ਪਾਖੰਡੀਆਂ ਨੂੰ ਭਾਜੜ ਪਾਉਣ ਲਈ ਪੰਜਾਬ ‘ਚ ਵੀ ਬਣ ਸਕਦੈ, ਕਾਨੂੰਨ? MLA ਉਗੋਕੇ ਨੂੰ ਤਰਕਸ਼ੀਲਾਂ ਨੇ ਕਿਹਾ ਕਿ…

Advertisement
Spread information
ਹਰਿੰਦਰ ਨਿੱਕਾ, ਬਰਨਾਲਾ 22 ਅਗਸਤ 2026
    ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਇਜਲਾਸ ਵਿੱਚ ਇੱਕ ਅਜਿਹਾ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ, ਜਿਸ ਨਾਲ ਪਾਖੰਡੀਆਂ ਨੂੰ ਭਾਜੜਾਂ ਪੈ ਸਕਣ ਅਤੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਠੱਲ੍ਹਿਆ ਜਾ ਸਕੇ। ਇਹ ਸਵਾਲ ਅੱਜ ਉਸ ਵੇਲੇ ਚਰਚਾ ਦਾ ਕੇਂਦਰ ਬਣ ਗਿਆ, ਜਦੋਂ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਚੱਲ ਰਹੇ ਤਿੰਨ ਰੋਜ਼ਾ ਪੁਸਤਕ ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਅੱਗੇ ਇੱਕ ਅਹਿਮ ਅਤੇ ਵੱਡੀ ਮੰਗ ਰੱਖ ਦਿੱਤੀ।           
    ਦਰਅਸਲ, ਵਿਧਾਇਕ ਲਾਭ ਸਿੰਘ ਉਗੋਕੇ, ਜੋ ਆਪਣੀ ਸਾਦਗੀ ਨਾਲ ਹੀ ਨਹੀਂ, ਸਗੋਂ ਗੰਭੀਰ ਸਾਹਿਤਕ ਰੁਚੀਆਂ ਲਈ ਵੀ ਜਾਣੇ ਜਾਂਦੇ ਹਨ। ਅੱਜ ਸ਼ਾਮੀਂ ਉਚੇਚੇ ਤੌਰ ‘ਤੇ ਇਸ ਪੁਸਤਕ ਮੇਲੇ ਵਿੱਚ ਪਹੁੰਚੇ ਸਨ। ਇੱਕ ਵਧੀਆ ਲੇਖਕ ਅਤੇ ਸੰਜੀਦਾ ਪਾਠਕ ਹੋਣ ਦੇ ਨਾਤੇ ਉਨ੍ਹਾਂ ਨੇ ਮੇਲੇ ਵਿੱਚ ਲੱਗੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਆਪਣੀ ਪਸੰਦ ਦੀਆਂ ਬਹੁਤ ਸਾਰੀਆਂ ਕਿਤਾਬਾਂ ਖਰੀਦੀਆਂ।
ਤਰਕਸ਼ੀਲਾਂ ਨੇ ਵਿਧਾਇਕ ਅੱਗੇ ਰੱਖੀ ਇਹ ਮੰਗ
    ਕਿਤਾਬਾਂ ਦੀ ਖਰੀਦਦਾਰੀ ਦੌਰਾਨ ਜਦੋਂ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਵਿਧਾਇਕ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਸਮਾਜ ਵਿੱਚ ਵਧ ਰਹੇ ਪਾਖੰਡਵਾਦ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਸੁਸਾਇਟੀ ਦੇ ਸਾਥੀਆਂ ਨੇ ਵਿਧਾਇਕ ਉਗੋਕੇ ਨੂੰ ਮੰਗ ਕੀਤੀ ਕਿ ਮਹਾਰਾਸ਼ਟਰ ਅਤੇ ਗੁਜਰਾਤ ਦੀ ਤਰਜ਼ ‘ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਠੋਸ ਹੰਭਲਾ ਮਾਰਿਆ ਜਾਵੇ, ਤਾਂ ਜੋ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਠੱਗਾਂ ਅਤੇ ਪਾਖੰਡੀਆਂ ‘ਤੇ ਕਾਨੂੰਨੀ ਨਕੇਲ ਕੱਸੀ ਜਾ ਸਕੇ।
ਵਿਧਾਇਕ ਨੇ ਭਰਿਆ ਹੁੰਗਾਰਾ
     ਵਿਧਾਇਕ ਲਾਭ ਸਿੰਘ ਉਗੋਕੇ ਨੇ ਤਰਕਸ਼ੀਲ ਸੁਸਾਇਟੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੁਸਤਕਾਂ ਹੀ ਸਮਾਜ ਨੂੰ ਚੇਤੰਨ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਹਨ। ਤਰਕਸ਼ੀਲ ਆਗੂਆਂ ਵੱਲੋਂ ਚੁੱਕੇ ਗਏ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਦੇ ਮੁੱਦੇ ‘ਤੇ ਵਿਧਾਇਕ ਨੇ ਹਮਦਰਦੀ ਪੂਰਵਕ ਵਿਚਾਰ ਕਰਨ ਅਤੇ ਇਸ ਗੰਭੀਰ ਮੁੱਦੇ ਨੂੰ ਉਚਿਤ ਮੌਕੇ ‘ਤੇ ਵਿਧਾਨ ਸਭਾ ਵਿੱਚ ਚੁੱਕਣ ਦਾ ਭਰੋਸਾ ਦਿੱਤਾ।
     ਹੁਣ ਦੇਖਣਾ ਇਹ ਹੋਵੇਗਾ ਕਿ ਤਰਕਸ਼ੀਲਾਂ ਦੀ ਇਹ ਮੰਗ ਪੰਜਾਬ ਦੀ ਰਾਜਨੀਤੀ ਅਤੇ ਵਿਧਾਨ ਸਭਾ ਦੀਆਂ ਗਲੀਆਂ ਤੱਕ ਕਿੰਨੀ ਜਲਦੀ ਰੰਗ ਲਿਆਉਂਦੀ ਹੈ!
Advertisement
Advertisement
Advertisement
Advertisement
error: Content is protected !!