ਸੁਜੀਤ ਜੱਲ੍ਹਣ, ਨਵੀਂ ਦਿੱਲੀ 14 ਅਗਸਤ 2026
ਦੇਸ਼ ਭਰ ਵਿੱਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦੇ ਨਾਲ-ਨਾਲ ਦੇਸ਼ ਭਗਤੀ ਦਾ ਅਨੋਖਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੇ ਇਤਿਹਾਸਕ ਭਾਰਤ ਮੰਡਪਮ ਵਿਖੇ ‘ਹਰ ਘਰ ਤਿਰੰਗਾ ਬਾਈਕ ਰੈਲੀ-2026’ ਦੇ ਆਯੋਜਨ ਨਾਲ ਪੂਰੀ ਰਾਜਧਾਨੀ ‘ਤਿਰੰਗੇ’ ਦੇ ਰੰਗ ‘ਚ ਰੰਗੀ ਗਈ। ਉਪ ਰਾਸ਼ਟਰਪਤੀ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਇਸ ਵਿਸ਼ੇਸ਼ ਰੈਲੀ ਵਿੱਚ ਪਦਮ ਸ੍ਰੀ ਰਾਜਿੰਦਰ ਗੁਪਤਾ ਸਮੇਤ ਕਈ ਦਿਗੱਜ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਦੇਸ਼ ਭਗਤੀ ਦਾ ਨਾਅਰਾ ਗੂੰਜਿਆ ਅਤੇ ਰਾਸ਼ਟਰੀ ਏਕਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ ਗਿਆ। 
ਰੈਲੀ ਦੀਆਂ ਇਹ ਨੇ ਕੁੱਝ ਖ਼ਾਸ ਗੱਲਾਂ
ਉਪ ਰਾਸ਼ਟਰਪਤੀ ਨੇ ਦਿਖਾਈ ਹਰੀ ਝੰਡੀ, ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਲਗਾਈ ਹਾਜ਼ਰੀ। ਇਸ ਰੈਲੀ ਦਾ ਆਗਾਜ਼ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਦੁਆਰਾ ਹਰੀ ਝੰਡੀ ਦਿਖਾ ਕੇ ਕੀਤਾ ਗਿਆ। ਸਮਾਗਮ ਵਿੱਚ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਅਤੇ ਰਾਜ ਸਭਾ ਮੈਂਬਰ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ, ਸੰਸਦ ਮੈਂਬਰ ਅਤੇ ਹੋਰ ਜਨ ਪ੍ਰਤੀਨਿਧ ਵੀ ਮੌਜੂਦ ਸਨ।
ਸੁਰੱਖਿਆ ਬਲਾਂ ਅਤੇ ਮਹਿਲਾ ਬਾਈਕਰਾਂ ਦਾ ਦਿਖਿਆ ਜ਼ਬਰਦਸਤ ਉਤਸ਼ਾਹ
ਰੈਲੀ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸੀ.ਆਰ.ਪੀ.ਐੱਫ. (CRPF), ਬੀ.ਐੱਸ.ਐੱਫ. (BSF) ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਤੋਂ ਇਲਾਵਾ ਮਹਿਲਾ ਬਾਈਕਰਾਂ ਅਤੇ ਵਿਸ਼ੇਸ਼ ਬਾਈਕਰ ਗਰੁੱਪਾਂ ਦੇ ਜੋਸ਼ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

ਰਾਸ਼ਟਰੀ ਪ੍ਰਤੀਕਾਂ ਪ੍ਰਤੀ ਵਧ ਰਹੀ ਹੈ ਨਵੀਂ ਭਾਵਨਾ
ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਦੂਰਦਰਸ਼ੀ ਸੋਚ ਹੇਠ ਦੇਸ਼ ਵਿੱਚ ਰਾਸ਼ਟਰੀ ਪ੍ਰਤੀਕਾਂ ਅਤੇ ਵਿਰਾਸਤ ਪ੍ਰਤੀ ਸਨਮਾਨ ਦੀ ਨਵੀਂ ਭਾਵਨਾ ਪੈਦਾ ਹੋ ਰਹੀ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਤੋਂ ਲੈ ਕੇ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਦੇ ਸਮਾਗਮਾਂ ਅਤੇ ਰਾਸ਼ਟਰੀ ਗੀਤ ਨੂੰ ਮਿਲੀ ਕਾਨੂੰਨੀ ਸੁਰੱਖਿਆ ਵਰਗੀਆਂ ਪਹਿਲਕਦਮੀਆਂ ਲੋਕਾਂ ਦੀ ਸਾਂਝੀ ਚੇਤਨਾ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ।
ਤਿਰੰਗਾ ਅਤੇ ਵੰਦੇ ਮਾਤਰਮ ਸਾਡੀ ਪਛਾਣ
ਸ੍ਰੀ ਗੁਪਤਾ ਨੇ ਜ਼ੋਰ ਦੇ ਕੇ ਕਿਹਾ:
-
ਤਿਰੰਗਾ: ਸਾਡੀ ਆਜ਼ਾਦੀ, ਏਕਤਾ, ਕੁਰਬਾਨੀ ਅਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਹੈ।
-
ਵੰਦੇ ਮਾਤਰਮ: ਆਜ਼ਾਦੀ ਦੇ ਸੰਘਰਸ਼ ਦੀ ਭਾਵਨਾ ਅਤੇ ਮਾਂ ਭਾਰਤੀ ਪ੍ਰਤੀ ਸਾਡੇ ਅਥਾਹ ਪਿਆਰ ਨੂੰ ਦਰਸਾਉਂਦਾ ਹੈ।
-
ਇਹ ਦੋਵੇਂ ਸਾਨੂੰ ਸੁਤੰਤਰਤਾ ਸੰਗਰਾਮੀਆਂ ਦੀਆਂ ਅਦੁੱਤੀ ਕੁਰਬਾਨੀਆਂ ਦੀ ਯਾਦ ਦਿਵਾਉਂਦੇ ਹਨ ਅਤੇ ਇੱਕ ਮਜ਼ਬੂਤ ਤੇ ਵਿਕਸਿਤ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ।
ਜਨ ਭਾਗੀਦਾਰੀ ਅਤੇ ਏਕਤਾ ਦਾ ਅਨੋਖਾ ਸੁਨੇਹਾ
ਰੈਲੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇੱਕੋ ਤਿਰੰਗੇ ਹੇਠ ਇਕੱਠਾ ਕਰਦਿਆਂ ਏਕਤਾ, ਦੇਸ਼ ਭਗਤੀ ਅਤੇ ਜਨ ਭਾਗੀਦਾਰੀ ਦਾ ਸ਼ਾਨਦਾਰ ਸੁਨੇਹਾ ਦਿੱਤਾ। ਲੋਕਾਂ ਦੇ ਇਸ ਉਤਸ਼ਾਹ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਦੇਸ਼ ਵਾਸੀ ਆਪਣੀ ਰਾਸ਼ਟਰੀ ਪਛਾਣ ਅਤੇ ਆਜ਼ਾਦੀ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਮੁਹਿੰਮਾਂ ਨਾਲ ਲਗਾਤਾਰ ਅਤੇ ਉਤਸ਼ਾਹਪੂਰਵਕ ਜੁੜ ਰਹੇ ਹਨ।







