ਪਟਿਆਲਾ ਦੇ ਨੂਰ ਸਿੰਗਲਾ ਨੇ CA ਫਾਈਨਲ ‘ਚੋਂ ਦੇਸ਼ ਭਰ ‘ਚੋਂ ਲਿਆ ਪਹਿਲਾ ਰੈਂਕ

Advertisement
Spread information

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨੂਰ ਸਿੰਗਲਾ ਦਾ ਘਰ ਪਹੁੰਚ ਕੇ ਕੀਤਾ ਸਨਮਾਨ

ਰਾਜੇਸ਼ ਗੋਤਮ, ਪਟਿਆਲਾ 20 ਜੂਨ 2026 
         ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਵੱਲੋਂ ਐਲਾਨੇ ਗਏ CA ਫਾਈਨਲ ਪ੍ਰੀਖਿਆ ਦੇ ਨਤੀਜਿਆਂ ਵਿੱਚ ਪਟਿਆਲਾ ਦੇ ਨੂਰ ਸਿੰਗਲਾ ਨੇ ਆਲ ਇੰਡੀਆ ਰੈਂਕ-1 (AIR 1) ਹਾਸਲ ਕਰਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਇਸ ਪ੍ਰੀਖਿਆ ਵਿੱਚ ਨੂਰ ਨੇ 600 ਵਿੱਚੋਂ 499 ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰੇ ਪੰਜਾਬ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਦਾ ਨਾਂ ਦੇਸ਼-ਦੁਨੀਆ ਵਿੱਚ ਰੌਸ਼ਨ ਹੋਇਆ ਹੈ।
        ਨੂਰ ਸਿੰਗਲਾ ਦੀ ਇਸ ਬੇਮਿਸਾਲ ਸਫ਼ਲਤਾ ਦੀ ਖ਼ਬਰ ਮਿਲਦਿਆਂ ਹੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਉਚੇਚੇ ਤੌਰ ‘ਤੇ ਨੂਰ ਦੇ ਗ੍ਰਹਿ ਵਿਖੇ ਪਹੁੰਚੇ। ਹੋਣਹਾਰ ਨੌਜਵਾਨ ਅਤੇ ਉਸ ਦੇ ਮਾਪਿਆਂ ਨੂੰ ਵਿਧਾਇਕ ਨੇ ਖੁਦ ਘਰ ਪੁੱਜ ਕੇ ਵਧਾਈ ਦਿੱਤੀ
        ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੋਹਲੀ ਨੇ ਕਿਹਾ “ਨੂਰ ਸਿੰਗਲਾ ਨੇ ਆਪਣੀ ਅਣਥੱਕ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਸਦਕਾ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆਵਾਂ ਵਿੱਚੋਂ ਇੱਕ ਵਿੱਚੋਂ ਪਹਿਲਾ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ। ਅਜਿਹੇ ਬੇਹੱਦ ਹੋਣਹਾਰ ਨੌਜਵਾਨ ਸਾਡੇ ਸਮਾਜ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਲਈ ਇੱਕ ਮਹਾਨ ਪ੍ਰੇਰਣਾ ਸਰੋਤ ਹਨ। ਨੂਰ ਨੇ ਨਾ ਸਿਰਫ਼ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ, ਸਗੋਂ ਪੂਰੇ ਪੰਜਾਬ ਦਾ ਮਾਣ ਵਿਸ਼ਵ ਪੱਧਰ ‘ਤੇ ਵਧਾਇਆ ਹੈ।”
       ਵਿਧਾਇਕ ਕੋਹਲੀ ਨੇ ਅੱਗੇ ਕਿਹਾ ਕਿ ਪਟਿਆਲਾ ਦੀ ਧਰਤੀ ਹਮੇਸ਼ਾ ਹੀ ਮਾਨਸਿਕ ਅਤੇ ਬੌਧਿਕ ਪੱਧਰ ‘ਤੇ ਮੋਹਰੀ ਰਹੀ ਹੈ ਅਤੇ ਨੂਰ ਦੀ ਇਸ ਸਫ਼ਲਤਾ ਨੇ ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ। ਨੂਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਗੰਭੀਰ ਅਤੇ ਮਿਹਨਤੀ ਰਿਹਾ ਹੈ। ਉਸ ਦੀ ਦਿਨ-ਰਾਤ ਦੀ ਇਕਾਗਰਤਾ ਸਦਕਾ ਹੀ ਅੱਜ ਇਹ ਮੁਕਾਮ ਹਾਸਲ ਹੋਇਆ ਹੈ।
       ਨੂਰ ਦੀ ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਥਾਨਕ ਲੋਕਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਨੂਰ ਸਿੰਗਲਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
error: Content is protected !!