“ਧਰਨਾ ਦੇਣ ਆਏ , ‘ਦਿਲ’ ਦੇ ਕੇ ਚਲੇ ਗਏ: ‘ਆਪ’ ਦੇ ਪ੍ਰਦਰਸ਼ਨ ‘ਚ ਭਾਜਪਾ ਨੇ ਜਿੱਤਿਆ ‘ਆਪ’ ਵਾਲਿਆਂ ਦਾ ਦਿਲ “
“ਸਿਆਸਤ ਦੀ ਨਵੀਂ ਮਿਸਾਲ: ਵੀਡੀਓ ਨਕਲੀ, ਗੁੱਸਾ ਅਸਲੀ, ਢਿੱਲੋਂ ਦੀ ਚਾਹ ਨਸ਼ੀਲੀ..!”
ਹਰਿੰਦਰ ਨਿੱਕਾ, ਬਰਨਾਲਾ 20 ਜੂਨ 2026
ਰਾਜਨੀਤੀ ਵਿੱਚ ਦੁਸ਼ਮਣੀ ਅਤੇ ਦੋਸਤੀ ਦੇ ਵੱਖ-ਵੱਖ ਰੰਗ ਵੱਖੋ-ਵੱਖਰੇ ਮੌਕਿਆਂ ਤੇ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ, ਪਰ ਬਰਨਾਲਾ ਵਿੱਚ ਜੋ ਹੋਇਆ, ਉਸ ਨੇ ਸਿਆਸਤ ਦੇ ਸਾਰੇ ਪੁਰਾਣੇ ਰਿਕਾਰਡ ਹੀ ਤੋੜ ਦਿੱਤੇ । ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਥਿਤ ਨਕਲੀ ਵੀਡੀਓ ਦਾ ਸੀ, ਜਿਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ‘ਗਰਜਣ’ ਪਹੁੰਚੇ ਸਨ। ਪਰ ਗਰਜਣ ਤੋਂ ਪਹਿਲਾਂ ਹੀ ਗਰਮੀ ਨੇ ਅਜਿਹਾ ਕਹਿਰ ਢਾਹਿਆ ਕਿ ਕ੍ਰਾਂਤੀਕਾਰੀ ਵਰਕਰਾਂ ਨੇ ਕੇਵਲ ਸਿੰਘ ਦੇ ਬੂਹੇ ਅੱਗੇ ਧਰਨਾ ਦੇਣ ਦੀ ਬਜਾਏ ਨੇੜੇ ਖੜ੍ਹੇ ਇੱਕ ਵੱਡੇ ਸਾਰੇ ਰੁੱਖ ਦੀ ‘ਠੰਢੀ ਛਾਂ’ ਨੂੰ ਜ਼ਿਆਦਾ ਵਫਾਦਾਰ ਸਮਝਿਆ।

‘ਕਮਾਂਡਰ’ ਗਾਇਬ, ‘ਫੌਜ’ ਮੈਦਾਨ ਵਿੱਚ!
ਇਸ ਧਰਨੇ ਦੀ ਸਭ ਤੋਂ ਖੂਬਸੂਰਤ ਗੱਲ ਇਹ ਰਹੀ ਕਿ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਭੰਗੂ ਅਤੇ ਲੋਕ ਸਭਾ ਹਲਕਾ ਇੰਚਾਰਜ ਗੁਰਮੇਲ ਸਿੰਘ ਘਰਾਚੋਂ ਨੇ ਵਟਸਐਪ ‘ਤੇ ਮੈਸੇਜ ਛੱਡ ਕੇ ਵਰਕਰਾਂ ਨੂੰ ਸਵੇਰੇ 11 ਵਜੇ ਪਹੁੰਚਣ ਦਾ ਹੋਕਾ ਦਿੱਤਾ ਸੀ, ਉਹ ਖੁਦ ‘ਵਰਚੁਅਲ’ ਹੀ ਰਹਿ ਗਏ। ਧਰਨੇ ਵਿੱਚੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੀ ਧਰਨੇ ਦੀ ਲਿਸਟ ਵਿੱਚੋਂ ਗਾਇਬ ਸਨ । ਧਰਨੇ ਵਿੱਚ ਨਗਰ ਨਿਗਮ ਦੇ ਮੇਅਰ ਹਸਨਪ੍ਰ੍ਰੀਤ ਭਾਰਦਵਾਜ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉਗੋਕੇ, ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਮਾਰਕਿਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਯੂਥ ਆਗੂ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਇਸਵਿੰਦਰ ਸਿੰਘ ਜੰਡੂ, ਬਲਕਾ; ਸੰਮਤੀ ਮਹਿਲ ਕਲਾਂ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ, ਕੌਂਸਲਰ ਸੁਖਜੀਤ ਕੌਰ ਸੁੱਖੀ, ਕੌਸਲਰ ਲਾਲੀ ਸਰਪੰਚ, ਕੌਂਸਲਰ, ਰਜਿੰਦਰ ਸਿੰਘ ਰਾਜੂ ਆਪ ਆਗੂ ਤੇ ਸਾਬਕਾ ਮੀਤ ਪ੍ਰਧਾਨ ਪਰਮਜੀਤ ਸਿੰਘ ਜੌਂਟੀ ਮਾਨ ਆਦਿ ਹਾਜਿਰ ਰਹੇ। ਪ੍ਰਦਰਸ਼ਨਕਾਰੀ ਵਿਚਾਰੇ ਅੱਧਾ-ਪੌਣਾ ਘੰਟਾ ਤਿੱਖੀ ਧੁੱਪ ਵਿੱਚ ਆਪਣੇ ਆਗੂਆਂ ਅਤੇ ਸਾਥੀਆਂ ਦੀ ਉਡੀਕ ਕਰਦੇ ਰਹੇ ਅਤੇ ਫਿਰ ਰੁੱਖ ਹੇਠਾਂ ਬੈਠ ਕੇ ਭਾਜਪਾ ਵਿਰੁੱਧ ਭੜਾਸ ਕੱਢਣ ਲੱਗੇ ਕਿ, “ਵੀਡੀਓ ਵਾਲੇ ਬੰਦੇ ਦੀ ਕੱਦ-ਕਾਠੀ ਸਾਡੇ ਸੀਐਮ ਸਾਹਿਬ ਨਾਲ ਬਿਲਕੁਲ ਨਹੀਂ ਮਿਲਦੀ!”

