ਆਪ ਵਿਧਾਇਕ ਨੂੰ ਬਾਗੀਆਂ ਨੇ ਕੀਤਾ ਚਿੱਤ..! ਉਮੀਦਾਂ ‘ਤੇ ਫਿਰਿਆ ਪਾਣੀ,

Advertisement
Spread information

ਖਤਰੇ ਦਾ ਘੁੱਗੂ-ਆਪ ਦਾ ਐਮਪੀ ਅਤੇ ਦੋ ਵਿਧਾਇਕ ਬਹੁਮਤ ਦੇ ਬਾਵਜੂਦ ਨਹੀਂ ਕਰਵਾ ਸਕੇ ਸਰਬਸੰਮਤੀ 

ਹਰਿੰਦਰ ਨਿੱਕਾ, ਬਰਨਾਲਾ 9 ਜੁਲਾਈ 2026

     ਰਾਜਨੀਤੀ ਦਾ ਕੌੜਾ ਸੱਚ ਇਹ ਵੀ ਹੈ ਕਿ ਜਦੋਂ ਸਿਆਸਤ ਦੇ ਗਲਿਆਰਿਆਂ ਵਿੱਚ ਆਪਣਿਆਂ ਦੀਆਂ ਹੀ ਵਫ਼ਾਦਾਰੀਆਂ ਬਦਲ ਜਾਣ, ਤਾਂ ਵੱਡੇ-ਵੱਡੇ ਕਿਲ੍ਹੇ ਵੀ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਜਾਂਦੇ ਹਨ। ਬਰਨਾਲਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਵੱਕਾਰੀ ਚੋਣ ਵਿੱਚ ਬਿਲਕੁਲ ਅਜਿਹਾ ਹੀ ਸਿਆਸੀ ਧਮਾਕਾ ਹੋਇਆ ਹੈ। ਆਮ ਆਦਮੀ ਪਾਰਟੀ (AAP) ਅੰਦਰ ਲੰਬੇ ਸਮੇਂ ਤੋਂ ਸੁਲਘ ਰਹੀ ਅੰਦਰੂਨੀ ਬਗਾਵਤ ਵੀਰਵਾਰ ਨੂੰ ਉਸ ਵੇਲੇ ਇੱਕ ਭਿਆਨਕ ਭਾਂਬੜ ਬਣ ਕੇ ਸਾਹਮਣੇ ਆਈ, ਜਦੋਂ ਪਾਰਟੀ ਦੀ ਹੀ ਬਾਗੀ ਉਮੀਦਵਾਰ ਰਮਨਦੀਪ ਕੌਰ ਗੁੰਮਟੀ ਨੇ ਸਥਾਨਕ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਸਭ ਤੋਂ ਕਰੀਬੀ ਅਤੇ ਅਧਿਕਾਰਤ ਉਮੀਦਵਾਰ ਕੁਲਦੀਪ ਕੌਰ ਨੂੰ ਸਿਰਫ਼ 2 ਵੋਟਾਂ ਦੇ ਫ਼ਰਕ ਨਾਲ ਪਟਕਨੀ ਦੇ ਕੇ ਚੇਅਰਪਰਸਨ ਦੀ ਕੁਰਸੀ ਖੋਹ ਲਈ। ਵਿਧਾਇਕ ਪੰਡੋਰੀ ਦੀ ਸਿਆਸੀ ਸਲਤਨਤ ਨੂੰ ਇਹ ਜ਼ਬਰਦਸਤ ਸੱਟ ਕਿਸੇ ਗ਼ੈਰ ਨੇ ਨਹੀਂ, ਸਗੋਂ ‘ਆਪਣਿਆਂ’ ਨੇ ਹੀ ਮਾਰੀ ਹੈ। ਹੈਰਾਨੀਜਨਕ ਤੱਥ ਇਹ ਵੀ ਹੈ ਕਿ ਆਪ ਦਾ ਐਮਪੀ ਗੁਰਮੀਤ ਸਿੰਘ ਮੀਤ ਹੇਅਰ,ਦੋ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਲਾਭ ਸਿੰਘ ਉੱਗੋਕੇ ਅਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਆਪ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਬਹੁਮਤ ਦੇ ਬਾਵਜੂਦ ਵੀ ਇੱਕ ਉਮੀਦਵਾਰ ਤੇ ਸਰਬਸੰਮਤੀ ਨਹੀਂ ਕਰਵਾ ਸਕੇ।                 

