ਪਹਿਲਾਂ ਪੁਲਿਸ ਦਾ ਪੂਰਾ ਜ਼ੋਰ ਹੱਤਿਆ ਨੂੰ ਹਾਦਸਾ ਬਣਾਉਣ ਤੇ ਲੱਗਿਆ ਰਿਹਾ ਤੇ ਫਿਰ…
ਹਰਿੰਦਰ ਨਿੱਕਾ, ਬਰਨਾਲਾ 7 ਜੂਨ 2027
ਜਿਸ ਘਟਨਾ ਨੂੰ ਖ਼ੂਨ ਦੇ ਛਿੱਟੇ ਦੇਖ ਕੇ ਵੀ ਪੁਲਿਸ ਮਹਿਜ਼ ਇੱਕ ‘ਹਾਦਸਾ’ ਕਰਾਰ ਦੇ ਕੇ ਰਫ਼ਾ-ਦਫ਼ਾ ਕਰਨ ਲਈ ਯਤਨਸ਼ੀਲ ਸੀ, ਆਖਿਰਕਾਰ ਮੀਡੀਆ ‘ਚ ਹੋ ਰਹੀ ਕਿਰਕਿਰੀ ਅਤੇ ਭਾਰੀ ਲੋਕ ਰੋਹ ਅੱਗੇ ਝੁਕਦਿਆਂ ਖਾਕੀ ਨੂੰ ਮੁਲਜ਼ਮਾਂ ਖਿਲਾਫ ਕਤਲ ਦਾ ਮੁਕਦਮਾ ਦਰਜ ਕਰਨਾ ਹੀ ਪਿਆ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਹਰਮਨ ਬਾਵਾ ਦੇ ਬਿਆਨਾਂ ਦੇ ਆਧਾਰ ‘ਤੇ 3 ਨਾਮਜ਼ਦ ਦੋਸ਼ੀਆਂ ਅਤੇ ਇੱਕ ਅਣਪਛਾਤੀ ਔਰਤ ਖਿਲਾਫ ਹੱਤਿਆ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਇਸ ਮਾਮਲੇ ਨੂੰ ਬਰਨਾਲਾ ਟੂਡੇ ਨੇ ਵੀ ਤੱਥਾਂ ਸਹਿਤ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਪ੍ਰਮੁੱਖਤਾ ਨਾਲ ਉਭਾਰਿਆ ਸੀ।

ਹੋਇਆ ਇਹ ਕਿ ਧਨੌਲਾ ਦੇ ਵੱਡੇ ਡੇਰੇ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਮ੍ਰਿਤਕ ਦਾ ਪੁੱਤਰ ਹਰਮਨ ਬਾਵਾ ਉਸ ਵਿੱਚ ਸਾਫ ਦੱਸ ਰਿਹਾ ਸੀ ਕਿ :- “ਮੈਂ ਅਤੇ ਮੇਰਾ ਭਰਾ ਆਪਣੇ ਪਿਤਾ ਤੇਜਿੰਦਰ ਦਾਸ ਨਾਲ ਪਿੰਡ ਅਤਰ ਸਿੰਘ ਵਾਲਾ ਵਿਖੇ ਆਪਣੀ ਜਮੀਨ ਵਾਹੁਣ ਗਏ ਸੀ। ਉੱਥੇ ਪਹੀ (ਰਸਤੇ) ਦੇ ਪੁਰਾਣੇ ਰੌਲੇ ਨੂੰ ਲੈ ਕੇ ਭੋਲਾ, ਨੀਟੂ ਅਤੇ ਗਾਂਧੀ ਨੇ ਸਾਡੇ ਨਾਲ ਤਕਰਾਰ ਸ਼ੁਰੂ ਕਰ ਦਿੱਤੀ। ਇੱਕ ਜਣੇ ਨੇ ਮੈਨੂੰ ਟ੍ਰੈਕਟਰ ਤੋਂ ਹੇਠਾਂ ਸੁੱਟ ਲਿਆ ਅਤੇ ਦੂਜਿਆਂ ਨੇ ਮੇਰੇ ਪਿਤਾ ਨੂੰ ਬੇਰਹਿਮੀ ਨਾਲ ਚੱਲਦੇ ਟ੍ਰੈਕਟਰ ਦੇ ਹਲਾਂ ਹੇਠ ਦਰੜ ਦਿੱਤਾ। ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀਆਂ ਨੇ ਸਾਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਅਜੇ ਵੀ ਜਾਨ ਦਾ ਖ਼ਤਰਾ ਹੈ।”

ਫਜੀਹਤ ਪਿੱਛੋਂ ਬਦਲਿਆ ਪੁਲਿਸ ਦਾ ਰੁੱਖ: ਹੋਈ ਐਫ ਆਈ ਆਰ
ਘਟਨਾ ਤੋਂ ਤੁਰੰਤ ਬਾਅਦ ਮੁਕਾਮੀ ਪੁਲਿਸ ਅਤੇ ਆਲ੍ਹਾ ਪੁਲਿਸ ਅਧਿਕਾਰੀ ਦੇ ਐਸ.ਐਚ.ਓ. ਇੰਸਪੈਕਟਰ ਬੜੇ ਦਾਅਵੇ ਨਾਲ ਇਸ ਨੂੰ ‘ਹਾਦਸਾ’ ਦੱਸ ਰਹੇ ਸਨ। ਪਰ ਜਦੋਂ ਮੀਡੀਆ ਵਿੱਚ ਪੁਲਿਸ ਦੀ ਫਜੀਹਤ ਹੋਈ, ਅਤੇ ਇਲਾਕੇ ਦੀਆਂ ਜੁਝਾਰੂ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਉਹ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦੇਣਗੇ ਤਾਂ ਪੁਲਿਸ ਨੇ ਤੁਰੰਤ ਯੂ-ਟਰਨ ਲੈਂਦਿਆਂ ਮੁਕਦਮਾ ਨੰਬਰ 96 ਮਿਤੀ 07-06-2026 ਦਰਜ ਕਰ ਲਿਆ। ਇਹ ਕੇਸ ਭੋਲਾ ਦਾਸ, ਸੁਖਪਾਲ ਦਾਸ, ਧਰਮਪਾਲ ਦਾਸ ਅਤੇ ਇੱਕ ਅਣਪਛਾਤੀ ਔਰਤ ਖਿਲਾਫ ਹੱਤਿਆ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਥਾਣਾ ਧਨੌਲਾ ਵਿਖੇ ਦਰਜ ਕੀਤਾ ਗਿਆ ਹੈ।
ਦੇਰ ਨਾਲ ਹੀ ਸਹੀ, ਪਰ ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮੀਡੀਆ ਅਤੇ ਜਨਤਾ ਦਾ ਦਬਾਅ ਨਾ ਹੁੰਦਾ, ਤਾਂ ਸ਼ਾਇਦ ਇਹ ਕਤਲ ਹਮੇਸ਼ਾ ਲਈ ਹਾਦਸਾ ਬਣਾ ਕੇ ਫ਼ਾਈਲਾਂ ਵਿੱਚ ਦਫ਼ਨ ਕਰ ਦਿੱਤਾ ਜਾਂਦਾ। ਹੁਣ ਦੇਖਣਾ ਇਹ ਹੋਵੇਗਾ ਕਿ ਇੰਨੀਆਂ ਸੰਗੀਨ ਧਾਰਾਵਾਂ ਲਗਾਉਣ ਤੋਂ ਬਾਅਦ ਪੁਲਿਸ ਮੁਲਜ਼ਮਾਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ।







