..AAP ਲੀਡਰ ਵੱਲੋਂ ‘3 ਲੱਖ’ ‘ਚ ਸੌਦੇਬਾਜ਼ੀ ਦੀ ਕੋਸ਼ਿਸ਼..? BARNALA ‘ਚ ਕਬਾੜੀਏ ਨੂੰ ਅਗਵਾ ਕਰਕੇ ਲਿਆ 1.50 ਲੱਖ…!

Advertisement
Spread information

ਖ਼ੌਫ਼ਨਾਕ ਵਾਰਦਾਤ: ਚੋਰੀ ਦੇ ਸ਼ੱਕ ‘ਚ ਨੌਜਵਾਨ ਨੂੰ ਤਾਲਿਬਾਨੀ ਸਜ਼ਾ, 4 ਦਿਨ ਬੀਤਣ ‘ਤੇ ਵੀ ਨਹੀਂ ਹੋਈ ਐਫ.ਆਈ.ਆਰ.

ਹਰਿੰਦਰ ਨਿੱਕਾ, ਬਰਨਾਲਾ 23 ਜੂਨ 2026 

       ਸ਼ਹਿਰ ਅੰਦਰ ਇੱਕ ਬੇਹੱਦ ਸ਼ਰਮਨਾਕ ਅਤੇ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਕਬਾੜੀਏ ਨੂੰ ਦਿਨ-ਦਿਹੜੇ ਅਗਵਾ ਕਰਕੇ ਉਸ ‘ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਅਤੇ ਉਸ ਨੂੰ ਜਾਨ ਬਚਾਉਣ ਬਦਲੇ ਡੇਢ ਲੱਖ ਰੁਪਏ ਦੇਣੇ ਪੈ ਗਏ । ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਅਪਰਾਧ ਨੂੰ ਇਨਸਾਫ਼ ਦੀ ਦਹਿਲੀਜ਼ ‘ਤੇ ਪਹੁੰਚਾਉਣ ਦੀ ਬਜਾਏ, ਸੱਤਾਧਾਰੀ ਧਿਰ ਦੇ ਇੱਕ ਵੱਡੇ ਆਗੂ ਵੱਲੋਂ ਦੋਸ਼ੀਆਂ ਨੂੰ ਆਪਣੇ ‘ਦਰਬਾਰ’ ਵਿੱਚ ਤਲਬ ਕਰਕੇ ਮਾਮਲੇ ਨੂੰ ਦਬਾਉਣ ਲਈ 3 ਲੱਖ ਰੁਪਏ ਦੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਸ਼ਾਇਦ ਇਹੋ ਕਾਰਨ ਹੈ ਕਿ ਘਟਨਾ ਦੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ, ਬਰਨਾਲਾ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਫਿਲਹਾਲ ਪੀੜਤ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰ-ਏ-ਇਲਾਜ ਹੈ।

ਸਿਵਲ ਹਸਪਤਾਲ ਬਰਨਾਲਾ ‘ਚ ਦਾਖਲ ਬੰਟੀ ਕੁਮਾਰ

ਚੈਨਕੁੱਪੀ ਨਾਲ ਪੁੱਠਾ ਲਟਕਾ ਕੇ ਦਿੱਤੀ ‘ਤਾਲਿਬਾਨੀ’ ਸਜ਼ਾ

       ਘਟਨਾ ਸਬੰਧੀ ਰੂਹ ਕੰਬਾਊ ਦਾਸਤਾਨ ਬਿਆਨ ਕਰਦਿਆਂ ਸਬਜ਼ੀ ਮੰਡੀ ਬਰਨਾਲਾ ਵਿਖੇ ਕਬਾੜ ਦੀ ਦੁਕਾਨ ਕਰ ਰਹੇ ਬੰਟੀ ਕੁਮਾਰ ਪੁੱਤਰ ਅਮਰਜੀਤ ਕੁਮਾਰ ਨੇ ਸਹਿਮੀ ਹੋਈ ਹਾਲਤ ਵਿੱਚ ਦੱਸਿਆ ਕਿ 20 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ ਕਰੀਬ 9 ਵਜੇ ਉਹ ਹਾਲੇ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਣ ਹੀ ਲੱਗਿਆ ਸੀ। ਇੰਨੇ ਨੂੰ ਆੜ੍ਹਤੀ ਬੂਟਾ ਸਿੰਘ ਅਤੇ ਪ੍ਰੋਪਰਟੀ ਡੀਲਰ ਇੰਦਰਜੀਤ ਨੇ ਆਪਣੇ 8/10 ਹੋਰ ਸਾਥੀਆਂ ਸਮੇਤ ਉੱਥੇ ਧਾਵਾ ਬੋਲ ਦਿੱਤਾ। ਇਹ ਸਾਰੇ ਜਣੇ ਉਸ ਨੂੰ ਜ਼ਬਰਦਸਤੀ ਬੰਨ੍ਹ ਕੇ ਬਾਜਾਖਾਨਾ ਰੋਡ ‘ਤੇ ਸਥਿਤ ਇੱਕ ਉਸਾਰੀ ਅਧੀਨ ਹੋਟਲ ਵਿੱਚ ਅਗਵਾ ਕਰਕੇ ਲੈ ਗਏ।

