ਨਿਊਜ਼ ਨੈਟਵਰਕ, ਨਵੀਂ ਦਿੱਲੀ 4 ਅਕਤੂਬਰ 2026
ਭਾਰਤ ਦੇ ਚੀਫ਼ ਇਲੈਕਸ਼ਨ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਵੱਡੀਆਂ ਮੁਸ਼ਕਲਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ। 2006 ਦੇ ਇੱਕ ਬਹੁ-ਚਰਚਿਤ ਭ੍ਰਿਸ਼ਟਾਚਾਰ ਅਤੇ ਧਾਂਦਲੀ ਦੇ ਮਾਮਲੇ ਵਿੱਚ ਕੇਰਲ ਸਰਕਾਰ ਦੇ ਗ੍ਰਹਿ ਵਿਭਾਗ ਨੇ ਗਿਆਨੇਸ਼ ਕੁਮਾਰ ਵਿਰੁੱਧ ਵਿਜੀਲੈਂਸ ਅਤੇ ਐਂਟੀ-ਕਰਪਸ਼ਨ ਬਿਊਰੋ (VACB) ਨੂੰ ਪੁਰਾਣੀਆਂ ਫਾਈਲਾਂ ਮੁੜ ਖੋਲ੍ਹ ਕੇ ਵਿਸਥਾਰਤ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। 

ਮਲੇਸ਼ੀਅਨ ਕੰਪਨੀ ਦੇ ਠੇਕੇ ਨਾਲ ਜੁੜਿਆ ਹੈ ਮਾਮਲਾ
ਇਹ ਮਾਮਲਾ ਸਾਲ 2006 ਦਾ ਹੈ, ਜਦੋਂ ਆਈ.ਏ.ਐਸ. ਗਿਆਨੇਸ਼ ਕੁਮਾਰ ਕੇਰਲ ਦੇ ਲੋਕ ਨਿਰਮਾਣ ਵਿਭਾਗ (PWD) ਵਿੱਚ ਸਕੱਤਰ ਵਜੋਂ ਤਾਇਨਾਤ ਸਨ। ਉਸ ਸਮੇਂ ‘ਕੇਰਲ ਸਟੇਟ ਟ੍ਰਾਂਸਪੋਰਟ ਪ੍ਰੋਜੈਕਟ’ (KSTP) ਦੇ ਤਹਿਤ ਲਗਭਗ 215 ਕਰੋੜ ਰੁਪਏ ਦੇ ਸੜਕ ਨਿਰਮਾਣ ਦਾ ਕੰਮ ਇੱਕ ਮਲੇਸ਼ੀਆਈ ਕੰਪਨੀ ਨੂੰ ਸੌਂਪਿਆ ਗਿਆ ਸੀ।
ਇੰਜੀਨੀਅਰ ਦੀ ਖੁਦਕੁਸ਼ੀ ਨੇ ਫੜਿਆ ਸੀ ਤੂਲ
ਪ੍ਰੋਜੈਕਟ ਦੌਰਾਨ ਕੰਮ ਕਰ ਰਹੇ ਮਲੇਸ਼ੀਅਨ ਇੰਜੀਨੀਅਰ ਲੀ ਸੀ ਬੇਨ ਨੇ ਅਧਿਕਾਰੀਆਂ ‘ਤੇ ਗੰਭੀਰ ਭ੍ਰਿਸ਼ਟਾਚਾਰ ਅਤੇ ਮਾਨਸਿਕ ਪਰੇਸ਼ਾਨੀ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਦੇਸ਼ ਵਾਪਸ ਜਾ ਕੇ ਖੁਦਕੁਸ਼ੀ ਕਰ ਲਈ ਸੀ। ਦਅਵਾ ਕੀਤਾ ਜਾਂਦਾ ਹੈ ਕਿ ਉਸ ਦੇ ਖੁਦਕੁਸ਼ੀ ਨੋਟ ਵਿੱਚ ਗਿਆਨੇਸ਼ ਕੁਮਾਰ ਦੇ ਨਾਂ ਦਾ ਵੀ ਜ਼ਿਕਰ ਸੀ।
ਮੁੱਢਲੀ ਜਾਂਚ ਦਬਾਉਣ ਦੇ ਲੱਗੇ ਇਲਜ਼ਾਮ
ਉਸ ਸਮੇਂ ਕੇਰਲ ਵਿਜੀਲੈਂਸ ਨੇ ਮੁੱਢਲੀ ਜਾਂਚ ਸ਼ੁਰੂ ਤਾਂ ਕੀਤੀ ਸੀ, ਪਰ ਦੋਸ਼ ਹਨ ਕਿ ਉੱਚ ਪੱਧਰੀ ਦਬਾਅ ਕਾਰਨ ਇਸ ਜਾਂਚ ਨੂੰ ਅਧੂਰਾ ਹੀ ਬੰਦ ਕਰ ਦਿੱਤਾ ਗਿਆ ਸੀ। ਹੁਣ ਮਿਲੀ ਤਾਜ਼ਾ ਸ਼ਿਕਾਇਤ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਰਾਣੀ ਜਾਂਚ ਨਿਰਪੱਖ ਨਹੀਂ ਸੀ, ਜਿਸ ਤੋਂ ਬਾਅਦ ਰਾਜ ਸਰਕਾਰ ਨੇ ਪੂਰੇ ਮਾਮਲੇ ਦੀ ਨਵੇਂ ਸਿਰੇ ਤੋਂ ਵਿਜੀਲੈਂਸ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।