ਹਾਈਕੋਰਟ ਦੀ ਸੁਣਵਾਈ ਤੋਂ ਪਹਿਲਾਂ ਪ੍ਰਸ਼ਾਸਨ ਦੀ ‘ਖੁਫ਼ੀਆ ਚਾਲ’

    ਇਸ ਪੂਰੀ ਸਿਆਸੀ ਖੇਡ ਵਿੱਚ ਸਭ ਤੋਂ ਵੱਡਾ ਸਸਪੈਂਸ ਉਸ ਵੇਲੇ ਬਣਿਆ, ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਅਚਾਨਕ ਵੀਰਵਾਰ ਨੂੰ ਬੀ.ਡੀ.ਪੀ.ਓ. ਦਫ਼ਤਰ ਵਿਖੇ ਇੱਕ ਗੁਪਤ ਮੀਟਿੰਗ ਸੱਦ ਲਈ। ਜ਼ਿਕਰਯੋਗ ਹੈ ਕਿ ਚੋਣਾਂ ਕਈ ਵਾਰ ਮੁਲਤਵੀ ਹੋਣ ਕਾਰਨ ਜ਼ੋਨ ਨੰਬਰ-10 ਠੁੱਲੀਵਾਲ ਤੋਂ ਮੈਂਬਰ ਰਮਨਦੀਪ ਕੌਰ ਗੁੰਮਟੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੋਇਆ ਸੀ। ਹਾਈਕੋਰਟ ਦੇ ਜਸਟਿਸ ਵਿਨੋਦ ਐੱਸ. ਭਾਰਦਵਾਜ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 14 ਜੁਲਾਈ 2026 ਤੱਕ ਜਵਾਬ ਮੰਗਿਆ ਸੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਅਦਾਲਤੀ ਸੁਣਵਾਈ ਤੋਂ ਪੰਜ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਚੁੱਪ-ਚਪੀਤੇ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਦੀ ਤਿਆਰੀ ਕਰ ਲਈ, ਜਿਸ ਨੇ ਬਾਗੀਆਂ ਨੂੰ ਆਪਣੀ ਰਣਨੀਤੀ ਅੰਜਾਮ ਦੇਣ ਦਾ ਸੁਨਹਿਰੀ ਮੌਕਾ ਦੇ ਦਿੱਤਾ।

ਸੀਕਰੇਟ ਬੈਲਟ ਨੇ ਖੋਲ੍ਹੀ ਬਗਾਵਤ ਦੀ ਪੋਲ

    ਜਦੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਵੋਟਿੰਗ ਸ਼ੁਰੂ ਹੋਈ, ਤਾਂ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਸੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਨਾਲ ਸਬੰਧਿਤ ਇੱਕ ਮੈਂਬਰ ਨੂੰ ਛੱਡ ਕੇ ਬਾਕੀ ਸਾਰੇ ਪ੍ਰੀਸ਼ਦ ਮੈਂਬਰ ਅਤੇ ਤਿੰਨੋਂ ਬਲਾਕ ਸੰਮਤੀਆਂ ਦੇ ਚੇਅਰਮੈਨ ਮੌਜੂਦ ਸਨ। ਚੋਣ ਸੀਕਰੇਟ ਬੈਲਟ ਪੇਪਰ (ਗੁਪਤ ਵੋਟਿੰਗ) ਰਾਹੀਂ ਹੋਣੀ ਸੀ, ਜਿਸ ਦਾ ਫਾਇਦਾ ਚੁੱਕਦਿਆਂ ਅੰਦਰਖਾਤੇ ਚੱਲ ਰਹੇ ਬਾਗੀਆਂ ਨੇ ਵਿਧਾਇਕ ਦੇ ਖੇਮੇ ਨੂੰ ਜ਼ਬਰਦਸਤ ਝਟਕਾ ਦਿੱਤਾ। ਜਦੋਂ ਵੋਟਾਂ ਦੀ ਗਿਣਤੀ ਹੋਈ, ਤਾਂ ‘ਆਪ’ ਦੀ ਅਧਿਕਾਰਤ ਉਮੀਦਵਾਰ ਕੁਲਦੀਪ ਕੌਰ ਸਿਰਫ਼ 5 ਵੋਟਾਂ ’ਤੇ ਸਿਮਟ ਗਈ, ਜਦੋਂਕਿ ਬਾਗੀ ਰਮਨਦੀਪ ਕੌਰ ਗੁੰਮਟੀ ਨੇ 7 ਵੋਟਾਂ ਹਾਸਲ ਕਰਕੇ ਸਿਆਸੀ ਤਖ਼ਤਾ ਪਲਟ ਦਿੱਤਾ।