      ਪੀੜਤ ਮੁਤਾਬਕ, ਹੋਟਲ ਦੇ ਅੰਦਰ ਲਿਜਾ ਕੇ ਨਾਮਜ਼ਦ ਦੋਸ਼ੀਆਂ ਨੇ ਵਹਿਸ਼ੀਪੁਣੇ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ, ਬੰਟੀ ਨੂੰ ਕਥਿਤ ਤੌਰ ਤੇ ਇੱਕ ਚੈਨਕੁੱਪੀ ਨਾਲ ਪੁੱਠਾ ਲਟਕਾ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀ ਲਗਾਤਾਰ ਉਸ ‘ਤੇ ਚੋਰੀ ਕਰਨ ਅਤੇ ਚੋਰੀ ਦਾ ਸਮਾਨ ਖਰੀਦਣ ਦਾ ਇਲਜ਼ਾਮ ਲਗਾ ਰਹੇ ਸਨ। ਬੰਟੀ ਨੇ ਰੋਂਦਿਆਂ ਕਿਹਾ, “ਮੈਂ ਚੀਖ-ਚੀਖ ਕੇ ਉਨ੍ਹਾਂ ਦੇ ਤਰਲੇ-ਮਿੰਨਤਾਂ ਕਰਦਾ ਰਿਹਾ ਕਿ ਮੈਂ ਬੇਗੁਨਾਹ ਹਾਂ, ਨਾ ਮੈਂ ਚੋਰੀ ਕੀਤੀ ਹੈ ਤੇ ਨਾ ਕੋਈ ਮਾਲ ਖਰੀਦਿਆ ਹੈ, ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ।”

‘ਜਾਨ ਚਾਹੀਦੀ ਹੈ ਤਾਂ ਹੁਣੇ ਪੈਸੇ ਮੰਗਵਾ’ – ਫਿਰੌਤੀ ਦੇ ਕੇ ਬਚੀ ਜਾਨ

      ਤਸ਼ੱਦਦ ਢਾਹ ਰਹੇ ਵਿਅਕਤੀਆਂ ਨੇ ਪੀੜਤ ਨੂੰ ਸਾਫ਼ ਕਹਿ ਦਿੱਤਾ ਕਿ ਜੇਕਰ ਉਹ ਜ਼ਿੰਦਾ ਘਰ ਵਾਪਸ ਜਾਣਾ ਚਾਹੁੰਦਾ ਹੈ, ਤਾਂ ਉਸ ਨੂੰ ਛੱਡਣ ਬਦਲੇ ਡੇਢ ਲੱਖ ਰੁਪਏ ਦੇਣੇ ਪੈਣਗੇ। ਦੋਸ਼ੀਆਂ ਨੇ ਉਦੋਂ ਤੱਕ ਕੁੱਟਮਾਰ ਬੰਦ ਨਹੀਂ ਕੀਤੀ, ਜਦੋਂ ਤੱਕ ਮੌਤ ਦੇ ਡਰੋਂ ਬੰਟੀ ਨੇ ਆਪਣੇ ਚਾਚਾ ਅਖਿਲੇਸ਼ਵਰ ਗੁਪਤਾ ਨੂੰ ਫੋਨ ਕਰਕੇ ਤੁਰੰਤ ਡੇਢ ਲੱਖ ਰੁਪਏ ਲੈ ਕੇ ਆਉਣ ਲਈ ਨਹੀਂ ਕਿਹਾ। ਆਖ਼ਿਰਕਾਰ, ਜਦੋਂ ਉਸ ਦਾ ਚਾਚਾ ਪੈਸੇ ਲੈ ਕੇ ਪਹੁੰਚਿਆ ਅਤੇ ਰਕਮ ਦੋਸ਼ੀਆਂ ਦੇ ਹਵਾਲੇ ਕੀਤੀ, ਤਾਂ ਕਿਤੇ ਜਾ ਕੇ ਦੁਪਹਿਰ ਕਰੀਬ 1 ਵਜੇ ਦੋਸ਼ੀਆਂ ਨੇ ਬੰਟੀ ਨੂੰ ਰਿਹਾਅ ਕੀਤਾ। ਉੱਧਰ ਕਥਿਤ ਦੋਸ਼ੀ ਧਿਰ ਦਾ ਕਹਿਣਾ ਹੈ ਕਿ ਨਿਰਮਾਣ ਅਧੀਨ ਹੋਟਲ ਚੋਂ ਕਰੀਬ 10/12 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਜਿਹੜਾ ਕਬਾੜੀਏ ਕੋਲ ਪਹੁੰਚਣ ਦਾ ਸ਼ੱਕ ਕੀਤਾ ਜਾ ਰਿਹਾ ਹੈ। 

