ਆਪ ਦੀਆਂ ਯੋਜਨਾਵਾਂ ਬਣੀਆਂ ‘ਸਿਰਦਰਦੀ’: ਹਿਨਾ ਕਾਂਵੜੇ ਦਾ ਕਾਂਗਰਸੀਆਂ ਨੂੰ ਅਲਰਟ
“ਮਹਿਲ ਕਲਾਂ ’ਚ 14 ਦਾਅਵੇਦਾਰ: ਹਾਈਕਮਾਂਡ ਅੱਗੇ ਲੀਡਰਾਂ ਦੀ ‘ਬੇਵਸੀ’!“
ਹਰਿੰਦਰ ਨਿੱਕਾ, ਬਰਨਾਲਾ 22 ਜੂਨ 2026
ਪੰਜਾਬ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਈ ਕਾਂਗਰਸ ਹਾਈਕਮਾਂਡ ਦੀ ਵੱਡੀ ਲੀਡਰ ਨੇ ਵਰਕਰਾਂ ਦੀ ਹੌਸਲਾ-ਅਫ਼ਜ਼ਾਈ ਕਰਨ ਦੀ ਬਜਾਏ ਉਲਟਾ ਅਜਿਹਾ ‘ਖੌਫ਼’ ਪੈਦਾ ਕਰ ਦਿੱਤਾ ਹੈ ਕਿ ਸਥਾਨਕ ਲੀਡਰਾਂ ਦੇ ਸਾਹ ਸੂਤੇ ਗਏ ਹਨ। ਬਰਨਾਲਾ ਪਹੁੰਚੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੈਕਟਰੀ ਤੇ ਮੱਧ ਪ੍ਰਦੇਸ਼ ਦੀ ਸਾਬਕਾ ਵਿਧਾਇਕ ਹਿਨਾ ਕਾਂਵੜੇ ਨੇ ਪਾਰਟੀ ਅੰਦਰਲੀ ਗੁੱਟਬਾਜ਼ੀ ਅਤੇ ‘ਆਪ’ ਸਰਕਾਰ ਦੀਆਂ ਯੋਜਨਾਵਾਂ ਦਾ ਅਜਿਹਾ ਡਰ ਦਿਖਾਇਆ ਕਿ ਕਾਂਗਰਸੀ ਸੋਚਾਂ ਵਿੱਚ ਪੈ ਗਏ। ਹੱਦ ਤਾਂ ਉਦੋਂ ਹੋ ਗਈ ਜਦੋਂ ਬੀਬੀ ਨੇ ਟਿਕਟਾਂ ਦੇ ਰੌਲੇ ਅਤੇ ਚੋਣ ਰਣਨੀਤੀ ਦੀ ਸਾਰੀ ਜ਼ਿੰਮੇਵਾਰੀ ਦੀ (ਗੇਂਦ) ਵਰਕਰਾਂ ਤੇ ਸਥਾਨਕ ਆਗੂਆਂ ਦੇ ਪਾਲੇ ਵਿੱਚ ਸੁੱਟ ਕੇ ਖੁਦ ਰਵਾਨਾ ਹੋ ਗਈ।
ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਇਸ ਵੇਲੇ ਵੱਡੀ ਦੁਚਿੱਤੀ ਦੇ ਦੌਰ ਵਿੱਚੋਂ ਲੰਘ ਰਹੀ ਹੈ। ਇੱਕ ਪਾਸੇ ਸਟੇਟ ਪੱਧਰੀ ਲੀਡਰਸ਼ਿਪ ਵਿੱਚ ਬਦਲਾਅ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ, ਉੱਥੇ ਹੀ ਅਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰਨਾ ਪਾਰਟੀ ਲਈ ਵੱਡੀ ਸਿਰਦਰਦੀ ਬਣ ਚੁੱਕਾ ਹੈ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਬਰਨਾਲਾ ਦੇ ਸ਼ਕਤੀ ਕਲਾ ਮੰਦਰ ਵਿਖੇ ਅੱਜ ਹੋਈ ਵਰਕਰ ਮੀਟਿੰਗ ਦੌਰਾਨ ਮੱਧ ਪ੍ਰਦੇਸ਼ ਦੀ ਸਾਬਕਾ ਵਿਧਾਇਕ ਅਤੇ ਕਾਂਗਰਸ ਦੀ ਕੌਮੀ ਸੈਕਟਰੀ ਹਿਨਾ ਕਾਂਵੜੇ ਦੇ ਭਾਸ਼ਣ ਤੋਂ ਸਾਫ਼ ਮਿਲਿਆ।
‘ਆਪ’ ਦੀਆਂ ਯੋਜਨਾਵਾਂ ਦਾ ਦਿਖਾਇਆ ਡਰ
