ਰਿਸ਼ਵਤਖੋਰੀ:- ਲਾਈਵ ਐਕਸ਼ਨ: 50 ਹਜ਼ਾਰ ਹੱਥ ‘ਚ ਫੜਦਿਆਂ ਹੀ, ਹੱਥਾਂ ਨੂੰ ਪਈਆਂ, ਹੱਥਕੜੀਆਂ!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 16 ਜੁਲਾਈ 2026

      ਬਰਨਾਲਾ ਦੇ ਫਰਵਾਹੀ ਬਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਡਿਪਟੀ ਰਜਿਸਟਰਾਰ (DR) ਦਫ਼ਤਰ ਦੇ ਬਿਲਕੁਲ ਬਾਹਰ ਵਿਜੀਲੈਂਸ ਬਿਊਰੋ ਨੇ ਫਿਲਮੀ ਸਟਾਈਲ ਵਿੱਚ ਲਾਈਵ ਐਕਸ਼ਨ ਕਰਦਿਆਂ ਇੱਕ ਭ੍ਰਿਸ਼ਟ ਅਫ਼ਸਰ ਨੂੰ ਦਬੋਚ ਲਿਆ। ਕੋਆਪ੍ਰੇਟਿਵ ਵਿਭਾਗ ਦੇ ਇੰਸਪੈਕਟਰ ਹਰਸ਼ ਬਾਂਸਲ ਨੇ ਜਿਵੇਂ ਹੀ ਇੱਕ ਵਿਭਾਗੀ ਪੜਤਾਲ ਨੂੰ ਰਫ਼ਾ-ਦਫ਼ਾ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਫੜੀ, ਉੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਚਾਰੋਂ ਤਰਫ਼ੋਂ ਘੇਰ ਲਿਆ। ਇੰਸਪੈਕਟਰ ਦੇ ਹੱਥ ਵਿੱਚ ਰਿਸ਼ਵਤ ਦੀ ਰਕਮ ਆਉਂਦਿਆਂ ਹੀ, ਉਸ ਦੇ ਹੱਥਾਂ ਵਿੱਚ ਕਾਨੂੰਨ ਦੀਆਂ ਹੱਥਕੜੀਆਂ ਪੈ ਗਈਆਂ।                   

ਕਲੀਨ ਚਿੱਟ ਦੇ ਨਾਂ ‘ਤੇ ਲੱਖਾਂ ਦੀ ਡੀਲ, ਇੰਝ ਫਸਿਆ ਭ੍ਰਿਸ਼ਟ ਅਫ਼ਸਰ

     ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਕੋਆਪ੍ਰੇਟਿਵ ਵਿਭਾਗ ਦੇ ਸੈਕਟਰੀ ਜੰਗ ਸਿੰਘ ਦੇ ਖ਼ਿਲਾਫ਼ ਇੱਕ ਵਿਭਾਗੀ ਪੜਤਾਲ ਚੱਲ ਰਹੀ ਸੀ। ਇਸ ਇਨਕੁਆਰੀ ਦੀ ਕਮਾਨ ਇੰਸਪੈਕਟਰ ਹਰਸ਼ ਬਾਂਸਲ ਦੇ ਹੱਥ ਵਿੱਚ ਸੀ। ਹਰਸ਼ ਬਾਂਸਲ ਨੇ ਜੰਗ ਸਿੰਘ ਨੂੰ ਕੇਸ ਵਿੱਚੋਂ ਕਲੀਨ ਚਿੱਟ ਦੇਣ ਦੇ ਬਦਲੇ 1 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਕੀਤੀ। ਕਾਫੀ ਨਾਂ-ਨੁੱਕਰ ਤੋਂ ਬਾਅਦ ਆਖ਼ਿਰਕਾਰ ਸੌਦਾ 50 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਪਰ ਸੈਕਟਰੀ ਜੰਗ ਸਿੰਘ ਨੇ ਰਿਸ਼ਵਤ ਦੇਣ ਦੀ ਬਜਾਏ ਇਸ ਦੀ ਲਿਖਤੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕਰ ਦਿੱਤੀ।

DR ਦਫ਼ਤਰ ਦੇ ਬਾਹਰ ਲੱਗਿਆ ‘ਮੌਤ ਦਾ ਜਾਲ’

      ਸ਼ਿਕਾਇਤ ਮਿਲਦਿਆਂ ਹੀ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਟੀਮ ਹਰਕਤ ਵਿੱਚ ਆ ਗਈ। ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ DR ਦਫ਼ਤਰ ਦੇ ਬਾਹਰ ਗੁਪਤ ਤਰੀਕੇ ਨਾਲ ਟਰੈਪ ਲਗਾਇਆ ਗਿਆ। ਜਿਵੇਂ ਹੀ ਸ਼ਿਕਾਇਤਕਰਤਾ ਜੰਗ ਸਿੰਘ ਨੇ ਤੈਅ ਸ਼ੁਦਾ ਰਕਮ ਇੰਸਪੈਕਟਰ ਹਰਸ਼ ਬਾਂਸਲ ਦੇ ਹੱਥ ਵਿੱਚ ਫੜਾਈ, ਉੱਥੇ ਮੌਜੂਦ ਵਿਜੀਲੈਂਸ ਟੀਮ ਨੇ ਬਿਨਾਂ ਇੱਕ ਪਲ ਗਵਾਏ ਦੋਸ਼ੀ ਨੂੰ ਰਿਸ਼ਵਤ ਦੀ ਰਾਸ਼ੀ ਸਮੇਤ ਰੰਗੇ ਹੱਥੀਂ ਦਬੋਚ ਲਿਆ।

ਖੁੱਲ੍ਹਣਗੇ ਕਈ ਹੋਰ ਕਾਲੇ ਚਿੱਠੇ: ਵਿਜੀਲੈਂਸ

   ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਹਰਸ਼ ਬਾਂਸਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਸ ਦੇ ਹੋਰ ਵੀ ਕਈ ਕਾਰਨਾਮਿਆਂ ਦੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਰਿਸ਼ਵਤਖੋਰੀ ਪ੍ਰਤੀ ‘ਜ਼ੀਰੋ ਟੌਲਰੈਂਸ’ ਦੀ ਨੀਤੀ ਨੂੰ ਲਾਗੂ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਸਾਫ਼ ਕਿਹਾ ਕਿ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਲਈ ਬਿਨਾਂ ਕਿਸੇ ਡਰ ਤੋਂ ਵਿਜੀਲੈਂਸ ਨੂੰ ਸ਼ਿਕਾਇਤ ਕਰੋ, ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement
Advertisement
Advertisement
Advertisement
error: Content is protected !!