🍵 ਧਰਨਾ ‘ਆਪ’ ਦਾ, ਚਾਹ ‘ਭਾਜਪਾ’ ਦੀ!
ਸਿਆਸਤ ਦੀ ਅਸਲ ‘ਕਲਾਈਮੈਕਸ’ ਅਜੇ ਬਾਕੀ ਸੀ। ਇੱਕ ਪਾਸੇ ਪਾਰਾ 45 ਡਿਗਰੀ ਨੂੰ ਪਾਰ ਕਰ ਰਿਹਾ ਸੀ ਤੇ ਦੂਜੇ ਪਾਸੇ ਭਾਜਪਾ ਖਿਲਾਫ ਨਾਅਰੇਬਾਜ਼ੀ ਚੱਲ ਰਹੀ ਸੀ। ਵਿਰੋਧੀਆਂ ਨੂੰ ਗਰਮੀ ਵਿੱਚ ਸੜਦੇ ਦੇਖ ਕੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੀਏ ਦੀਪ ਸੰਘੇੜਾ ਦਾ ‘ਪੰਜਾਬੀ ਦਿਲ’ ਪਸੀਜ ਗਿਆ। ਉਨ੍ਹਾਂ ਨੇ ਦੁਸ਼ਮਣੀ ਭੁਲਾ ਕੇ ਤੁਰੰਤ ਧਰਨਾਕਾਰੀਆਂ ਲਈ ਠੰਢੇ ਪਾਣੀ ਅਤੇ ਗਰਮਾ-ਗਰਮ ਚਾਹ ਦੇ ਖੁੱਲ੍ਹੇ ਗੱਫੇ ਵਰਤਾ ਦਿੱਤੇ।
‘ਆਪ’ ਦੇ ਕ੍ਰਾਂਤੀਕਾਰੀ ਵਰਕਰਾਂ ਨੇ ਵੀ ਮੌਕੇ ਦੀ ਨਜ਼ਾਕਤ ਨੂੰ ਪਛਾਣਿਆ ਅਤੇ ਨਾਅਰੇਬਾਜ਼ੀ ਰੋਕ ਕੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਧਰਨੇ ਦੀ ਸਮਾਪਤੀ ‘ਤੇ ‘ਆਪ’ ਕੌਂਸਲਰ ਮਮਤਾ ਰਾਣੀ ਦੇ ਪਤੀ ਨਵੀਨ ਕੌਂਸਲ ਨੇ ਚਾਹ ਦਾ ਆਖਰੀ ਘੁੱਟ ਭਰਦਿਆਂ ਭਾਜਪਾ ਆਗੂ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ ਦੇ ਸਾਹਮਣੇ ਹੀ ਕਹਿ ਦਿੱਤਾ “ਧਰਨਾ ਤਾਂ ਚਲੋ ਹੁੰਦਾ ਰਹੂ, ਪਰ ਕੇਵਲ ਸਿੰਘ ਢਿੱਲੋਂ ਨੇ ਤਾਂ ਅੱਜ ਸਾਡਾ ਦਿਲ ਹੀ ਜਿੱਤ ਲਿਆ!” ਵਰਣਨਯੋਗ ਹੈ ਕਿ ਸੂਬੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੇ ਧਰਨਾ ਦੇਣ ਪਹੁੰਚੇ ਪ੍ਰਦਰਸ਼ਨਕਾਰੀਆਂ ਲਈ ਕੁਰਸੀਆਂ ਅਤੇ ਚਾਹ ਪਾਣੀ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਿਆ ਸੀ।
ਹੁਣ ਇਸ ਨੂੰ ਸਿਆਸੀ ਭਾਈਚਾਰਾ ਕਹੀਏ ਜਾਂ ‘ਚਾਹ ਦੀ ਸਿਆਸਤ’, ਪਰ ਬਰਨਾਲੇ ਦੇ ਲੋਕ ਕਹਿ ਰਹੇ ਨੇ ਧਰਨਾ ਹੋਵੇ ਤਾਂ ਅਜਿਹਾ, ਜਿੱਥੇ ਗੁੱਸਾ ਵੀ ਠੰਢਾ ਹੋ ਜਾਵੇ ਤੇ ਚਾਹ ਵੀ ਮੁਫ਼ਤ ਮਿਲ ਜਾਵੇ!









