ਹਰਿੰਦਰ ਨਿੱਕਾ, ਬਰਨਾਲਾ 6 ਜੂਨ 2026
ਧਨੌਲਾ ਦੇ ਰਹਿਣ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਉਨਾਂ ਦੇ ਖੇਤ ‘ਚ ਲੰਘੀ ਕੱਲ੍ਹ ਦੇਰ ਸ਼ਾਮ ਹਲ ਵਾਹੁੰਦਿਆਂ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਾਨੂੰਨ ਵਿਵਸਥਾ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਪੁਲਿਸ ਇਸ ਨੂੰ ਮਹਿਜ਼ ਇੱਕ ‘ਹਾਦਸਾ’ ਕਰਾਰ ਦੇ ਕੇ ਪੱਲਾ ਝਾੜਦੀ ਨਜ਼ਰ ਆ ਰਹੀ ਹੈ, ਜਦਕਿ ਦੂਜੇ ਪਾਸੇ ਮੌਕੇ ‘ਤੇ ਮੌਜੂਦ ਮ੍ਰਿਤਕ ਦੇ ਜਵਾਨ ਪੁੱਤਰ ਦੀਆਂ ਚੀਕਾਂ ਅਤੇ ਰੂਹ ਕੰਬਾਊ ਦੋਸ਼ ਚੀਕ-ਚੀਕ ਕੇ ਇਸ ਨੂੰ ਬੇਰਹਿਮ ਕਤਲ ਦੱਸ ਰਹੇ ਹਨ। ਆਖਿਰ ਕਿਉਂ, ਮੁਕਾਮੀ ਪੁਲਿਸ ਇਸ ਖ਼ੂਨੀ ਖੇਡ ਨੂੰ ਸਧਾਰਨ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਲੋਕਾਂ ਦੇ ਜਿਹਨ ‘ਚ ਇਹ ਇੱਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ।
ਪੁੱਤਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਪਿਤਾ ਦੀ ਜਾਨ, ਚੱਲਿਆ ਮੌਤ ਦਾ ਟਰੈਕਟਰ!
ਧਨੌਲਾ ਸ਼ਹਿਰ ਦੇ ਵੱਡੇ ਡੇਰੇ ਵਾਲੇ ਤੇਜਿੰਦਰ ਦਾਸ ਉਰਫ਼ ਵਿੰਦਰੀ ਬਾਵਾ ਦੀ ਮੌਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਮ੍ਰਿਤਕ ਦੇ ਪੁੱਤਰ ਹਰਮਨ ਬਾਵਾ ਦਾ ਦਰਦ ਹੰਝੂ ਬਣ ਕੇ ਵਹਿ ਰਿਹਾ ਹੈ। ਹਰਮਨ ਨੇ ਦੱਸਿਆ ਕਿ ਲੰਘੀ ਕੱਲ੍ਹ ਦੇਰ ਸ਼ਾਮ ਉਹ ਅਤੇ ਉਸ ਦਾ ਭਰਾ ਆਪਣੇ ਪਿਤਾ ਤੇਜਿੰਦਰ ਦਾਸ ਨਾਲ ਪਿੰਡ ਅਤਰ ਸਿੰਘ ਵਾਲਾ ਵਿਖੇ ਆਪਣੀ ਜ਼ਮੀਨ ਵਾਹੁਣ ਗਏ ਸਨ।
ਖੇਤ ਪਹੁੰਚਦਿਆਂ ਹੀ ਪਹੀ (ਰਸਤੇ) ਦੇ ਪੁਰਾਣੇ ਰੌਲੇ ਨੂੰ ਲੈ ਕੇ ਭੋਲਾ, ਨੀਟੂ ਅਤੇ ਗਾਂਧੀ ਨਾਮ ਦੇ ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ। ਤਕਰਾਰ ਇੰਨੀ ਵਧ ਗਈ ਕਿ ਦੋਸ਼ੀਆਂ ਚੋਂ ਇੱਕ ਜਣੇ ਨੇ, ਉਸ ਦੇ ਪਿਤਾ ਨੂੰ ਟਰੈਕਟਰ ਤੋਂ ਥੱਲੇ ਸੁੱਟ ਲਿਆ ਅਤੇ ਦੂਜੇ ਦੋ ਜਣਿਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਤੇਜਿੰਦਰ ਦਾਸ ਨੂੰ ਚੱਲਦੇ ਟਰੈਕਟਰ ਦੇ ਹਲਾਂ ਹੇਠ ਦਰੜ ਦਿੱਤਾ। ਹਲਾਂ ਦੀਆਂ ਤਿੱਖੀਆਂ ਫਾਲੀਆਂ ਪਿਤਾ ਦੇ ਜਿਸਮ ਨੂੰ ਚੀਰਦੀਆਂ ਲੰਘ ਗਈਆਂ। ਪੁੱਤਾਂ ਦੇ ਸਾਹਮਣੇ ਉਹਨਾਂ ਦਾ ਪਿਤਾ ਖ਼ੂਨ ਨਾਲ ਲੱਥਪੱਥ ਹੋ ਕੇ ਦਮ ਤੋੜ ਗਿਆ। ਮੌਤ ਦਾ ਇਹ ਭਿਆਨਕ ਤਾਂਡਵ ਦੇਖ ਕੇ ਬੱਚੇ ਡਰ ਕੇ ਦੂਰ ਭੱਜ ਗਏ ਅਤੇ ਜਦੋਂ ਵਾਪਸ ਪਰਤੇ ਤਾਂ ਪਿਤਾ ਦੀ ਲਾਸ਼ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪੁਲਿਸ: ਹਾਦਸੇ ਦੀ ਥਿਊਰੀ ‘ਤੇ ਉੱਠੇ ਤਿੱਖੇ ਸਵਾਲ?
ਦੂਜੇ ਪਾਸੇ, ਥਾਣਾ ਧਨੌਲਾ ਦੇ ਐਸ.ਐਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਅਤੇ ਨੇੜਲੇ ਲੋਕਾਂ ਦੇ ਬਿਆਨਾਂ ਅਨੁਸਾਰ ਇਹ ਘਟਨਾ ਇੱਕ ਹਾਦਸਾ ਹੈ, ਕਤਲ ਨਹੀਂ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਕਾਰਜਪ੍ਰਣਾਲੀ ਕਟਿਹਰੇ ਵਿੱਚ..:
-
ਪਹਿਲਾ ਸਵਾਲ: ਆਖਿਰ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਨੂੰ ਜਲਦਬਾਜੀ ਵਿੱਚ ‘ਹਾਦਸਾ’ ਕਿਵੇਂ ਕਹਿ ਰਹੀ ਹੈ ?
-
ਦੂਜਾ ਸਵਾਲ: ਮੌਕੇ ਦੇ ਅਸਲ ਗਵਾਹ (ਮ੍ਰਿਤਕ ਦੇ ਪੁੱਤਰ) ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਕਰਕੇ, ਪੁਲਿਸ “ਨੇੜਲੇ ਲੋਕਾਂ” ਦੀਆਂ ਗੱਲਾਂ ਨੂੰ ਤਰਜੀਹ ਕਿਉਂ ਦੇ ਰਹੀ ਹੈ ?
- ਕੀ ਕੋਈ ਪੁੱਤਰ ਆਪਣੇ ਪਿਤਾ ਦੀ ਤੜਫ਼ਦੀ ਲਾਸ਼ ਸਾਹਮਣੇ ਰੱਖ ਕੇ ਕਤਲ ਦੀ ਝੂਠੀ ਕਹਾਣੀ ਘੜੇਗਾ..?
- ਪੁਲਿਸ ਵੱਲੋਂ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਇਹ ਕਾਹਲ ਸ਼ੱਕ ਦੀ ਸੂਈ ਨੂੰ ਖਾਕੀ ਵੱਲ ਵੀ ਘੁਮਾਉਂਦੀ ਹੈ। ਪੂਰਾ ਇਲਾਕਾ ਹੁਣ ਸਦਮੇ ਵਿੱਚ ਹੈ ਅਤੇ ਸਵਾਲ ਪੁੱਛ ਰਿਹਾ ਹੈ ਕਿ ਕੀ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇਗਾ, ਜਾਂ ਇਹ ਖ਼ੂਨੀ ਸੱਚ ਪੁਲਿਸ ਦੀਆਂ ਫ਼ਾਈਲਾਂ ਵਿੱਚ ਹੀ ਦਫ਼ਨ ਹੋ ਕੇ ਰਹਿ ਜਾਵੇਗਾ?







