਂ ਦਿਲੋਂ…
“ਜ਼ਿੰਦਗੀ ‘ਚ ਕੁਝ ਲੋਕ ਸਾਨੂੰ ਪੜ੍ਹਾਉਂਦੇ ਹਨ, ਪਰ ਉਹ ਕੌਣ ਹੁੰਦੇ ਨੇ ਕੁਝ ਸਾਨੂੰ ਬਣਾਉਂਦੇ ਹਨ- ਸ਼ਿਵ ਸਿੰਗਲਾ
5 ਸਤੰਬਰ ਨੂੰ ਜਦੋਂ ਅਸੀਂ ਅਧਿਆਪਕ ਦਿਵਸ ਮਨਾਉਂਦੇ ਹਾਂ, ਤਾਂ ਮੇਰੇ ਮਨ ਵਿੱਚ ਸਭ ਤੋਂ ਪਹਿਲਾਂ ਆਪਣੇ ਸਕੂਲ ਜਾਂ ਕਾਲਜ ਦੇ ਉਹ ਅਧਿਆਪਕ ਆਉਂਦੇ ਹਨ, ਜਿਨ੍ਹਾਂ ਦੀਆਂ ਕਹੀਆਂ ਕੁਝ ਗੱਲਾਂ ਅੱਜ ਵੀ ਯਾਦ ਹਨ। ਕਿਤਾਬਾਂ ਦੇ ਕਈ ਪਾਠ ਸ਼ਾਇਦ ਅਸੀਂ ਭੁੱਲ ਗਏ ਹਾਂ, ਪਰ ਕਿਸੇ ਅਧਿਆਪਕ ਵੱਲੋਂ ਦਿੱਤਾ ਹੌਸਲਾ, ਕਿਸੇ ਗਲਤੀ ’ਤੇ ਪਾਈ ਝਿੜਕ ਜਾਂ ਮੁਸ਼ਕਲ ਸਮੇਂ ਕਿਹਾ ਗਿਆ “ਕੋਈ ਗੱਲ ਨਹੀਂ, ਦੁਬਾਰਾ ਕੋਸ਼ਿਸ਼ ਕਰੋ” ਅੱਜ ਵੀ ਯਾਦ ਹੈ।
ਸ਼ਾਇਦ ਇਹੀ ਇੱਕ ਅਧਿਆਪਕ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਉਹ ਬੱਚੇ ਨੂੰ ਸਿਰਫ਼ ਪੜ੍ਹਾਉਂਦਾ ਨਹੀਂ, ਹੌਲੀ-ਹੌਲੀ ਉਸਦੀ ਸ਼ਖ਼ਸੀਅਤ ਘੜਦਾ ਹੈ।
ਅੱਜ ਸਿੱਖਿਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ, ਇੰਟਰਨੈੱਟ ਹੈ, Artificial Intelligence ਹੈ। ਦੁਨੀਆ ਭਰ ਦੀ ਜਾਣਕਾਰੀ ਕੁਝ ਸਕਿੰਟਾਂ ਵਿੱਚ ਉਨ੍ਹਾਂ ਦੇ ਸਾਹਮਣੇ ਆ ਜਾਂਦੀ ਹੈ। ਪਰ ਜਾਣਕਾਰੀ ਮਿਲ ਜਾਣਾ ਅਤੇ ਜ਼ਿੰਦਗੀ ਨੂੰ ਸਮਝ ਲੈਣਾ—ਦੋਵੇਂ ਵੱਖਰੀਆਂ ਗੱਲਾਂ ਹਨ। 
ਬੱਚੇ ਨੂੰ ਇਹ ਕੌਣ ਸਮਝਾਏਗਾ ਕਿ ਹਾਰ ਜਾਣ ਤੋਂ ਬਾਅਦ ਦੁਬਾਰਾ ਕਿਵੇਂ ਖੜ੍ਹਾ ਹੋਣਾ ਹੈ? ਸਫਲਤਾ ਮਿਲਣ ’ਤੇ ਨਿਮਰ ਕਿਵੇਂ ਰਹਿਣਾ ਹੈ? ਦੂਜਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ? ਆਪਣੀ ਯੋਗਤਾ ਨੂੰ ਕਿਵੇਂ ਪਛਾਣਨਾ ਹੈ? ਇੱਥੇ ਅਧਿਆਪਕ ਦੀ ਲੋੜ ਕਦੇ ਖ਼ਤਮ ਨਹੀਂ ਹੋ ਸਕਦੀ।
ਮਾਪਿਆਂ ਨੂੰ ਵੀ ਇੱਕ ਬੇਨਤੀ
