ਰਾਤ ਦੇ ਹਨੇਰੇ ‘ਚ ਹਾਈਵੇਅ ‘ਤੇ ਨਿਕਲਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ..!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 15 ਜੁਲਾਈ 2026

     ਜੇਕਰ ਤੁਸੀਂ ਵੀ ਦੇਰ ਰਾਤ ਜਾਂ ਤੜਕੇ-ਤੜਕੇ ਹਾਈਵੇਅ ‘ਤੇ ਸਫ਼ਰ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਹੋਸ਼ ਉਡਾਉਣ ਲਈ ਕਾਫ਼ੀ ਹੈ। ਬਰਨਾਲਾ ਦੇ ਮੋਗਾ ਬਾਈਪਾਸ ਹਾਈਵੇਅ ‘ਤੇ ਤੜਕੇ 3 ਵਜੇ ਇੱਕ ਅਜਿਹੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ । ਇਸ ਘਟਨਾ ਵਿੱਚ ਜਿੰਨੀ ਦਹਿਸ਼ਤ ਲੁਟੇਰਿਆਂ ਨੇ ਪਾਈ, ਉਨੀ ਹੀ ਫੁਰਤੀ ਨਾਲ ਬਰਨਾਲਾ ਪੁਲਿਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਖੇਡ ਪਲਟ ਕੇ ਰੱਖ ਦਿੱਤੀ।                   

ਸੁੰਨਸਾਨ ਹਾਈਵੇਅ, ਪਹਿਰ ਦੇ ਤੜਕੇ, ਪਿੱਛੋਂ ਆਈ ‘ਮੌਤ’!

       ਘਟਨਾ 12 ਜੁਲਾਈ ਦੀ ਹੈ। ਪਿੰਡ ਖੁੱਡੀ ਕਲਾਂ ਦਾ ਰਹਿਣ ਵਾਲਾ ਕਿਸਾਨ ਅਮਰਜੀਤ ਸਿੰਘ ਪੁੱਤਰ ਬੁੱਧ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਚਿੱਟੇ ਰੰਗ ਦੀ ਇਲੈਕਟ੍ਰੋਨਿਕ ਸਕੂਟਰੀ ‘ਤੇ ਸਵਾਰ ਹੋ ਕੇ ਖੇਤਾਂ ਵੱਲ, ਝੋਨੇ ਨੂੰ ਪਾਣੀ ਲਾਉਣ ਜਾ ਰਿਹਾ ਸੀ। ਹਾਲੇ ਸਵੇਰ ਦੇ ਕਰੀਬ 3 ਹੀ ਵੱਜੇ ਸਨ ਅਤੇ ਹਾਈਵੇਅ ‘ਤੇ ਪੂਰੀ ਤਰ੍ਹਾਂ ਸੁੰਨਸਾਨ ਸੀ। ਜਿਵੇਂ ਹੀ ਅਮਰਜੀਤ ਮੋਗਾ ਬਾਈਪਾਸ ਨੇੜੇ ‘ਪ੍ਰੇਮ ਢਾਬਾ’ ਕੋਲ ਪਹੁੰਚਿਆ, ਤਾਂ ਅਚਾਨਕ ਪਿੱਛੋਂ ਆ ਰਹੇ ਇੱਕ ਕਾਲੇ ਰੰਗ ਦੀ ਪਲਟੀਨਾ ਮੋਟਰਸਾਈਕਲ ਦੀ ਆਵਾਜ਼ ਨੇ ਉਸ ਦੇ ਕੰਨ ਖੜ੍ਹੇ ਕਰ ਦਿੱਤੇ। ਇਸ ਤੋਂ ਪਹਿਲਾਂ ਕਿ ਅਮਰਜੀਤ ਕੁਝ ਸਮਝ ਪਾਉਂਦਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਫ਼ਿਲਮੀ ਸਟਾਈਲ ਵਿੱਚ ਆਪਣੀ ਬਾਈਕ ਉਸ ਦੀ ਸਕੂਟਰੀ ਦੇ ਅੱਗੇ ਖੜੀ ਕਰ ਦਿੱਤੀ।

ਹੱਥਾਂ ਵਿੱਚ ਫੜਿਆ ਸੀ ਲੋਹੇ ਦਾ  ‘ਦਾਹ’ ਅਤੇ ਬੇਸਬਾਲ!

      ਬਾਈਕ ਰੁਕਦਿਆਂ ਹੀ ਦੋ ਨੌਜਵਾਨ ਬਿਜਲੀ ਦੀ ਫੁਰਤੀ ਨਾਲ ਹੇਠਾਂ ਉਤਰੇ। ਹਨੇਰੇ ਵਿੱਚ ਅਮਰਜੀਤ ਨੇ ਦੇਖਿਆ ਕਿ ਇੱਕ ਲੁਟੇਰੇ ਦੇ ਹੱਥ ਵਿੱਚ ਚਮਕਦਾ ਹੋਇਆ ਲੋਹੇ ਦਾ ਖ਼ਤਰਨਾਕ ‘ਦਾਹ’ (ਦਾਤਰ) ਸੀ ਅਤੇ ਦੂਜੇ ਦੇ ਹੱਥ ਵਿੱਚ ਲੱਕੜ ਦਾ ਭਾਰੀ ਬੇਸਬਾਲ ਬੈਟ। ਲੁਟੇਰਿਆਂ ਨੇ ਹਥਿਆਰ ਤਾਣ ਕੇ ਅਮਰਜੀਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨ ਬੇਬਸ ਸੀ ਅਤੇ ਹਾਈਵੇਅ ‘ਤੇ ਦੂਰ-ਦੂਰ ਤੱਕ ਕੋਈ ਮਦਦਗਾਰ ਵੀ ਨਹੀਂ ਸੀ ਦਿਖ ਰਿਹਾ। ਲੁਟੇਰਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਡਰਾ ਕੇ ਉਸ ਦੀ ਇਲੈਕਟ੍ਰੋਨਿਕ ਸਕੂਟਰੀ ਖੋਹ ਲਈ ਅਤੇ ਆਪਣੇ ਹਥਿਆਰਾਂ ਸਮੇਤ ਮੋਟਰਸਾਈਕਲ ਅਤੇ ਸਕੂਟਰੀ ‘ਤੇ ਸਵਾਰ ਹੋ ਕੇ ਹਨੇਰੇ ਵਿੱਚ ਗਾਇਬ ਹੋ ਗਏ।

