ਨੂੰਹ ਦੀ ਥਾਂ ਸੱਸ ਨੂੰ ਭੇਜਿਆ ਜੇਲ੍ਹ , 15 ਲੱਖ ‘ਚ ਚਿੱਟੇ ਦੇ ਇੱਕ ਮੁਜਰਮ ਨੂੰ ਕਲੀਨ ਚਿੱਟ…!
ਹਰਿੰਦਰ ਨਿੱਕਾ, ਬਰਨਾਲਾ 17 ਸਤੰਬਰ 2026
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦੇ ਦਾਅਵੇ ਕਰਦਿਆਂ ਦਿਨ-ਰਾਤ ਇੱਕ ਕਰ ਰਹੇ ਹਨ। ਵਿਰੋਧੀ ਧਿਰਾਂ ਸਰਕਾਰ ‘ਤੇ ਸ਼ਬਦੀ ਤੀਰਾਂ ਦੀ ਬੁਛਾੜ ਕਰਕੇ, ਚੁਫੇਰਿਓਂ ਘੇਰ ਰਹੀਆਂ ਹਨ। ਪਰ ਇਸ ਸਿਆਸੀ ਘਮਾਸਾਨ ਦੇ ਵਿਚਕਾਰ ਬਰਨਾਲਾ ਜ਼ਿਲ੍ਹੇ ਤੋਂ ਗਰਾਊਂਡ ਜ਼ੀਰੋ ਦੀ ਇੱਕ ਅਜਿਹੀ ਖ਼ੌਫ਼ਨਾਕ ਅਤੇ ਰੂਹ ਕੰਬਾਊ ਹਕੀਕਤ ਸਾਹਮਣੇ ਆਈ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਦੇ ਕੰਮ ਅਤੇ ਜਾਂਚ ਦੇ ਤੌਰ ਤਰੀਕਿਆਂ ਨੂੰ ਕਟਿਹਰੇ ‘ਚ ਖੜ੍ਹਾ ਕਰ ਦਿੱਤਾ ਹੈ! ਇੱਥੇ ਨਸ਼ੇ ਵਿਰੁੱਧ ਛੇੜੀ ਮੁਹਿੰਮ ਲੋਕਾਂ ਲਈ ਕਾਲ ਅਤੇ ਕੁੱਝ ਭ੍ਰਿਸ਼ਟ ਪੁਲਿਸ ਅਫ਼ਸਰਾਂ ਲਈ ‘ਕੁਬੇਰ ਦਾ ਖ਼ਜ਼ਾਨਾ’ ਬਣ ਚੁੱਕੀ ਹੈ। ਨਸ਼ਾ ਖ਼ਤਮ ਕਰਨ ਦੇ ਨਾਮ ‘ਤੇ ਅੰਕੜਿਆਂ ਦੀ ਖਾਨਾਪੂਰਤੀ ਕੀਤੀ ਜਾ ਰਹੀ ਹੈ, ਜਦਕਿ ਪਰਦੇ ਪਿੱਛੇ ਚਿੱਟੇ ਦੀ ਓਟ ‘ਚ ‘ਕਾਲੀ ਕਮਾਈ’ ਦਾ ਨੰਗਾ ਨਾਚ ਚੱਲ ਰਿਹਾ ਹੈ!

ਖ਼ਾਕੀ ਦਾ ਸ਼ਰਮਨਾਕ ਕਾਰਨਾਮਾ: ਨਸ਼ਾ ਫੜਿਆ ਨੂੰਹ ਤੋਂ.ਤੇ !
ਸੂਤਰਾਂ ਦੇ ਹਵਾਲੇ ਨਾਲ ਜੋ ਸੱਚਾਈ ਸਾਹਮਣੇ ਆਈ ਹੈ, ਉਹ ਹੋਸ਼ ਉਡਾ ਦੇਣ ਵਾਲੀ ਹੈ। ਕੁੱਝ ਹਫਤੇ ਪਹਿਲਾਂ ਬਰਨਾਲਾ ਨਗਰ ਨਿਗਮ ਦੀ ਬੈਕਸਾਈਡ ਕਲੋਨੀ ਦੇ ਇੱਕ ਘਰ ‘ਚ ਪੁਲਿਸ ਨੇ ਛਾਪੇਮਾਰੀ ਕੀਤੀ। ਮੌਕੇ ‘ਤੇ ਇੱਕ ਔਰਤ ਤੋਂ ਚਿੱਟਾ, ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ ਹੋਈਆਂ। ਪਰ ਅਸਲੀ ਖੇਡ ਤਾਂ ਪਰਚਾ ਦਰਜ ਕਰਨ ਵੇਲੇ ਖੇਡੀ ਗਈ ! ਨਸ਼ਾ ਨੂੰਹ ਕੋਲੋਂ ਫੜਿਆ ਗਿਆ, ਦੋਸ਼ੀ ਬੇਖੌਫ ਬਾਹਰ ਘੁੰਮ ਰਹੀ ਐ ਅਤੇ ਪੁਲਿਸ ਨੇ ਤਸਕਰ ਨਾਲ ਸਾਜਬਾਜ ਕਰਕੇ, ਬਲੀ ਦਾ ਬੱਕਰਾ ਉਹਦੀ ਸੱਸ ਨੂੰ ਬਣਾ ਧਰਿਆ । ਤਾਂ ਕਿ ਤਸਕਰ ਦਾ ਧੰਦਾ ਵੀ ਚਲਦਾ ਰਹੇ ਤੇ ਪੁਲਿਸ ਦੀ ਜੇਬ ਵੀ ਗਰਮ ਹੁੰਦੀ ਰਵ੍ਹੇ ! ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਲੱਖਾਂ ਰੁਪਏ ਦੇ ਮਾਲ-ਏ-ਮੁਫ਼ਤ ਵਿੱਚੋਂ ਕਿਹੜੇ-ਕਿਹੜੇ ਸਾਹਿਬ ਦੀ ਜੇਬ ਗਰਮ ਹੋਈ?
ਲੱਖਾਂ ‘ਚ ਹੋਇਆ ਸੌਦਾ ਅਤੇ ਮੁਲਜ਼ਮ ਆਜ਼ਾਦ !
ਦੂਜੀ ਘਟਨਾ ਥਾਣਾ ਮਹਿਲ ਕਲਾਂ ਦੇ ਇੱਕ ਪਿੰਡ ਦੀ ਹੈ, ਜਿੱਥੇ ਪੁਲਿਸ ਨੇ ਇੱਕ ਵੱਡੇ ਜਿਮੀਦਾਰ ਦੇ ਘਰ ਧਾਵਾ ਬੋਲ ਕੇ ਤਸਕਰ ਨੂੰ ਚਿੱਟੇ ਸਮੇਤ ਰੰਗੇ ਹੱਥੀਂ ਦਬੋਚ ਲਿਆ। ਪਰ ਪੁਲਿਸ ਦੀ ਹਿਰਾਸਤ ਦੌਰਾਨ ਹੀ ਅਜਿਹੀ ‘ਬੋਲੀ’ ਲੱਗੀ ਕਿ ਕਰੀਬ 15 ਲੱਖ ਰੁਪਏ ਦਾ ਲੈਣ-ਦੇਣ ਹੁੰਦੇ ਹੀ ਦੋਸ਼ੀ ਨੂੰ ਕਲੀਨ ਚਿੱਟ ਦੇ ਕੇ ਬਾ-ਇੱਜ਼ਤ ਘਰ ਤੋਰ ਦਿੱਤਾ ਗਿਆ ! ਨੋਟਾਂ ਦੇ ਬੰਡਲ ਅਫ਼ਸਰਾਂ ਦੇ ਘਰੀਂ ਪਹੁੰਚ ਗਏ। ਪਰ ਸਭ ਤੋਂ ਭਿਆਨਕ ਸਵਾਲ ਇਹ ਹੈ ਕਿ ਉਹ ਬਰਾਮਦ ਹੋਇਆ ‘ਚਿੱਟਾ’ ਆਖਿਰ ਕਿੱਥੇ ਗਿਆ.? ਕੀ ਉਹ ਮੌਤ ਦਾ ਸਾਮਾਨ ਹੁਣ ਕਿਸੇ ਹੋਰ ਮਾਂ ਦੇ ਪੁੱਤ ਦੀ ਬਲੀ ਲੈਣ ਲਈ ਸੰਭਾਲ ਕੇ ਰੱਖ ਲਿਆ ਗਿਆ ਹੈ ?
