ਬਰਨਾਲਾ ਪੁਲਿਸ ਨੇ ਲੁਧਿਆਣਾ ਦੀ ਇਮੀਗ੍ਰੇਸ਼ਨ ਇੰਡਸਟਰੀ ਦਾ ਸਭ ਤੋਂ ਵੱਡਾ Scam ਕੀਤਾ ਬੇਪਰਦ !
ਹਰਿੰਦਰ ਨਿੱਕਾ, ਬਰਨਾਲਾ 17 ਜੁਲਾਈ 2026
ਸੁਪਨੇ ਵਿਦੇਸ਼ ਦੇ, ਦਸਤਾਵੇਜ਼ ਜਾਅਲੀ ਅਤੇ ਸਜ਼ਾ ਮਾਸੂਮਾਂ ਨੂੰ..ਜੀ ਹਾਂ ਅਜਿਹੇ ਹੀ ਵਰਤਾਰੇ ਨੂੰ ਅੰਜਾਮ ਦੇ ਰਹੇ ਨੇ ਕੁੱਝ ਲਾਲਚੀ ਕਿਸਮ ਦੇ ਏਜੰਟ। ਜਿਹੜੇ ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਬਣਾਉਣ ਦਾ ਸੁਪਨਾ ਦੇਖਣ ਵਾਲੇ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਆਪਣੇ ਨਿੱਜੀ ਫਾਇਦੇ ਲਈ ਤਬਾਹੀ ਦੇ ਮੋੜ ‘ਤੇ ਲਿਆ ਕੇ ਖੜ੍ਹਾ ਕਰਦੇ ਹਨ।
ਬਰਨਾਲਾ ਪੁਲਿਸ ਨੇ ਅਜਿਹੇ ਵੱਡੇ ਇੰਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਨੂੰ ਲੁਧਿਆਣਾ ਦੀ ਇਮੀਗ੍ਰੇਸ਼ਨ ਇੰਡਸਟਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਭੂਚਾਲ ਸਮਝਿਆ ਜਾ ਰਿਹਾ ਹੈ। ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਬਟੋਰਨ ਅਤੇ ਫਾਈਲਾਂ ਵਿੱਚ ‘ਫੇਕ ਫੰਡ’ (ਜਾਅਲੀ ਬੈਂਕ ਖਾਤੇ) ਲਗਾ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਇਮੀਗ੍ਰੇਸ਼ਨ ਹਲਕਿਆਂ ਵਿੱਚ ਹੜਕੰਪ ਮਚ ਗਿਆ ਹੈ। ਦੋਸ਼ੀਆਂ ਖਿਲਾਫ ਇਹ ਮੁਕੱਦਮਾ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿਖੇ ਦਰਜ ਕੀਤਾ ਗਿਆ ਹੈ।
ਅੰਬੈਸੀ ਨੂੰ ਗੁੰਮਰਾਹ ਕਰਨ ਲਈ ਬਣਾਏ ‘ਫੇਕ’ ਬੈਂਕ ਕਾਗਜ਼
ਇਹ ਸਾਰਾ ਖੇਡ ਲੁਧਿਆਣਾ ਦੀ ਪ੍ਰਸਿੱਧ ਇਮੀਗ੍ਰੇਸ਼ਨ ਫਰਮ ‘ਸਮਾਰਟ ਸਟੱਡੀ ਇਮੀਗ੍ਰੇਸ਼ਨ’ (Smart Study Immigration) ਦੇ ਦਫ਼ਤਰ ਤੋਂ ਖੇਡਿਆ ਜਾ ਰਿਹਾ ਸੀ। ਆਸਟ੍ਰੇਲੀਆਈ ਅੰਬੈਸੀ ਦੇ ਸਖ਼ਤ ਨਿਯਮਾਂ ਨੂੰ ਬਾਈਪਾਸ ਕਰਨ ਲਈ, ਮੁਲਜ਼ਮਾਂ ਨੇ ਵੀਜ਼ਾ ਅਰਜ਼ੀਆਂ ਵਿੱਚ ਜਾਅਲੀ ਬੈਂਕ ਦਸਤਾਵੇਜ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਜਾਅਲੀ ਕਾਗਜ਼ ਇਹ ਦਿਖਾਉਣ ਲਈ ਤਿਆਰ ਕੀਤੇ ਗਏ ਸਨ ਕਿ ਵਿਦਿਆਰਥੀਆਂ ਕੋਲ ਵਿਦੇਸ਼ ਵਿੱਚ ਪੜ੍ਹਾਈ ਅਤੇ ਰਹਿਣ-ਸਹਿਣ ਦਾ ਖ਼ਰਚਾ ਚੁੱਕਣ ਲਈ ਕਾਫ਼ੀ ਪੈਸੇ (ਫੰਡ) ਮੌਜੂਦ ਹਨ।
ਲੱਖਾਂ ਰੁਪਏ ਦੇ ਕੇ ਵੀ ਹਨੇਰੇ ‘ਚ ਰਹੇ ਵਿਦਿਆਰਥੀ
