ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ, ਮਿੱਥੇ ਸਮੇਂ ‘ਤੇ ਪੂਰੇ ਹੋਣਗੇ ਪ੍ਰੋਜੈਕਟ: ਮੇਅਰ
ਐਮ.ਪੀ. ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਬਰਨਾਲਾ ‘ਚ ਚੱਲਣਗੇ ਨਵੇਂ ਵਿਕਾਸ ਪ੍ਰੋਜੈਕਟ
ਹਰਿੰਦਰ ਨਿੱਕਾ, ਬਰਨਾਲਾ 19 ਜੂਨ 2026
ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨ ਭਾਰਦਵਾਜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਮੇਅਰ ਨੇ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕੰਮਕਾਜ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ (ਐਮ.ਪੀ.) ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ।
ਵਿਕਾਸ ਕਾਰਜਾਂ ‘ਚ ਢਿੱਲ-ਮੱਠ ਬਰਦਾਸ਼ਤ ਨਹੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਅਰ ਹਸਨ ਭਾਰਦਵਾਜ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧੂਰੇ ਪਏ ਅਤੇ ਚੱਲ ਰਹੇ ਪ੍ਰੋਜੈਕਟਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਵਿਕਾਸ ਕਾਰਜ ਮਿੱਥੇ ਸਮੇਂ ਦੇ ਅੰਦਰ-ਅੰਦਰ ਪੂਰੇ ਕੀਤੇ ਜਾ ਸਕਣ। ਉਨਾਂ ਕਿਹਾ ਕਿ “ਕੰਮ ਦੀ ਰਫ਼ਤਾਰ ਦੇ ਨਾਲ-ਨਾਲ ਇਸਦੀ ਗੁਣਵੱਤਾ (ਕੁਆਲਿਟੀ) ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਹਰ ਪ੍ਰੋਜੈਕਟ ਵਿੱਚ ਉੱਚ ਪੱਧਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਈ ਜਾਵੇ।”
ਖੁਦ ਕਰਨਗੇ ਜ਼ਮੀਨੀ ਪੱਧਰ ‘ਤੇ ਨਿਰੀਖਣ ਮੇਅਰ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਖੁਦ ਵਿਕਾਸ ਕਾਰਜਾਂ ਵਾਲੀਆਂ ਥਾਂਵਾਂ ‘ਤੇ ਜਾ ਕੇ ਜ਼ਮੀਨੀ ਹਕੀਕਤ ਦਾ ਨਿਰੀਖਣ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਜਲਦੀ ਹੀ ਕੁਝ ਹੋਰ ਅਹਿਮ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀ: ਇਸ ਅਹਿਮ ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਤੋਂ ਇਲਾਵਾ ਨਿਗਰਾਨ ਇੰਜੀਨੀਅਰ, ਕਾਰਪੋਰੇਸ਼ਨ ਇੰਜੀਨੀਅਰ, ਜੇ.ਈ. (JE), ਡੀ.ਸੀ.ਐਫ਼.ਏ. (DCFA) ਅਤੇ ਨਗਰ ਨਿਗਮ ਦੇ ਹੋਰ ਪ੍ਰਮੁੱਖ ਕਰਮਚਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।