ਅਸੀਂ ਸਾਰੇ ਆਪਣੇ ਬੱਚਿਆਂ ਨੂੰ ਸਫਲ ਦੇਖਣਾ ਚਾਹੁੰਦੇ ਹਾਂ। ਚੰਗੇ ਅੰਕ ਆਉਣ, ਵਧੀਆ ਕਾਲਜ ਮਿਲੇ ਅਤੇ ਉਹ ਜ਼ਿੰਦਗੀ ਵਿੱਚ ਵੱਡਾ ਮੁਕਾਮ ਹਾਸਲ ਕਰਨ—ਇਹ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ।
ਪਰ ਇਸ ਦੌੜ ਵਿੱਚ ਕਿਤੇ ਅਸੀਂ ਬੱਚੇ ਦਾ ਬਚਪਨ, ਉਸਦੀ ਖੁਸ਼ੀ ਅਤੇ ਉਸਦੀ ਆਪਣੀ ਪਛਾਣ ਨਾ ਗੁਆ ਬੈਠੀਏ।
ਹਰ ਬੱਚਾ 95% ਲੈਣ ਲਈ ਨਹੀਂ ਬਣਿਆ, ਪਰ ਹਰ ਬੱਚਾ ਕਿਸੇ ਨਾ ਕਿਸੇ ਖੇਤਰ ਵਿੱਚ 100% ਦੇ ਸਕਦਾ ਹੈ।
ਸਾਡੀ ਜ਼ਿੰਮੇਵਾਰੀ ਉਸਦੀ ਤੁਲਨਾ ਕਿਸੇ ਹੋਰ ਬੱਚੇ ਨਾਲ ਕਰਨ ਦੀ ਨਹੀਂ, ਸਗੋਂ ਉਸਦੇ ਅੰਦਰ ਛੁਪੀ ਖੂਬੀ ਨੂੰ ਪਛਾਣਨ ਦੀ ਹੈ।
ਇਸ ਲਈ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਭਰੋਸਾ ਬਹੁਤ ਜ਼ਰੂਰੀ ਹੈ। ਕਈ ਵਾਰ ਵਿਚਾਰ ਵੱਖਰੇ ਹੋ ਸਕਦੇ ਹਨ, ਗੱਲਬਾਤ ਵੀ ਹੋ ਸਕਦੀ ਹੈ, ਪਰ ਬੱਚੇ ਦੇ ਸਾਹਮਣੇ ਅਧਿਆਪਕ ਦਾ ਸਤਿਕਾਰ ਬਣਿਆ ਰਹਿਣਾ ਚਾਹੀਦਾ ਹੈ। ਕਿਉਂਕਿ ਜਿਸ ਅਧਿਆਪਕ ’ਤੇ ਬੱਚੇ ਦਾ ਵਿਸ਼ਵਾਸ ਖ਼ਤਮ ਹੋ ਜਾਵੇ, ਉਸ ਤੋਂ ਸਿੱਖਣ ਦਾ ਰਿਸ਼ਤਾ ਵੀ ਕਮਜ਼ੋਰ ਹੋ ਜਾਂਦਾ ਹੈ।
ਕੁੱਝ ਗੱਲਾਂ ਅਧਿਆਪਕਾਂ ਲਈ
ਅਧਿਆਪਕ ਹੋਣਾ ਆਸਾਨ ਕੰਮ ਨਹੀਂ ਹੈ। ਇੱਕ ਕਲਾਸ ਵਿੱਚ ਬੈਠੇ 30 ਬੱਚੇ ਸਿਰਫ਼ 30 Roll Numbers ਨਹੀਂ ਹੁੰਦੇ। ਉਹ 30 ਵੱਖਰੇ ਸੁਭਾਅ, 30 ਵੱਖਰੀਆਂ ਯੋਗਤਾਵਾਂ, 30 ਵੱਖਰੀਆਂ ਪਰਿਵਾਰਕ ਕਹਾਣੀਆਂ ਅਤੇ 30 ਵੱਖਰੇ ਸੁਪਨੇ ਹੁੰਦੇ ਹਨ।
ਕਿਸੇ ਬੱਚੇ ਨੂੰ ਪੜ੍ਹਾਈ ਸਮਝਣ ਲਈ ਤੁਹਾਡੀ ਲੋੜ ਹੈ, ਕਿਸੇ ਨੂੰ ਅਨੁਸ਼ਾਸਨ ਲਈ, ਕਿਸੇ ਨੂੰ ਹੌਸਲੇ ਲਈ ਅਤੇ ਸ਼ਾਇਦ ਕਿਸੇ ਬੱਚੇ ਨੂੰ ਸਿਰਫ਼ ਇਸ ਗੱਲ ਦੀ ਲੋੜ ਹੈ ਕਿ ਕੋਈ ਉਸਨੂੰ ਕਹੇ—
“ਮੈਨੂੰ ਤੇਰੇ ’ਤੇ ਵਿਸ਼ਵਾਸ ਹੈ।”
ਅਸੀਂ ਸ਼ਾਇਦ ਕਦੇ ਜਾਣ ਵੀ ਨਾ ਸਕੀਏ ਕਿ ਸਾਡਾ ਇੱਕ ਛੋਟਾ ਜਿਹਾ ਹੌਸਲਾ ਕਿਸ ਬੱਚੇ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਅ ਲਿਆ ਗਿਆ।