ਜਿਹੜੇ ਮਾਸੂਮ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਦੀ ਖ਼ੂਨ-ਪਸੀਨੇ ਦੀ ਕਮਾਈ ਵਿੱਚੋਂ 10 ਤੋਂ 15 ਲੱਖ ਰੁਪਏ ਕੰਪਨੀ ਨੂੰ ਸੌਂਪੇ ਸਨ, ਉਹ ਇਸ ਗੰਦੇ ਖੇਡ ਤੋਂ ਬਿਲਕੁਲ ਬੇਖ਼ਬਰ ਸਨ। ਉਨ੍ਹਾਂ ਨੂੰ ਰੱਤੀ ਭਰ ਵੀ ਅੰਦਾਜ਼ਾ ਨਹੀਂ ਸੀ ਕਿ ਜਿਨ੍ਹਾਂ ਫਾਈਲਾਂ ਦੇ ਦਮ ‘ਤੇ ਉਹ ਉਡਾਣ ਭਰਨ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਵਿੱਚ ਜਾਅਲੀ ਦਸਤਾਵੇਜ਼ ਨੱਥੀ ਕੀਤੇ ਗਏ ਹਨ। ਅੱਜ ਉਹ ਨਾ ਸਿਰਫ਼ ਆਪਣੇ ਲੱਖਾਂ ਰੁਪਏ ਗੁਆ ਚੁੱਕੇ ਹਨ, ਬਲਕਿ ਹਮੇਸ਼ਾ ਲਈ ਬਲੈਕਲਿਸਟ ਹੋਣ ਦੇ ਕੰਢੇ ‘ਤੇ ਖੜ੍ਹੇ ਹਨ।
ਵੱਡਾ ਪੁਲਿਸ ਦਾ ਐਕਸ਼ਨ: ਮਾਸਟਰਮਾਈਂਡ ਗ੍ਰਿਫ਼ਤਾਰ!
ਬਰਨਾਲਾ ਦੇ ਐੱਸ.ਐੱਸ.ਪੀ. ਸਰਫਰਾਜ਼ ਆਲਮ ਨੇ ਇਸ ਮਾਮਲੇ ਬਾਰੇ ਦੱਸਦਿਆਂ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ‘ਸਮਾਰਟ ਸਟੱਡੀ ਇਮੀਗ੍ਰੇਸ਼ਨ’ ਦੇ ਪਾਰਟਨਰ ਗੁਰਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ. ਆਲਮ ਨੇ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ 40 ਤੋਂ 45 ਵਿਦਿਆਰਥੀਆਂ ਨਾਲ ਠੱਗੀ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਜਿਵੇਂ-ਜਿਵੇਂ ਤਫਤੀਸ਼ ਅੱਗੇ ਵਧੇਗੀ, ਇਹ ਅੰਕੜਾ 300 ਤੋਂ 400 ਵਿਦਿਆਰਥੀਆਂ ਤੱਕ ਵੀ ਪਹੁੰਚ ਸਕਦਾ ਹੈ।
ਇੰਝ ਹੋਇਆ ‘ਪਾਪ ਦੇ ਕਾਰੋਬਾਰ’ ਦਾ ਪਰਦਾਫਾਸ਼
ਇਸ ਵੱਡੇ ਸਕੈਮ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਭੀਖੀ (ਮਾਨਸਾ) ਦੀ ‘ਵਨ ਗਲੋਬਲ ਇਮੀਗ੍ਰੇਸ਼ਨ ਏਜੰਸੀ’ ਦੇ ਮੈਨੇਜਰ ਹਰਵਿੰਦਰ ਸਿੰਘ ਨੇ ਬਰਨਾਲਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ। ਹਰਵਿੰਦਰ ਅਨੁਸਾਰ ਉਸ ਨੂੰ ਕੰਪਨੀ ਵਾਲਿਆਂ ਵੱਲੋਂ ਧੋਖੇ ਵਿਚ ਹੀ ਰੱਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਕੋਲ ਲੋੜੀਂਦੇ ਫੰਡ ਨਹੀਂ ਹਨ, ਉਹ ਉਨ੍ਹਾਂ ਲਈ ਨਕਲੀ ਅਤੇ ਜਾਅਲੀ ਦਸਤਾਵੇਜ਼ਾਂ ਦਾ ਜੁਗਾੜ ਕਰਨਗੇ ।
ਪੁਲਿਸ ਨੇ ਇਸ ਮਾਮਲੇ ਵਿੱਚ ਦੂਜੇ ਭਾਈਵਾਲ ਹਰਸਿਮਰਨ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਦੂਜੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਰੈਕੇਟ ਵਿੱਚ ਦੋਸ਼ੀਆਂ ਦੀ ਫਹਿਰਿਸਤ ਲੰਬੀ ਵੀ ਹੋ ਸਕਦੀ ਹੈ।