ਹਿਨਾ ਕਾਂਵੜੇ ਨੇ ਆਪਣੇ ਭਾਸ਼ਣ ਦੌਰਾਨ ਸਟੇਜ ਤੋਂ ਕਾਂਗਰਸੀਆਂ ਨੂੰ ਸਖ਼ਤ ਹਕੀਕਤ ਦਾ ਸ਼ੀਸ਼ਾ ਦਿਖਾਇਆ। ਮੱਧ ਪ੍ਰਦੇਸ਼ ਅਤੇ ਬਿਹਾਰ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਮੰਨਿਆ ਕਿ ਉੱਥੋਂ ਦੀਆਂ ਸੱਤਾਧਾਰੀ ਸਰਕਾਰਾਂ ਵੱਲੋਂ ਮਹਿਲਾਵਾਂ ਨੂੰ ਪੈਸੇ ਦੇਣ ਦੀਆਂ ਜੋ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਰੋਲ ਨਿਭਾਇਆ ਸੀ। ਉਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਵੀ ਉਕਤ ਜਿਕਰਯੋਗ ਸੂਬਿਆਂ ਦੀਆਂ ਔਰਤਾਂ ਤੋਂ ਵੱਖਰੇ ਸੁਭਾਅ ਦੀਆਂ ਨਹੀਂ ਹਨ, ਜੇ ਅਜਿਹਾ ਭੁਲੇਖਾ, ਕਿਸੇ ਦੇ ਮਨ ਵਿੱਚ ਹੈ,ਉਹ ਕੱਢ ਦੇਣਾ ਚਾਹੀਦਾ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਦਾ ਤੋੜ ਲੋਕਾਂ ਮੂਹਰੇ ਰੱਖਣਾ, ਕਾਂਗਰਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੀਆਂ ਲੋਕ-ਲੁਭਾਊ ਯੋਜਨਾਵਾਂ ਦਾ ਖਮਿਆਜ਼ਾ ਕਾਂਗਰਸ ਪਹਿਲਾਂ ਵੀ ਕਈ ਸੂਬਿਆਂ ਵਿੱਚ ਭੁਗਤ ਚੁੱਕੀ ਹੈ। ਬੀਬੀ ਕਾਂਵੜੇ ਨੇ ਹਾਜ਼ਰ ਆਗੂਆਂ ਅਤੇ ਵਰਕਰਾਂ ਨੂੰ ਦੋ-ਟੁੱਕ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਚੋਣਾਂ ਜਿੱਤਣੀਆਂ ਹਨ ਤਾਂ ਇਨ੍ਹਾਂ ਯੋਜਨਾਵਾਂ ਦਾ ਤੋੜ ਖੁਦ ਲੱਭੋ।
ਟਿਕਟਾਂ ਦੀ ਮਾਰਾਮਾਰੀ: ਇੱਕ ਸੀਟ ’ਤੇ 14 ਦਾਅਵੇਦਾਰ!
ਜਦੋਂ ਗੱਲ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਚੋਣ ‘ਤੇ ਆਈ ਤਾਂ ਕਾਂਗਰਸ ਦੀ ਅੰਦਰੂਨੀ ਜੰਗ ਜੱਗ-ਜ਼ਾਹਰ ਹੋ ਗਈ। ਮਹਿਲ ਕਲਾਂ ਹਲਕੇ ਦੇ ਬੁਲਾਰਿਆਂ ਨੇ ਮੰਚ ਤੋਂ ਦੁਖੜਾ ਰੋਇਆ ਕਿ ਉਨ੍ਹਾਂ ਦੇ ਹਲਕੇ ਵਿੱਚ ਟਿਕਟ ਦੀ ਦੌੜ ਵਿੱਚ 13-14 ਦਾਅਵੇਦਾਰ ਮੁੱਠੀਆਂ ਵਿੱਚ ਥੁੱਕੀ ਫਿਰਦੇ ਹਨ। ਸਥਾਨਕ ਆਗੂਆਂ ਨੇ ਕਿਸੇ ਇੱਕ ਦਾ ਸਾਥ ਦੇਣ ‘ਤੇ ਆਪਣੀ ‘ਬੇਵਸੀ’ ਜ਼ਾਹਰ ਕਰਦਿਆਂ ਹਾਈਕਮਾਂਡ ਅੱਗੇ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਕਿਸੇ ਇੱਕ ਉਮੀਦਵਾਰ ਦੇ ਨਾਂ ਦਾ ਐਲਾਨ ਜਲਦ ਤੋਂ ਜਲਦ ਕੀਤਾ ਜਾਵੇ।
