ਹਰਿੰਦਰ ਨਿੱਕਾ, ਬਰਨਾਲਾ 28 ਅਗਸਤ 2026
ਲਗਜ਼ਰੀ ਗੱਡੀਆਂ ਦਾ ਸ਼ੌਂਕ ਅਤੇ ਰਾਤੋ-ਰਾਤ ਅਮੀਰ ਬਣਨ ਦਾ ਚਸਕਾ! ਬਰਨਾਲਾ ‘ਚ ਸ਼ਾਨਦਾਰ ਗੱਡੀਆਂ ਦੀ ਆੜ ਹੇਠ ਚੱਲ ਰਹੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਇੱਕ ਬਹੁਤ ਹੀ ਚਲਾਕ ਗਿਰੋਹ ਦਾ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਪਰਦਾਫਾਸ਼ ਕੀਤਾ ਹੈ। ਚੰਡੀਗੜ੍ਹ ਤੋਂ ਸਸਤੇ ਭਾਅ ‘ਤੇ ਸ਼ਰਾਬ ਲਿਆ ਕੇ ਮਹਿੰਗੀਆਂ ਕਾਰਾਂ ਵਿੱਚ ਢੋਣ ਅਤੇ ਇਲਾਕੇ ‘ਚ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਪੁਲਿਸ ਨੇ ਖੁਫੀਆ ਢੰਗ ਨਾਲ ਜਾਲ ਵਿਛਾ ਕੇ ਧਰ ਦਬੋਚਿਆ ਹੈ। ਰੇਡ ਦੌਰਾਨ ਮੌਕੇ ‘ਤੇ ਇੱਕ ਸੁਰਮਈ ਰੰਗ ਦੀ ਲਗਜ਼ਰੀ ਕਰੂਜ਼ ਕਾਰ ਸਮੇਤ 45 ਕੇਸ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕਰਕੇ ਪੁਲਿਸ ਨੇ ਤਸਕਰਾਂ ਦੇ ਸਾਰੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਹੈ।

ਲਗਜ਼ਰੀ ਕਾਰ ਬਣੀ ਤਸਕਰੀ ਦਾ ਜ਼ਰੀਆ
ਬਰਨਾਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਜ਼ੋਰਾਂ ‘ਤੇ ਚੱਲ ਰਿਹਾ ਸੀ। ਪੁਲਿਸ ਨੂੰ ਚਕਮਾ ਦੇਣ ਲਈ ਤਸਕਰ ਆਮ ਗੱਡੀਆਂ ਦੀ ਬਜਾਏ ਲਗਜ਼ਰੀ ਕਾਰਾਂ ਦਾ ਇਸਤੇਮਾਲ ਕਰ ਰਹੇ ਸਨ। ਪਰ ਐਕਸਾਈਜ਼ ਟੀਮ ਅਤੇ ਥਾਣਾ ਸਿਟੀ-1 ਬਰਨਾਲਾ ਦੀ ਚੌਕਸੀ ਨੇ ਇਹਨਾਂ ਦਾ ਇਹ ‘ਹਾਈ-ਟੈਕ’ ਤਰੀਕਾ ਫੇਲ੍ਹ ਕਰ ਦਿੱਤਾ।
ਚੈਕਿੰਗ ਦੌਰਾਨ ਮਿਲੀ ਪੱਕੀ ਸੂਚਨਾ
ਥਾਣਾ ਸਿਟੀ ਬਰਨਾਲਾ ਦੀ ਪੁਲਿਸ ਟੀਮ (ਐੱਚ.ਸੀ. ਗੁਰਸੇਵਕ ਸਿੰਘ, ਲੇਡੀ ਕਾਂਸਟੇਬਲ ਹਰਮਨਪ੍ਰੀਤ ਕੌਰ ਆਦਿ) ਵਾਲਮੀਕ ਚੌਂਕ ‘ਚ ਚੈਕਿੰਗ ‘ਤੇ ਤਾਇਨਾਤ ਸੀ। ਇਸੇ ਦੌਰਾਨ ਈ.ਟੀ.ਓ. ਤੇਜ਼ਿੰਦਰ ਗਰਗ ਅਤੇ ਐਕਸਾਈਜ਼ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਐਕਸਾਈਜ਼ ਟੀਮ (ਏ.ਐੱਸ.ਆਈ. ਚਮਕੌਰ ਸਿੰਘ, ਐੱਚ.ਸੀ. ਬਲਰਾਮ, ਐੱਚ.ਸੀ. ਪਾਲ ਸਿੰਘ) ਵੀ ਉੱਥੇ ਪੁੱਜੀ। ਇੱਥੇ ਇੱਕ ਮੁਖ਼ਬਰ ਖਾਸ ਨੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ ਉਰਫ਼ ਸੁੱਖੀ (ਹੰਡਿਆਇਆ ਰੋਡ, ਬਰਨਾਲਾ) ਅਤੇ ਗੁਰਪ੍ਰੀਤ ਸਿੰਘ (ਵਾਸੀ ਬੀਹਲਾ) ਆਪਣੀ ਸੁਰਮਈ ਰੰਗ ਦੀ ਕਰੂਜ਼ ਕਾਰ (PB-10DF-1125) ‘ਚ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲੱਦ ਕੇ ਅਨਾਜ ਮੰਡੀ ਬਰਨਾਲਾ ਵੱਲ ਵੇਚਣ ਆ ਰਹੇ ਹਨ।
ਘੇਰਾਬੰਦੀ ਕਰਕੇ ਦਬੋਚੇ ਦੋਸ਼ੀ
ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਅਨਾਜ ਮੰਡੀ ਵਾਲੇ ਪਾਸੇ ਟਰੈਪ ਲਗਾਇਆ। ਜਿਵੇਂ ਹੀ ਸ਼ੱਕੀ ਕਰੂਜ਼ ਕਾਰ ਉੱਥੇ ਪਹੁੰਚੀ, ਟੀਮਾਂ ਨੇ ਚਾਰੇ ਪਾਸਿਓਂ ਘੇਰ ਕੇ ਗੱਡੀ ਨੂੰ ਰੋਕ ਲਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਚੰਡੀਗੜ੍ਹ ਮਾਰਕਾ ਠੇਕਾ ਦੇਸੀ ਸ਼ਰਾਬ ਦੇ 45 ਕੇਸ ਬਰਾਮਦ ਹੋਏ, ਜਿਨ੍ਹਾਂ ਦਾ ਕੋਈ ਲਾਇਸੰਸ ਜਾਂ ਪਰਮਿਟ ਦੋਸ਼ੀਆਂ ਕੋਲ ਨਹੀਂ ਸੀ।
ਪੁਲਿਸ ਕਾਰਵਾਈ
ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਦੋਵਾਂ ਦੋਸ਼ੀਆਂ ਸੁਖਚੈਨ ਸਿੰਘ ਉਰਫ਼ ਸੁੱਖੀ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਅਬਕਾਰੀ ਐਕਟ ਦੀ ਧਾਰਾ 61/1/14 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਗਿਰੋਹ ਦੀਆਂ ਹੋਰ ਤਾਰਾਂ ਨੂੰ ਫੋਲਣ ‘ਚ ਜੁਟੀ ਹੋਈ ਹੈ।







