ਬਾਰ ਚੋਣਾਂ- ਤਿਕੋਣੇ ਮੁਕਾਬਲੇ ‘ਚ ਮੌਜੂਦਾ ਪ੍ਰਧਾਨ ਨੂੰ ਪਹਿਲੀ ਵਾਰ ਮੈਦਾਨ ‘ਚ ਨਿੱਤਰੇ ਵਕੀਲ ਨੇ ਦਿੱਤੀ ਮਾਤ,

Advertisement
Spread information

ਬਰਨਾਲਾ ਬਾਰ ਐਸੋਸੀਏਸ਼ਨ ‘ਚ ਵੱਡਾ ਫੇਰਬਦਲ:  ਬਹਾਦਰਪੁਰੀਆ ਨੇ ਪਹਿਲੀ ਹੀ ਚੋਣ ‘ਚ ਰਚਿਆ ਇਤਿਹਾਸ

ਭਾਈਚਾਰਕ ਸਾਂਝ ਤੇ ਸਮੱਸਿਆਵਾਂ ਦਾ ਹੱਲ ਹੋਵੇਗਾ ਪਹਿਲ: ਨਵੇਂ ਪ੍ਰਧਾਨ ਦਾ ਐਲਾਨ

ਰਘਬੀਰ ਹੈਪੀ, ਬਰਨਾਲਾ 11 ਸਤੰਬਰ 2026
    ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀਆਂ ਸਾਲਾਨਾ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 33 ਸਾਲਾਂ ਦੇ ਲੰਬੇ ਵਕਾਲਤ ਦੇ ਕਰੀਅਰ ਵਿੱਚ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਸੀਨੀਅਰ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਇੱਕ ਫਸਵੇਂ ਤਿਕੋਣੇ ਮੁਕਾਬਲੇ ਵਿੱਚ ਮੌਜੂਦਾ ਪ੍ਰਧਾਨ ਐਡਵੋਕੇਟ ਪੰਕਜ ਬਾਂਸਲ ਨੂੰ ਪਛਾੜ ਕੇ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।               ਚੋਣ ਕਮੇਟੀ ਦੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਨਿਰਭੈ ਸਿੰਘ ਸਿੱਧੂ ਨੇ ਨਤੀਜਿਆਂ ਦੀ ਤਫ਼ਸੀਲ ਸਾਂਝੀ ਕਰਦਿਆਂ ਦੱਸਿਆ ਕਿ ਕੁੱਲ 511 ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਵਿੱਚੋਂ 3 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰਧਾਨਗੀ ਦੇ ਮੁਕਾਬਲੇ ਵਿੱਚ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੂੰ 241 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਨੇੜਲੇ ਮੁਕਾਬਲੇਬਾਜ਼ ਐਡਵੋਕੇਟ ਪੰਕਜ ਬਾਂਸਲ ਨੂੰ 224 ਅਤੇ ਤੀਜੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਗਿੱਲ ਨੂੰ 44 ਵੋਟਾਂ ਪ੍ਰਾਪਤ ਹੋਈਆਂ। ਇਸ ਦੇ ਨਾਲ ਹੀ ਬਾਕੀ ਅਹੁਦਿਆਂ ‘ਤੇ ਚੁਣੇ ਗਏ ਨਵੇਂ ਅਹੁਦੇਦਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਮੀਤ ਪ੍ਰਧਾਨ: ਐਡਵੋਕੇਟ ਹਿਮਾਂਸ਼ੂ
* ਐਡੀਸ਼ਨਲ ਮੀਤ ਪ੍ਰਧਾਨ: ਐਡਵੋਕੇਟ ਭਾਵਨਾ ਮਾਰਕੰਡਾ
* ਸੈਕਟਰੀ: ਐਡਵੋਕੇਟ ਅਨੂ ਸ਼ਰਮਾ
* ਕੈਸ਼ੀਅਰ: ਐਡਵੋਕੇਟ ਨਿਸ਼ਾਂਤ ਬਾਂਸਲ
* ਜੁਆਇੰਟ ਸੈਕਟਰੀ: ਐਡਵੋਕੇਟ ਰਾਜ ਕੌਰ
     ਇਹ ਸਮੁੱਚੀ ਚੋਣ ਪ੍ਰਕਿਰਿਆ ਰਿਟਰਨਿੰਗ ਅਫ਼ਸਰ ਐਡਵੋਕੇਟ ਜਗਦੀਪ ਸਿੰਘ ਸੰਧੂ ਅਤੇ 7 ਏ.ਆਰ.ਓ. (ਐਡਵੋਕੇਟ ਨਿਰਭੈ ਸਿੰਘ ਸਿੱਧੂ, ਕੁਲਵਿਜੇ ਸਿੰਘ, ਯੋਗੇਸ਼ ਗੁਪਤਾ, ਜਸਪ੍ਰੀਤ ਸਿੰਘ ਗਿੱਲ, ਸਿਮਰਨਜੀਤ ਕੌਰ ਪੁਰਬਾ, ਕਰਨ ਅਵਤਾਰ ਕਪਿਲ ਅਤੇ ਗੁਰਮੀਤ ਸਿੰਘ) ਦੀ ਦੇਖ-ਰੇਖ ਹੇਠ ਅਮਨ-ਅਮਾਨ ਨਾਲ ਨੇਪਰੇ ਚੜ੍ਹੀ।
    ਜਿੱਤ ਤੋਂ ਬਾਅਦ ਨਵੇ ਚੁਣੇ ਪ੍ਰਧਾਨ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਸਮੂਹ ਬਾਰ ਮੈਂਬਰਾਂ, ਮੁਨਸ਼ੀਆਂ ਅਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਆਪਣੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਰ ਅਤੇ ਜੁਡੀਸ਼ਲ ਅਧਿਕਾਰੀਆਂ ਦਰਮਿਆਨ ਬਿਹਤਰ ਤਾਲਮੇਲ ਬਣਾਉਣਾ, ਵਕੀਲਾਂ ਦੇ ਚੈਂਬਰਾਂ ਅਤੇ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ ਬਾਰ ਵਿੱਚ ਪਿਛਲੇ ਕੁਝ ਸਮੇਂ ਤੋਂ ਬਣੇ ਖਿੱਚੋਤਾਣ ਵਾਲੇ ਮਾਹੌਲ ਨੂੰ ਖ਼ਤਮ ਕਰਕੇ ਵਕੀਲਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਮੁੱਖਤਾ ਹੋਵੇਗੀ।
Advertisement
Advertisement
Advertisement
Advertisement
error: Content is protected !!