ਪੰਜਾਬ ਵਿੱਚ 8 ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਲਈ ਰਾਹ ਪੱਧਰਾ
ਸੋਨੀਆ ਸੰਧੂ, ਚੰਡੀਗੜ੍ਹ, 6 ਜੂਨ 2026
ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ 8 ਨਗਰ ਨਿਗਮਾਂ ਦੀਆਂ ਆਮ ਚੋਣਾਂ ਤੋਂ ਬਾਅਦ ਹੁਣ ਮੇਅਰ ਦੀਆਂ ਵੱਕਾਰੀ ਕੁਰਸੀਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ (ਮਿਉਂਸਪਲ ਚੋਣਾਂ ਸ਼ਾਖਾ), ਪੰਜਾਬ ਵੱਲੋਂ 5 ਜੂਨ 2026 ਨੂੰ ਇੱਕ ਅਹਿਮ ਸਰਕਾਰੀ ਪੱਤਰ ਜਾਰੀ ਕਰਕੇ ਨਗਰ ਨਿਗਮਾਂ ਦੇ ਮੇਅਰ ਦੇ ਅਹੁਦਿਆਂ ਲਈ ਰਿਜ਼ਰਵੇਸ਼ਨ (ਰਾਖਵੇਂਕਰਨ) ਦੀ ਸਥਿਤੀ ਸਾਫ਼ ਕਰ ਦਿੱਤੀ ਗਈ ਹੈ। 
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮਿਤੀ 26 ਮਈ 2026 ਨੂੰ ਹੋਈਆਂ 8 ਨਗਰ ਨਿਗਮਾਂ ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਚੋਣਾਂ ਤੋਂ ਬਾਅਦ ਨਵੇਂ ਨਿਯਮਾਂ ਤਹਿਤ ਰੋਸਟਰ ਤੈਅ ਕੀਤਾ ਗਿਆ ਹੈ।
ਮੋਗਾ ਵਿੱਚ ਪੱਛੜੀਆਂ ਸ਼੍ਰੇਣੀਆਂ ਦਾ ਦਬਦਬਾ, ਬਾਕੀ 7 ਸ਼ਹਿਰ ਜਨਰਲ
“The Punjab Reservation for the Offices of Mayors of Municipal Corporations Rules, 2017” ਦੇ ਨਿਯਮਾਂ ਅਨੁਸਾਰ, ਨਗਰ ਨਿਗਮ ਮੋਗਾ ਦੇ ਮੇਅਰ ਦਾ ਅਹੁਦਾ “ਪੱਛੜੀਆਂ ਸ਼੍ਰੇਣੀਆਂ” (BC ਵਰਗ) ਦੇ ਮੈਂਬਰਾਂ ਲਈ ਰਾਖਵਾਂ (Reserve) ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਮੋਗਾ ਦਾ ਅਗਲਾ ਮੇਅਰ ਲਾਜ਼ਮੀ ਤੌਰ ‘ਤੇ BC ਸ਼੍ਰੇਣੀ ਵਿੱਚੋਂ ਹੀ ਚੁਣਿਆ ਜਾਵੇਗਾ। ਦੂਜੇ ਪਾਸੇ, ਬਾਕੀ ਰਹਿੰਦੀਆਂ 7 ਨਗਰ ਨਿਗਮਾਂ (ਅਬੋਹਰ, ਬਟਾਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਪਠਾਨਕੋਟ ਅਤੇ ਐਸ.ਏ.ਐਸ. ਨਗਰ) ਦੇ ਮੇਅਰ ਦੇ ਅਹੁਦਿਆਂ ਨੂੰ ਜਨਰਲ (Open) ਰੱਖਿਆ ਗਿਆ ਹੈ, ਜਿੱਥੇ ਕਿਸੇ ਵੀ ਵਰਗ ਦਾ ਕੌਂਸਲਰ ਮੇਅਰ ਬਣ ਸਕਦਾ ਹੈ।
ਡਿਵੀਜ਼ਨਲ ਕਮਿਸ਼ਨਰਾਂ ਨੂੰ ਜਲਦ ਮੀਟਿੰਗਾਂ ਸੱਦਣ ਦੇ ਹੁਕਮ
ਵਿਭਾਗ ਦੇ ਡਿਪਟੀ ਡਾਇਰੈਕਟਰ ਦਿਲੀਪ ਕੁਮਾਰ ਵੱਲੋਂ ਜਲੰਧਰ, ਫਿਰੋਜ਼ਪੁਰ, ਪਟਿਆਲਾ, ਰੂਪਨਗਰ ਅਤੇ ਫਰੀਦਕੋਟ ਦੇ ਡਵੀਜ਼ਨਲ ਕਮਿਸ਼ਨਰਾਂ ਨੂੰ ਲਿਖਤੀ ਹਦਾਇਤ ਕੀਤੀ ਗਈ ਹੈ ਕਿ ਉਹ “The Punjab Municipal Corporation Mayor, Senior Deputy Mayor and Deputy Mayor Election Rules, 1991” ਦੇ ਨਿਯਮ 3(1) ਤਹਿਤ ਆਪਣੇ ਅਧਿਕਾਰ ਖੇਤਰ ਦੀਆਂ ਨਗਰ ਨਿਗਮਾਂ ਦੇ ਮੇਅਰਾਂ, ਸੀਨੀਅਰ ਡਿਪਟੀ ਮੇਅਰਾਂ ਅਤੇ ਡਿਪਟੀ ਮੇਅਰਾਂ ਦੀ ਚੋਣ ਲਈ ਤੁਰੰਤ ਮੀਟਿੰਗਾਂ ਸੱਦਣ।
ਪੱਤਰ ਵਿੱਚ ਵਿਸ਼ੇਸ਼ ਤੌਰ ‘ਤੇ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਚੋਣਾਂ ਜਿੱਤ ਕੇ ਆਏ ਨਵੇਂ ਮੈਂਬਰਾਂ (ਕੌਂਸਲਰਾਂ) ਨੂੰ ਅਹੁਦੇ ਦੀ ਸਹੁੰ ਚੁਕਾਈ ਜਾਵੇ। ਉਸ ਤੋਂ ਤੁਰੰਤ ਬਾਅਦ ਮੇਅਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੋਗਾ ਨਗਰ ਨਿਗਮ ਵਿੱਚ ਨਿਰਧਾਰਿਤ ਰਾਖਵੀਂ ਸ਼੍ਰੇਣੀ ਦੇ ਮੈਂਬਰ ਨੂੰ ਹੀ ਮੇਅਰ ਦੀ ਕੁਰਸੀ ‘ਤੇ ਬਿਠਾਇਆ ਜਾਵੇ।
ਇਸ ਫੈਸਲੇ ਤੋਂ ਬਾਅਦ ਜਿੱਥੇ ਮੋਗਾ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਕੌਂਸਲਰਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਬਾਕੀ 7 ਸ਼ਹਿਰਾਂ ਵਿੱਚ ਜਨਰਲ ਸੀਟਾਂ ਹੋਣ ਕਾਰਨ ਮੇਅਰ ਦੀ ਦੌੜ ਲਈ ਸਿਆਸੀ ਜੋੜ-ਤੋੜ ਹੋਰ ਵੀ ਰੋਮਾਂਚਕ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵੱਖ-ਵੱਖ ਪਾਰਟੀਆਂ ਆਪਣੇ ਕਿਹੜੇ ਚਿਹਰਿਆਂ ਨੂੰ ਮੇਅਰ ਦੀ ਕੁਰਸੀ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੁੰਦੀਆਂ ਹਨ।







