“ਏਅਰਫੋਰਸ ਜਵਾਨ ਦੇ ਬੈਗ ‘ਚੋਂ ਲੱਖਾਂ ਦੀ ਅਫੀਮ ਬਰਾਮਦ!”
ਹਰਿੰਦਰ ਨਿੱਕਾ, ਬਰਨਾਲਾ 18 ਜੂਨ 2026
ਦੇਸ਼ ਦੀ ਆਨ-ਬਾਨ ਅਤੇ ਸ਼ਾਨ ਦੀ ਪ੍ਰਤੀਕ ਮੰਨੀ ਜਾਣ ਵਾਲੀ ਫ਼ੌਜੀ ਵਰਦੀ ਦੀ ਆੜ ਹੇਠ ਚੱਲ ਰਹੇ ਨਸ਼ੇ ਦੇ ਇੱਕ ਬਹੁਤ ਹੀ ਖ਼ਤਰਨਾਕ ਕਾਲੇ ਧੰਦੇ ਦਾ ਭਦੌੜ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਸਤੈਦੀ ਭਰੀ ਸਨਸਨੀਖੇਜ਼ ਕਾਰਵਾਈ ਕਰਦਿਆਂ, ਭਾਰਤੀ ਹਵਾਈ ਸੈਨਾ (Air Force) ਦੇ ਇੱਕ ਮੌਜੂਦਾ ਜਵਾਨ ਨੂੰ ਪਿੱਠੂ ਬੈਗ ਵਿੱਚ ਲੁਕਾ ਕੇ ਲਿਆਂਦੀ ਲੱਖਾਂ ਰੁਪਏ ਦੀ ਅਫੀਮ ਸਮੇਤ ਰੰਗੇ ਹੱਥੀਂ ਦਬੋਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੇਸ਼ ਦੇ ਰੱਖਿਅਕ ਵੱਲੋਂ ਹੀ ਮੋਟੇ ਮੁਨਾਫ਼ੇ ਦੇ ਲਾਲਚ ਵਿੱਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕਣ ਦੀ ਇਸ ਸ਼ਰਮਨਾਕ ਕੋਸ਼ਿਸ਼ ਨੇ ਸੁਰੱਖਿਆ ਏਜੰਸੀਆਂ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਹਨ। ਐਸ ਐਚ ਓ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐਸ ਐਸ ਪੀ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਜਸਕਰਨ ਸਿੰਘ ਦੀ ਅਗਵਾਈ ਵਿੱਚ ਨੇਪਰੇ ਚਾੜ੍ਹੀ ਗਈ ਹੈ। 
ਪੁਲਿਸ ਨੂੰ ਦੇਖ ਕੇ ਉੱਡੇ ਹੋਸ਼, ਭੱਜਣ ਦੀ ਕੋਸ਼ਿਸ਼
ਮਾਮਲੇ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ ਸਾਂਝੀ ਕਰਦਿਆਂ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਮਹਿਰੋਕ ਨੇ ਦੱਸਿਆ ਕਿ ਪੁਲਿਸ ਟੁਕੜੀ ਜਦੋਂ ਇਲਾਕੇ
ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜੰਗੀਆਣਾ ਬੱਸ ਅੱਡੇ ਦੇ ਨਜ਼ਦੀਕ ਤਾਇਨਾਤ ਸੀ, ਤਾਂ ਉੱਥੇ ਪਿੱਠ ‘ਤੇ ਬੈਗ ਪਾਈ ਖੜ੍ਹੇ ਇੱਕ ਸ਼ੱਕੀ ਨੌਜਵਾਨ ‘ਤੇ ਪੁਲਿਸ ਦੀ ਤਿੱਖੀ ਨਜ਼ਰ ਪਈ। ਜਿਵੇਂ ਹੀ ਪੁਲਿਸ ਕਰਮਚਾਰੀ ਉਸ ਦਾ ਨਾਮ-ਪਤਾ ਪੁੱਛਣ ਲਈ ਨਜ਼ਦੀਕ ਗਏ, ਤਾਂ ਨੌਜਵਾਨ ਘਬਰਾ ਗਿਆ। ਉਹ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਪਾਰਟੀ ਨੇ ਨਾਕਾਮ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਚੀਤੇ ਵਰਗੀ ਫੁਰਤੀ ਦਿਖਾਉਂਦੇ ਹੋਏ ਉਸ ਨੂੰ ਚਾਰੋਂ ਤਰਫ਼ੋਂ ਘੇਰ ਕੇ ਮੌਕੇ ‘ਤੇ ਹੀ ਦਬੋਚ ਲਿਆ।
ਬੈਗ ਖੋਲ੍ਹਦਿਆਂ ਹੀ ਪੁਲਿਸ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ!
ਜਦੋਂ ਪੁਲਿਸ ਨੇ ਫੜੇ ਗਏ ਨੌਜਵਾਨ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਬੈਗ ਦੇ ਅੰਦਰੋਂ ਤਿੰਨ ਕਿਲੋਗ੍ਰਾਮ ਅਫੀਮ ਬਰਾਮਦ ਹੋਈ, ਜਿਸ ਦੀ ਗੈਰ-ਕਾਨੂੰਨੀ ਬਾਜ਼ਾਰ ਵਿੱਚ ਅਨੁਮਾਨਿਤ ਕੀਮਤ ਲਗਭਗ 5 ਲੱਖ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਜਦੋਂ ਮੁਲਜ਼ਮ ਦੀ ਅਸਲੀਅਤ ਸਾਹਮਣੇ ਆਈ ਤਾਂ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ। ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਸਿਮਰਤਪਾਲ ਸਿੰਘ (ਵਾਸੀ ਪਿੰਡ ਬੁਤਾਲਾ, ਅੰਮ੍ਰਿਤਸਰ) ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਵਿੱਚ ਮੋਹਾਲੀ ਵਿਖੇ ਭਾਰਤੀ ਹਵਾਈ ਸੈਨਾ ਵਿੱਚ ਸਰਕਾਰੀ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। 
UP ਤੋਂ ਲਿਆਇਆ ਸੀ ਖੇਪ, ਕਮਾਉਣਾ ਸੀ ਮੋਟਾ ਮੁਨਾਫ਼ਾ
ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਕਥਿਤ ਜਵਾਨ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਹ ਇਹ ਨਸ਼ੀਲਾ ਪਦਾਰਥ ਉੱਤਰ ਪ੍ਰਦੇਸ਼ ਦੇ ਬਰੇਲੀ ਇਲਾਕੇ ਵਿੱਚੋਂ ਸਸਤੇ ਭਾਅ ਲੈ ਕੇ ਆਇਆ ਸੀ ਅਤੇ ਇਸ ਖੇਤਰ ਵਿੱਚ ਇਸ ਦੀ ਸਪਲਾਈ ਕਰਕੇ ਮਹਿੰਗੇ ਭਾਅ ਵੇਚਣ ਅਤੇ ਮੋਟਾ ਮੁਨਾਫ਼ਾ ਕਮਾਉਣ ਦੀ ਫਿਰਾਕ ਵਿੱਚ ਘੁੰਮ ਰਿਹਾ ਸੀ।
ਅਦਾਲਤ ਵੱਲੋਂ ਰਿਮਾਂਡ ਮਨਜ਼ੂਰ, ਖੁੱਲ੍ਹਣਗੇ ਵੱਡੇ ਰਾਜ਼!
ਭਦੌੜ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੂ ਕਾਨੂੰਨ (NDPS ਐਕਟ) ਅਧੀਨ ਮੁਕੱਦਮਾ ਦਰਜ ਕਰਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ੀ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ। ਥਾਣਾ ਮੁਖੀ ਅਨੁਸਾਰ ਹੁਣ ਦੋਸ਼ੀ ਕੋਲੋਂ ਪੁਲਿਸ ਹਿਰਾਸਤ ਦੌਰਾਨ ਬਹੁਤ ਹੀ ਡੂੰਘਾਈ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਗੈਰ-ਕਾਨੂੰਨੀ ਧੰਦੇ ਵਿੱਚ ਕਿਸ ਤਰ੍ਹਾਂ ਸ਼ਾਮਲ ਹੋਇਆ? ਹੁਣ ਤੱਕ ਉਹ ਦੇਸ਼ ਦੇ ਕਿਹੜੇ-ਕਿਹੜੇ ਹਿੱਸਿਆਂ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ੇ ਦੀ ਸਪਲਾਈ ਕਰ ਚੁੱਕਾ ਹੈ? ਅਤੇ ਭਦੌੜ ਇਲਾਕੇ ਵਿੱਚ ਇਹ ਲੱਖਾਂ ਰੁਪਏ ਦੀ ਅਫੀਮ ਦੀ ਵੱਡੀ ਖੇਪ ਅੱਗੇ ਕਿਸ ਮੁੱਖ ਨਸ਼ਾ ਤਸਕਰ ਜਾਂ ਗਾਹਕ ਨੂੰ ਸੌਂਪੀ ਜਾਣੀ ਸੀ? ਪੁਲਿਸ ਮੁਤਾਬਕ ਇਸ ਗ੍ਰਿਫ਼ਤਾਰੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਇਸ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਨਾਲ ਜੁੜੇ ਕਈ ਹੋਰ ਅਹਿਮ ਅਤੇ ਵੱਡੇ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ।