ਐਕਸ਼ਨ ਮੋਡ ‘ਚ ਬਰਨਾਲਾ ਪੁਲਿਸ ਤੇ ਫੜੇ ਲੁਟੇਰੇ 

       ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ। ਥਾਣਾ ਸਦਰ ਬਰਨਾਲਾ ਵਿਖੇ ਪੁਲਿਸ ਨੇ ਦੋਸ਼ੀਆਂ ਖਿਲਾਫ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਕੇਸ ਦੀ ਕਮਾਂਡ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਸ.ਥ. ਤਰਸੇਮ ਸਿੰਘ ਦੀ ਟੀਮ ਨੇ ਸੰਭਾਲੀ। ਪੁਲਿਸ ਨੇ ਆਪਣੇ ਖ਼ੁਫ਼ੀਆ ਤੰਤਰ ਨੂੰ ਸਰਗਰਮ ਕੀਤਾ ਅਤੇ ਮਹਿਜ਼ 24 ਘੰਟਿਆਂ ਦੇ ਅੰਦਰ, ਯਾਨੀ 14 ਜੁਲਾਈ ਨੂੰ ਇਸ ਲੁਟੇਰਾ ਗੈਂਗ ਦੇ ਤਿੰਨਾਂ ਮੈਂਬਰਾਂ ਨੂੰ ਘੇਰਾ ਪਾ ਕੇ ਦਬੋਚ ਲਿਆ।

ਫੜੇ ਗਏ ਮੁਲਜ਼ਮਾਂ ਦੀ ਕੁੰਡਲੀ:

  1. ਰਾਜਦੀਪ ਸਿੰਘ ਉਰਫ਼ ਕਾਲੂ (ਪੁੱਤਰ ਬਲਵਿੰਦਰ ਸਿੰਘ, ਵਾਸੀ ਨੇੜੇ ਬੱਸ ਸਟੈਂਡ, ਸ਼ਨੀ ਦੇਵ ਮੰਦਰ ਵਾਲੀ ਗਲੀ, ਬਰਨਾਲਾ)

  2. ਸਤਨਾਮ ਸਿੰਘ ਉਰਫ਼ ਸੱਤੂ (ਪੁੱਤਰ ਪਰਮਜੀਤ ਸਿੰਘ, ਵਾਸੀ ਮਝੈਲਾਂ ਦੇ ਕੋਠੇ ਪਿੰਡ ਭੱਠਲਾਂ)

  3. ਵਿਕਾਸ ਕੁਮਾਰ (ਪੁੱਤਰ ਰਾਮ ਉਦੇਸਪਾਲ, ਵਾਸੀ ਕੁਦਰਾ, ਜ਼ਿਲ੍ਹਾ ਕੈਮੂਰ, ਬਿਹਾਰ ਹਾਲ ਆਬਾਦ ਨੇੜੇ ਟਰਾਇਡੈਂਟ ਫੈਕਟਰੀ, ਬਰਨਾਲਾ)

ਚੋਰੀ ਦੀ ਬਾਈਕ ਦਾ ਖੁਲਾਸਾ ਅਤੇ ਸਕੂਟਰੀ ਬਰਾਮਦ!

 ਪੁਲਿਸ ਨੇ ਜਦੋਂ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਜਿਸ ਕਾਲੇ ਰੰਗ ਦੀ ਪਲਟੀਨਾ ਬਾਈਕ ‘ਤੇ ਸਵਾਰ ਹੋ ਕੇ ਇਹ ਲੁੱਟਾਂ-ਖੋਹਾਂ ਕਰਦੇ ਸਨ, ਉਹ ਬਾਈਕ ਵੀ ਚੋਰੀ ਦੀ ਨਿਕਲੀ! ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਸਮੇਂ ਵਰਤਿਆ ਗਿਆ ਚੋਰੀ ਦਾ ਮੋਟਰਸਾਈਕਲ, ਕਿਸਾਨ ਕੋਲੋਂ ਖੋਹੀ ਗਈ ਚਿੱਟੇ ਰੰਗ ਦੀ ਇਲੈਕਟ੍ਰੋਨਿਕ ਸਕੂਟਰੀ, ਲੋਹੇ ਦਾ ਦਾਅ ਅਤੇ ਲੱਕੜ ਦਾ ਬੇਸਬਾਲ ਸਭ ਕੁਝ ਬਰਾਮਦ ਕਰ ਲਿਆ ਹੈ।

     ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਅਦਾਲਤ ਕੋਲੋਂ ਰਿਮਾਂਡ ਹਾਸਲ ਕਰਕੇ ਪੁਲਿਸ ਦੋਸ਼ੀਆਂ ਕੋਲੋਂ ਹੋਰ ਵੀ ਪੁੱਛਗਿੱਛ ਕਰੇਗੀ, ਜਿਸ ਨਾਲ ਹਾਈਵੇਅ ‘ਤੇ ਹੋਈਆਂ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ।

Advertisement
Advertisement
Advertisement
Advertisement
error: Content is protected !!