ਨੇਤਾ ਜੀ ਦੇ ‘ਦਰਬਾਰ’ ‘ਚ ਲੱਗੀ ਸੌਦੇਬਾਜ਼ੀ ਦੀ ਸੇਲ !

    ਇਸ ਖ਼ੌਫ਼ਨਾਕ ਮਾਮਲੇ ਵਿੱਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਸੱਤਾਧਾਰੀ ਧਿਰ ਦੇ ਇੱਕ ਵੱਡੇ ਲੀਡਰ ਨੇ ਇਸ ਅਪਰਾਧ ਨੂੰ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਵਿਚੋਲਗੀ ਸ਼ੁਰੂ ਕਰ ਦਿੱਤੀ। ਉਕਤ ਲੀਡਰ ਨੇ ਕੁੱਟਮਾਰ ਕਰਨ ਵਾਲੇ ਰਸੂਖਦਾਰ ਦੋਸ਼ੀਆਂ ਨੂੰ ਆਪਣੇ ਦਰਬਾਰ ਵਿੱਚ ਤਲਬਿਆ ਅਤੇ ਪੀੜਤ ਪੱਖ ਨਾਲ ਸਮਝੌਤਾ ਕਰਵਾਉਣ ਦੇ ਬਦਲੇ ਕਥਿਤ ਤੌਰ ਤੇ 3 ਲੱਖ ਰੁਪਏ ਦੀ ਮੰਗ ਰੱਖ ਦਿੱਤੀ। ਸੂਤਰਾਂ ਮੁਤਾਬਕ, ਪੈਸਿਆਂ ਦੇ ਲੈਣ-ਦੇਣ ਦੀ ਇਹ ਗੱਲ ਸਿਰੇ ਨਹੀਂ ਚੜ੍ਹ ਸਕੀ, ਜਿਸ ਕਾਰਨ ਸਮਝੌਤਾ ਸਿਰੇ ਨਾ ਚੜ੍ਹਿਆ। ਚਰਚਾ ਇਹ ਵੀ ਹੈ ਕਿ ਸੱਤਾਧਾਰੀ ਧਿਰ ਦੇ ਦੋ ਦਿੱਗਜ਼ ਆਗੂਆਂ ਦੀ ਦਖ਼ਲਅੰਦਾਜ਼ੀ ਕਾਰਨ ਹੀ ਪੁਲਿਸ ਹੁਣ ਤੱਕ ਕਾਰਵਾਈ ਕਰਨ ਤੋਂ ਟਾਲਮਟੋਲ ਕਰ ਰਹੀ ਹੈ।

ਪੀੜਤ ਹਸਪਤਾਲ , ਪਰ ਖ਼ਾਕੀ ਅਜੇ ਵੀ ‘ਜਾਂਚ’ ‘ਚ ਮਸ਼ਰੂਫ

    ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵਾਲਿਆਂ ਨੇ ਬੰਟੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਹਸਪਤਾਲ ਆ ਕੇ ਬਿਆਨ ਤਾਂ ਲਿਖ ਕੇ ਲੈ ਗਏ ਹਨ, ਪਰ 4 ਦਿਨ ਬੀਤਣ ‘ਤੇ ਵੀ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ (FIR) ਨਹੀਂ ਕੀਤੀ ਗਈ।

    ਦੂਜੇ ਪਾਸੇ ਜਦੋਂ ਇਸ ਸਬੰਧੀ ਥਾਣਾ ਸਿਟੀ-1 ਬਰਨਾਲਾ ਦੇ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ, “ਮਾਮਲਾ ਪਹਿਲੀ ਨਜ਼ਰੇ ਕੁੱਝ ਸ਼ੱਕੀ ਜਾਪਦਾ ਹੈ। ਪੁਲਿਸ ਨੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਮੈਡੀਕਲ ਰਿਪੋਰਟ ਤੇ ਪੜਤਾਲ ਦੇ ਆਧਾਰ ‘ਤੇ ਹੀ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।”

     

Advertisement
Advertisement
Advertisement
Advertisement
error: Content is protected !!