ਇਸ ‘ਤੇ ਬੀਬੀ ਹਿਨਾ ਕਾਂਵੜੇ ਨੇ ਵੀ ਆਪਣਾ ਪੱਲਾ ਛੁਡਾਉਂਦਿਆਂ ਗੇਂਦ ਵਰਕਰਾਂ ਦੇ ਪਾਲੇ ਵਿੱਚ ਹੀ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਜਾਂ ਤਾਂ ਸਥਾਨਕ ਆਗੂ ਆਪਸ ਵਿੱਚ ਬੈਠ ਕੇ ਕਿਸੇ ਇੱਕ ਉਮੀਦਵਾਰ ਦਾ ਨਾਂ ਹਾਈਕਮਾਂਡ ਨੂੰ ਭੇਜਣ, ਨਹੀਂ ਤਾਂ ਫਿਰ ਉਮੀਦਵਾਰ ਹਲਕੇ ਦਾ ਹੋਵੇਗਾ ਜਾਂ ਬਾਹਰਲਾ, ਇਹ ਸੋਚਣਾ ਹਾਈਕਮਾਂਡ ਦਾ ਕੰਮ ਹੈ । ਤੇ ਹਾਈਕਮਾਂਡ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਹੀ ਪੈਣਾ ਹੈ।
‘CM ਚਿਹਰਾ’ ਐਲਾਨਣ ਦੀ ਨਸੀਹਤ
ਬੇਸ਼ੱਕ ਸਾਰੇ ਉਮੀਦਵਾਰ ਆਪੋ-ਆਪਣੇ ਹਲਕਿਆਂ ਵਿੱਚ ਟਿਕਟ ਲਈ ਦਾਅਵੇਦਾਰੀ ਠੋਕ ਰਹੇ ਹਨ, ਪਰ ਫਿਰ ਵੀ ਉਨ੍ਹਾਂ ਅੱਜ ਮੰਚ ਤੋਂ ਇਹ ਭਰੋਸਾ ਜ਼ਰੂਰ ਦਿੱਤਾ ਕਿ ਹਾਈਕਮਾਂਡ ਜਿਸ ਨੂੰ ਵੀ ਥਾਪੜਾ ਦੇਵੇਗੀ, ਉਹ ਪਾਰਟੀ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਣਗੇ। ਇਸ ਦੌਰਾਨ ਬਹੁਤਿਆਂ ਨੇ ਹਾਈਕਮਾਂਡ ਨੂੰ ਕਿਹਾ ਕਿ ਅਗਾਮੀ ਚੋਣਾਂ ਵਿੱਚ ਕਿਸੇ ਇੱਕ ਆਗੂ ਨੂੰ ‘ਮੁੱਖ ਮੰਤਰੀ ਦਾ ਚਿਹਰਾ’ ਐਲਾਨ ਕੇ ਹੀ ਮੈਦਾਨ ਵਿੱਚ ਉੱਤਰਿਆ ਜਾਵੇ, ਨਹੀਂ ਤਾਂ ਬੇੜੀ ਡੁੱਬ ਸਕਦੀ ਹੈ।
ਇਹ ਆਗੂ ਰਹੇ ਹਾਜ਼ਰ:
ਇਸ ਹੰਗਾਮੀ ਮੀਟਿੰਗ ਵਿੱਚ ਵਿਧਾਇਕ ਕੁਲਦੀਪ ਸਿੰਘ, ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਮਹਿਲਾ ਕਲਾਂ ਦੇ ਆਗੂ ਗੁਰਮੇਲ ਸਿੰਘ ਮੌੜ, ਭਦੌੜ ਤੋਂ ਬੀਬੀ ਸੁਰਿੰਦਰ ਕੌਰ ਬਾਲੀਆਂ,ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਬਲਦੇਵ ਸਿੰਘ, ਜਸਮੇਲ ਸਿੰਘ, ਸੂਰਤ ਸਿੰਘ ਬਾਜਵਾ ਆਦਿ ਸਮੇਤ ਤਿੰਨੋਂ ਵਿਧਾਨ ਸਭਾ ਹਲਕਿਆਂ ਤੋਂ ਟਿਕਟ ਦੇ ਦਾਅਵੇਦਾਰ, ਸਥਾਨਕ ਆਗੂ ਅਤੇ ਵਰਕਰ ਹਾਜ਼ਰ ਸਨ, ਜੋ ਬੀਬੀ ਦੇ ਭਾਸ਼ਣ ਤੋਂ ਬਾਅਦ ਚਿੰਤਾ ਵਿੱਚ ਡੁੱਬੇ ਨਜ਼ਰ ਆਏ।







