“ਲਾਰਿਆਂ ਤੋਂ ਬਾਅਦ ਹੁਣ ਧਮਕੀਆਂ ‘ਤੇ ਆਈ ਸਰਕਾਰ”
ਹਰਿੰਦਰ ਨਿੱਕਾ, ਬਰਨਾਲਾ 8 ਸਤੰਬਰ 2026
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਦਰਕਿਨਾਰ ਕਰਨ ਅਤੇ ਮਸਲੇ ਹੱਲ ਕਰਨ ਦੀ ਬਜਾਏ ਧਮਕਾਊ ਰਵੱਈਆ ਅਪਣਾਉਣ ਵਿਰੁੱਧ ਰੋਸ ਦੀ ਅੱਗ ਹੋਰ ਭੜਕ ਗਈ ਹੈ। 27 ਅਗਸਤ ਦੇ ਪੰਜਾਬ ਮਹਾਂਬੰਦ ਤੋਂ ਬਾਅਦ ਸਰਕਾਰ ਵੱਲੋਂ ਗੈਰ-ਹਾਜ਼ਰ ਮੁਲਾਜ਼ਮਾਂ ‘ਤੇ ਕਾਰਵਾਈ ਲਈ ਜਾਰੀ ਕੀਤੇ ਪੱਤਰ ਵਾਪਸ ਨਾ ਲੈਣ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਦਿੱਤੀਆਂ ਚੇਤਾਵਨੀਆਂ ਦੇ ਜਵਾਬ ਵਿੱਚ ਅੱਜ ਸਮੁੱਚੇ ਪੰਜਾਬ ਦੇ ਮਨਿਸਟੀਰੀਅਲ ਕਾਮਿਆਂ ਨੇ ਸਰਕਾਰੀ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। 

ਧਮਕੀਆਂ ਬੇਅਸਰ: ‘ਕਲਮ ਛੋੜ, ਕੰਪਿਊਟਰ ਬੰਦ’ ਨਾਲ ਕੰਮਕਾਜ ਪੂਰੀ ਤਰ੍ਹਾਂ ਠੱਪ
ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤਾ 7 ਸਤੰਬਰ ਦਾ ਅਲਟੀਮੇਟਮ ਖ਼ਤਮ ਹੁੰਦਿਆਂ ਹੀ ਅੱਜ ਪੰਜਾਬ ਸਿਵਲ ਸਕੱਤਰੇਤ ਤੋਂ ਲੈ ਕੇ ਸਮੁੱਚੇ ਡਾਇਰੈਕਟੋਰੇਟਾਂ ਅਤੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਸੰਨ੍ਹਾਟਾ ਛਾ ਗਿਆ। ਮੁਲਾਜ਼ਮਾਂ ਨੇ ‘ਕਲਮ ਛੋੜ, ਕੰਪਿਊਟਰ ਬੰਦ’ ਹੜਤਾਲ ਕਰਕੇ ਸਰਕਾਰ ਵਿਰੁੱਧ ਜੰਗੀ ਪੱਧਰ ‘ਤੇ ਮੋਰਚਾ ਖੋਲ੍ਹ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਵਿਖੇ ਮੁੱਖ ਮੰਤਰੀ ਸਹਾਇਤਾ ਕੇਂਦਰ (ਡੀ.ਏ.ਸੀ.) ਦੇ ਸਾਹਮਣੇ ‘ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ’ ਅਤੇ ‘ਸਾਂਝੀ ਤਾਲਮੇਲ ਕਮੇਟੀ’ ਵੱਲੋਂ ਕੀਤੀ ਗਈ ਰੈਲੀ ਵਿੱਚ ਮੁਲਾਜ਼ਮ ਆਗੂਆਂ ਦਾ ਗੁੱਸਾ ਪ੍ਰਤੱਖ ਦੇਖਣ ਨੂੰ ਮਿਲਿਆ। 

ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਆਖਿਆ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਨੂੰ ਸਿਰਫ਼ ਝੂਠੇ ਲਾਰੇ ਲਾਉਂਦੀ ਆ ਰਹੀ ਹੈ, ਪਰ ਹੁਣ ਲਾਰਿਆਂ ਦੀ ਸੀਮਾ ਲੰਘ ਕੇ ਸਰਕਾਰ ਬਦਲੀਆਂ ਅਤੇ ਕਾਰਵਾਈ ਦੀਆਂ ਧਮਕੀਆਂ ‘ਤੇ ਉੱਤਰ ਆਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਬੰਦੀਆਂ ਅਜਿਹੇ ਡਰਾਵਿਆਂ ਤੋਂ ਬਿਲਕੁਲ ਨਹੀਂ ਡਰਨਗੀਆਂ।

ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ ਨੇ ਕਿਹਾ ਕਿ ਨਿਰੰਕੁਸ਼ ਹੋ ਚੁੱਕੀਆਂ ਸਰਕਾਰਾਂ ਖ਼ਿਲਾਫ਼ ਹੁਣ ਹਰ ਸਮੇਂ ਸੰਘਰਸ਼ ਦੇ ਮੈਦਾਨ ‘ਚ ਨਿੱਤਰਨ ਲਈ ਤਿਆਰ ਰਹਿਣਾ ਪਵੇਗਾ। ਉੱਥੇ ਹੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਚੇਤਾਵਨੀ ਦਿੱਤੀ ਕਿ ਜਬਰ ਅਤੇ ਅਨਿਆਂ ਖ਼ਿਲਾਫ਼ ਇਹ ਲੜਾਈ ਕੁਝ ਦਿਨਾਂ ਦੀ ਨਹੀਂ, ਸਗੋਂ ਮਹੀਨਿਆਂ-ਬੱਧੀ ਲੰਬੀ ਚੱਲ ਸਕਦੀ ਹੈ, ਜਿਸ ਲਈ ਮੁਲਾਜ਼ਮ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਹੋਵੇਗਾ ਘਿਰਾਓ
ਰੈਲੀ ਦੌਰਾਨ ਗੁਰਮੀਤ ਸਿੰਘ ਸੁਖਪੁਰਾ, ਜਗਤਾਰ ਸਿੰਘ ਜਗੀਰਾ, ਮੋਹਨ ਸਿੰਘ ਛੰਨਾ, ਦਰਸ਼ਨ ਸਿੰਘ, ਬਲਵਿੰਦਰ ਸਿੰਘ (ਪੰਜਾਬ ਪੁਲਿਸ), ਬਲਵਿੰਦਰ ਸਿੰਘ ਪ੍ਰਭੂ (ਡੀ.ਟੀ.ਐੱਫ.), ਗੁਰਪ੍ਰੀਤ ਸਿੰਘ ਭੋਤਨਾ, ਕੇਵਲ ਸਿੰਘ, ਰੇਸ਼ਮ ਸਿੰਘ, ਜਗਵੰਤ ਸਿੰਘ, ਸੁਖਜੰਟ ਸਿੰਘ (ਪੀ.ਐੱਸ.ਪੀ.ਸੀ.ਐੱਲ.), ਸ਼ਿਵਰਾਜ ਸਿੰਘ, ਰਜਿੰਦਰ ਸਿੰਘ (ਕਾਨੂੰਗੋ ਐਸੋਸੀਏਸ਼ਨ) ਅਤੇ ਗੁਰਵਿੰਦਰ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਖ਼ਰੀ ਸਾਹ ਤੱਕ ਲੜਨ ਦਾ ਪ੍ਰਣ ਲਿਆ। ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਆਉਂਦੀ 13 ਸਤੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸੁਨਾਮ ਸਥਿਤ ਗ੍ਰਹਿ ਦਾ ਹਜ਼ਾਰਾਂ ਦੀ ਗਿਣਤੀ ‘ਚ ਮੁਲਾਜ਼ਮਾਂ ਵੱਲੋਂ ਘਿਰਾਓ ਕੀਤਾ ਜਾਵੇਗਾ।