ਬਾਗੀਆਂ ਦੀ ਸੋਚੀ-ਸਮਝੀ ਰਣਨੀਤੀ ਹੋਈ ਸਫ਼ਲ

    ਇਸ ਚੋਣ ਵਿੱਚ ਬਾਗੀਆਂ ਨੇ ਪੂਰੀ ਪਲੈਨਿੰਗ ਨਾਲ ਦਾਅ ਖੇਡਿਆ। ਜਦੋਂ ਕਿ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਆਪਣੇ ਹੀ ਦਾਅ ਵਿੱਚ ਉਲਝ ਕੇ ਰਹਿ ਗਿਆ। ਚੋਣ ਪ੍ਰਕਿਰਿਆ ਦੌਰਾਨ ਜ਼ੋਨ ਠੀਕਰੀਵਾਲਾ ਤੋਂ ਪ੍ਰੀਸ਼ਦ ਮੈਂਬਰ ਜਗਸੀਰ ਸਿੰਘ ਚੀਮਾ ਨੇ ਚੇਅਰਮੈਨ ਅਹੁਦੇ ਲਈ ਰਮਨਦੀਪ ਕੌਰ ਦੇ ਨਾਂਅ ਦੀ ਤਜਵੀਜ਼ ਪੇਸ਼ ਕੀਤੀ। ਦੂਜੇ ਪਾਸੇ, ਬਲਾਕ ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਨੇ ਵਾਇਸ ਚੇਅਰਮੈਨ ਲਈ ਨਿਰਭੈ ਸਿੰਘ ਧੌਲਾ ਦਾ ਨਾਂਅ ਅੱਗੇ ਵਧਾਇਆ। ਬਹੁਮਤ ਦੇ ਨਾਲ ਰਮਨਦੀਪ ਕੌਰ ਗੁੰਮਟੀ ਬਰਨਾਲਾ ਦੀ ਨਵੀਂ ਚੇਅਰਪਰਸਨ ਅਤੇ ਨਿਰਭੈ ਸਿੰਘ ਵਾਇਸ ਚੇਅਰਮੈਨ ਚੁਣੇ ਗਏ।

   ਪਾਰਟੀ ਹਾਈਕਮਾਂਡ ਅਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਦੇ ਥਾਪੜੇ ਦੇ ਬਾਵਜੂਦ, ਆਪਣਿਆਂ ਦੀ ਬਗਾਵਤ ਕਾਰਨ ਮਿਲੀ ਇਹ ਸ਼ਰਮਨਾਕ ਹਾਰ ਆਮ ਆਦਮੀ ਪਾਰਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਈ ਹੈ, ਜਿਸ ਨੇ ਬਰਨਾਲਾ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਇਹ ਚੋਣ ਪਾਰਟੀ ਦੀ ਧੜੇਬੰਦੀ ਨੂੰ ਹੋਰ ਉਭਰਨ ਦਾ ਮੌਕਾ ਦੇਵੇਗੀ,ਜ਼ੋ ਵਿਧਾਨ ਸਭਾ ਚੋਣਾਂ ਲਈ ਖਤਰੇ ਦੇ ਘੁੱਗੂ ਤੋਂ ਘੱਟ ਨਹੀਂ ਹੈ। 

Advertisement
Advertisement
Advertisement
Advertisement
error: Content is protected !!