ਮੁੜ ਆਇਆ ਖਾੜਕੂਵਾਦ ਦਾ ਕਾਲਾ ਦੌਰ ?
ਇਸ ਵੇਲੇ ਬਰਨਾਲਾ ਪੁਲਿਸ ਪ੍ਰਸ਼ਾਸਨ ਇੱਕੋ ਹੀ ਬਾ-ਰਸੂਖ ਵਿਅਕਤੀ ਦੇ ਇਸ਼ਾਰਿਆਂ ‘ਤੇ ਕੱਠਪੁਤਲੀ ਵਾਂਗ ਨੱਚ ਰਿਹਾ ਹੈ। ਲੋਕਾਂ ‘ਚ ਅਜਿਹਾ ਖ਼ੌਫ਼ ਹੈ ਕਿ ਉਨ੍ਹਾਂ ਦੀ ਹਾਲਤ ‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ’ ਵਾਲੀ ਬਣੀ ਹੋਈ ਹੈ। ਕੁੱਝ ਪੁਲਿਸ ਅਫਸਰਾਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਬੇਕਿਰਕ ਲੁੱਟ ਦੇ ਬਾਵਜੂਦ ਲੋਕ ਸ਼ਿਕਾਇਤ ਕਰਨ ਤਾਂ ਕੀਹਦੇ ਕੋਲ..?
ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਜੌਕਾ ਮੰਜ਼ਰ 90 ਵਿਆਂ ਦੇ ਅੱਤਵਾਦ ਦੇ ਦੌਰ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਉਦੋਂ ਖਾੜਕੂਵਾਦ ਦੇ ਨਾਮ ‘ਤੇ ਪਰਿਵਾਰਾਂ ਨੂੰ ਲੁੱਟਿਆ ਜਾਂਦਾ ਸੀ, ਅਤੇ ਅੱਜ ‘ਯੁੱਧ-ਨਸ਼ੇ-ਵਿਰੁੱਧ’ ਦੇ ਨਾਮ ‘ਤੇ ਲੁੱਟ-ਖੋਹ ਦਾ ਉਹੀ ਖੂਨੀ ਖੇਡ ਦੁਹਰਾਇਆ ਜਾ ਰਿਹਾ ਹੈ। ਬੱਸ ਨਾਮ ਬਦਲਿਆ ਹੈ, ਤਰੀਕਾ ਉਹੀ ਹੈ!
ਈ.ਡੀ. (ED) ਜਾਂ ਸੀ.ਬੀ.ਆਈ. (CBI) ਜਾਂਚ ਜਰੂਰੀ !
ਇੱਕ ਸੀਨੀਅਰ ਵਕੀਲ ਅਤੇ ਆਰਟੀਆਈ ਐਕਟੀਵਿਸਟ ਦਾ ਦਾਅਵਾ ਹੈ ਕਿ ਪੁਲਿਸ, ਤਸਕਰਾਂ, ਗੁੰਡਿਆਂ ਅਤੇ ਵਿਚੋਲਿਆਂ ਦੇ ਇਸ ਗਠਜੋੜ (Nexus) ਨੂੰ ਬੇਨਕਾਬ ਕਰਨ ਲਈ ਸਥਾਨਕ ਜਾਂਚ ਕਾਫ਼ੀ ਨਹੀਂ ਹੈ। ਜੇਕਰ ਇਸ ਪੂਰੇ ਗਿਰੋਹ ਦੀ ਈ.ਡੀ. ਜਾਂ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ, ਤਾਂ ਬੇਨਾਮੀ ਜਾਇਦਾਦਾਂ, ਕਾਲੇ ਧੰਦਿਆਂ ਅਤੇ ਅਰਬਾਂ ਦੇ ਅੰਬਾਰ ਦਾ ਅਜਿਹਾ ਪਰਦਾਫਾਸ਼ ਹੋਵੇਗਾ ਕਿ ਪੂਰੇ ਸੂਬੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ!







