ਬਰਨਾਲਾ ‘ਚ ਦਿਨ-ਦਿਹਾੜੇ ਖ਼ੌਫ਼ਨਾਕ ਵਾਰਦਾਤ..!

Advertisement
Spread information

ਧੌਣ ‘ਤੇ ਟੈਟੂ ਤੇ ਹੱਥ ‘ਚ ਲੋਹੇ ਦੀ ਰਾਡ ਲੈ ਕੇ ਘਰ ‘ਚ ਦਾਖ਼ਲ ਹੋਇਆ ਲੁਟੇਰਾ..!

ਹਰਿੰਦਰ ਨਿੱਕਾ, ਬਰਨਾਲਾ 8 ਅਕਤੂਬਰ 2026
     ਬਰਨਾਲਾ ਸ਼ਹਿਰ ਵਿੱਚ ਬੇਖ਼ੌਫ਼ ਚੋਰ-ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਨਹੀਂ ਰਿਹਾ। ਸ਼ਹਿਰ ਦੀ ਧੁਰ ਅੰਦਰਲੀ ਅਤੇ ਸੰਘਣੀ ਅਬਾਦੀ ਵਾਲੇ ਇਲਾਕੇ ‘ਚ ਦਿਨ-ਦਿਹਾੜੇ ਹੋਈ ਇੱਕ ਰੂਹ ਕੰਬਾਊ ਘਟਨਾ ਨੇ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪਹਿਲਾਂ ਮਾਰੀ ਬੈੱਲ, ਫਿਰ ਕੰਧ ਟੱਪ ਕੇ ਘਰ ‘ਚ ਵੜਿਆ !
    ਘਟਨਾ ਕੱਚਾ ਕਾਲਜ ਰੋਡ ਦੀ ਗਲੀ ਨੰਬਰ 8 ਦੀ ਹੈ, ਜਿੱਥੇ ਉੱਘੇ ਲੇਖਕ ਅਤੇ ਪ੍ਰਸਿੱਧ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਜੀ ਦੀ ਰਿਹਾਇਸ਼ ਹੈ। ਦੁਪਹਿਰ 12 ਵਜੇ ਦੇ ਕਰੀਬ ਪੀਲੀ ਟੀ-ਸ਼ਰਟ ਅਤੇ ਚਿੱਟੀ ਨਿੱਕਰ ਪਾਈ ਇੱਕ ਸ਼ਾਤਰ ਲੁਟੇਰੇ ਨੇ ਪਹਿਲਾਂ ਗੁਆਂਢੀਆਂ ਦੇ ਘਰ ਦੀ ਬੈੱਲ ਖੜਕਾ ਕੇ ਬਹਾਨੇ ਨਾਲ ਪਤਾ ਕੀਤਾ ਕਿ ਸਾਹਮਣੇ ਵਾਲਾ ਘਰ ਖਾਲੀ ਹੈ ਜਾਂ ਨਹੀਂ। ਜਿਵੇਂ ਹੀ ਉਸ ਨੂੰ ਘਰ ਬੰਦ ਹੋਣ ਦਾ ਪਤਾ ਲੱਗਾ, ਉਹ ਤੁਰੰਤ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ।
ਲੋਹੇ ਦੀ ਰਾਡ ਦੇਖ, ਅੰਦਰ ਸੁੱਤੇ ਕਿਰਾਏਦਾਰ ਦੇ ਉੱਡੇ ਹੋਸ਼!
     ਲੁਟੇਰੇ ਨੇ ਆਪਣੇ ਨਾਲ ਲਿਆਂਦੀ ਲੋਹੇ ਦੀ ਇੱਕ ਵੱਡੀ ਅਤੇ ਭਾਰੀ ਰਾਡ ਨਾਲ ਘਰ ਦੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ। ਦੋ ਦਰਵਾਜ਼ੇ ਤੋੜਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਜਦੋਂ ਉਸ ਨੇ ਤੀਜੇ ਦਰਵਾਜ਼ੇ ਨੂੰ ਨਿਸ਼ਾਨਾ ਬਣਾਇਆ  ਤਾਂ ਅੰਦਰ ਦਾ ਮੰਜ਼ਰ ਦੇਖ ਕੇ ਖ਼ੌਫ਼ਨਾਕ ਸਥਿਤੀ ਬਣ ਗਈ। ਘਰ ਵਿੱਚ ਟਰਾਈਡੈਂਟ ਕੰਪਨੀ ਦਾ ਇੱਕ ਮੁਲਾਜ਼ਮ, ਜੋ ਨਾਈਟ ਡਿਊਟੀ ਕਰਕੇ ਸੁੱਤਾ ਪਿਆ ਸੀ, ਅਚਾਨਕ ਜਾਗ ਪਿਆ।
ਪੈ ਗਿਆ ਰੌਲਾ, ਓਹ ਮੌਕੇ ਤੋਂ ਫ਼ਰਾਰ!
     ਗਰਦਨ ਅਤੇ ਬਾਹਾਂ ‘ਤੇ ਟੈਟੂ ਬਣਵਾਏ, ਹੱਥ ‘ਚ ਲੋਹੇ ਦੀ ਰਾਡ ਲਹਿਰਾਉਂਦੇ ਲੁਟੇਰੇ ਨੂੰ ਸਾਹਮਣੇ ਦੇਖ ਕੇ ਨੌਜਵਾਨ ਦੇ ਹੋਸ਼ ਉੱਡ ਗਏ। ਨੌਜਵਾਨ ਨੇ ਬਿਨਾਂ ਡਰੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਘਬਰਾ ਕੇ ਲੁਟੇਰਾ ਆਪਣੀ ਲੋਹੇ ਦੀ ਰਾਡ ਉੱਥੇ ਹੀ ਛੱਡ ਕੇ ਬਾਹਰਲੀ ਕੰਧ ਟੱਪ ਕੇ ਰਫੂ-ਚੱਕਰ ਹੋ ਗਿਆ।
     ਘਰ ਦੇ ਮਾਲਕ ਅਮਿੱਤ ਮਿੱਤਰ ਨੇ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਇਸ ਤਰ੍ਹਾਂ ਦੀ ਜਾਨਲੇਵਾ ਵਾਰਦਾਤ ਹੋਣਾ ਬਹੁਤ ਹੀ ਗੰਭੀਰ ਚਿੰਤਾ ਦਾ ਦਾ ਵਿਸ਼ਾ ਹੈ। ਜੇਕਰ ਕਿਰਾਏਦਾਰ ਸਮੇਂ ਸਿਰ ਰੌਲਾ ਨਾ ਪਾਉਂਦਾ ਤਾਂ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਘਟਨਾ ਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਕਿਰਾਏਦਾਰਾਂ ਵਿੱਚ ਬੇਹੱਦ ਦਹਿਸ਼ਤ ਹੈ। ਘਰ ਦੇ ਮਾਲਿਕ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਨੱਥ ਪਾਈ ਜਾਵੇ।
Advertisement
Advertisement
Advertisement
Advertisement
error: Content is protected !!