ਮੇਰੇ ਪਿਆਰੇ ਵਿਦਿਆਰਥੀਆਂ ਲਈ…
ਤੁਹਾਡੇ ਅਧਿਆਪਕ ਹਮੇਸ਼ਾ ਤੁਹਾਡੀ ਹਰ ਗੱਲ ਨਾਲ ਸਹਿਮਤ ਨਹੀਂ ਹੋਣਗੇ। ਕਦੇ ਤੁਹਾਨੂੰ ਟੋਕਣਗੇ, ਕਦੇ ਵੱਧ ਮਿਹਨਤ ਲਈ ਕਹਿਣਗੇ ਅਤੇ ਕਦੇ ਤੁਹਾਡੀ ਗਲਤੀ ਵੀ ਦੱਸਣਗੇ।
ਉਸ ਵੇਲੇ ਸ਼ਾਇਦ ਉਹ ਗੱਲ ਚੰਗੀ ਨਾ ਲੱਗੇ।
ਪਰ ਜ਼ਿੰਦਗੀ ਵਿੱਚ ਅੱਗੇ ਜਾ ਕੇ ਇੱਕ ਦਿਨ ਤੁਹਾਨੂੰ ਅਹਿਸਾਸ ਹੋਵੇਗਾ ਕਿ ਕੁਝ ਲੋਕ ਤੁਹਾਡੇ ਨਾਲ ਸਖ਼ਤ ਇਸ ਲਈ ਸਨ, ਕਿਉਂਕਿ ਉਨ੍ਹਾਂ ਨੂੰ ਤੁਹਾਡੇ ਅੰਦਰ ਉਹ ਸਮਰੱਥਾ ਦਿਖਾਈ ਦਿੰਦੀ ਸੀ ਜੋ ਸ਼ਾਇਦ ਉਸ ਸਮੇਂ ਤੁਹਾਨੂੰ ਖੁਦ ਵੀ ਨਹੀਂ ਦਿਖਦੀ ਸੀ।
ਇਸ ਅਧਿਆਪਕ ਦਿਵਸ ’ਤੇ ਮੇਰੀ ਸਮਾਜ ਨੂੰ ਵੀ ਇੱਕ ਛੋਟੀ ਜਿਹੀ ਬੇਨਤੀ ਹੈ—ਆਓ ਅਧਿਆਪਕ ਨੂੰ ਸਿਰਫ਼ ਇੱਕ profession ਵਜੋਂ ਨਾ ਦੇਖੀਏ। ਇੱਕ ਚੰਗਾ ਅਧਿਆਪਕ ਸਾਲਾਂ ਤੱਕ ਬੱਚਿਆਂ ਵਿੱਚ ਆਪਣਾ ਸਮਾਂ, ਗਿਆਨ, ਧੀਰਜ ਅਤੇ ਭਾਵਨਾਵਾਂ ਲਗਾਉਂਦਾ ਹੈ।
ਇਮਾਰਤਾਂ ਬਣਾਉਣ ਵਾਲੇ ਸ਼ਹਿਰ ਬਣਾਉਂਦੇ ਹਨ, ਪਰ ਅਧਿਆਪਕ ਪੀੜ੍ਹੀਆਂ ਬਣਾਉਂਦੇ ਹਨ।
ਅੰਤ ਵਿੱਚ ਮੈਂ ਆਪਣੇ ਜੀਵਨ ਦੇ ਹਰ ਉਸ ਅਧਿਆਪਕ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸਨੇ ਮੈਨੂੰ ਕੁਝ ਸਿਖਾਇਆ। ਨਾਲ ਹੀ ਹਰ ਉਸ ਅਧਿਆਪਕ ਨੂੰ ਨਮਨ, ਜੋ ਅੱਜ ਕਿਸੇ ਕਲਾਸਰੂਮ ਵਿੱਚ ਬੈਠੇ ਬੱਚੇ ਦੇ ਅੰਦਰ ਇੱਕ ਸੁਪਨਾ ਜਗਾ ਰਿਹਾ ਹੈ।
ਕਿਉਂਕਿ ਇੱਕ ਅਧਿਆਪਕ ਨੂੰ ਸ਼ਾਇਦ ਆਪਣੀ ਜ਼ਿੰਦਗੀ ਵਿੱਚ ਇਹ ਪਤਾ ਵੀ ਨਾ ਲੱਗੇ ਕਿ ਉਸਨੇ ਕਿੰਨੀਆਂ ਜ਼ਿੰਦਗੀਆਂ ਬਦਲ ਦਿੱਤੀਆਂ। ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਦਿਲੋਂ ਮੁਬਾਰਕਾਂ।
ਸ਼ਿਵ ਸਿੰਗਲਾ
ਮੈਨੇਜਿੰਗ ਡਾਇਰੈਕਟਰ
ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ







