ਮੇਅਰ ਦੇ ਵਧਾਈ ਫਲੈਕਸਾਂ ਤੋਂ ‘ਪ੍ਰਧਾਨ’ ਗਾਇਬ, ਬਰਨਾਲਾ ’ਚ ਸਿਆਸੀ ਮਾਹੌਲ ਗਰਮ!
ਹਰਿੰਦਰ ਨਿੱਕਾ, ਬਰਨਾਲਾ, 14 ਜੂਨ 2026
ਕਿਹਾ ਤਾਂ ਅਕਸਰ ਇਹੋ ਜਾਂਦਾ ਹੈ ਕਿ ਸਿਆਸਤ ਦੀ ਖੇਡ ‘ਚ ਤਸਵੀਰਾਂ ਬੋਲਦੀਆਂ ਹਨ, ਪਰ ਬਰਨਾਲਾ ਵਿੱਚ ਤਾਂ ਤਸਵੀਰ ਦਾ ‘ਨਾ ਹੋਣਾ’ ਹੀ ਚੀਕ-ਚੀਕ ਕੇ ਪਾਰਟੀ ਦੇ ਅੰਦਰੂਨੀ ਕਲੇਸ਼ ਦੀ ਕਹਾਣੀ ਬਿਆਨ ਕਰ ਰਿਹਾ ਹੈ! ਬਰਨਾਲਾ ਨਗਰ ਨਿਗਮ ’ਚ ਆਮ ਆਦਮੀ ਪਾਰਟੀ ਨੇ ਆਪ ਆਗੂ ਹਸਨਪ੍ਰੀਤ ਭਾਰਦਵਾਜ ਨੂੰ ਆਪਣਾ ਪਲੇਠਾ ਮੇਅਰ ਬਣਾ ਕੇ ਅਜੇ ਜਸ਼ਨ ਮਨਾਉਣਾ ਸ਼ੁਰੂ ਹੀ ਕੀਤਾ ਸੀ ਕਿ ਸ਼ਹਿਰ ਦੇ ਚੌਕਾਂ-ਚੌਰਾਹਿਆਂ ’ਚ ਲੱਗੇ ‘ਵਧਾਈ’ ਫਲੈਕਸ ਬੋਰਡਾਂ ਨੇ ਖੁਸ਼ੀ ਦੇ ਮਾਹੌਲ ਨੂੰ ਇੱਕ ਅਜਿਹੇ ‘ਸਿਆਸੀ ਸਸਪੈਂਸ’ ਵਿੱਚ ਬਦਲ ਦਿੱਤਾ ਹੈ, ਜਿਸ ਨੇ ਵਿਰੋਧੀਆਂ ਨੂੰ ਹੱਸਣ ਅਤੇ ‘ਆਪ’ ਦੇ ਸੁਹਿਰਦ ਵਰਕਰਾਂ ਨੂੰ ਮੂੰਹ ਵਿੱਚ ਉਂਗਲਾਂ ਪਾ ਕੇ, ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਾਰਟੀ ਅੰਦਰ ‘ਈਗੋ’ ਇਸ ਕਦਰ ਸੁਪਰਹਿੱਟ ਹੋ ਚੁੱਕੀ ਹੈ ਕਿ ਨਵੇਂ ਮੇਅਰ ਦੀ ਜਿੱਤ ਦੀ ਲਾਲੀ ਅਜੇ ਚਿਹਰਿਆਂ ’ਤੇ ਆਈ ਹੀ ਸੀ ਕਿ ਅਣਦੇਖੀ ਦੀ ਕਾਲਖ ਨੇ ਬੋਰਡਾਂ ਦਾ ਰੰਗ ਫਿੱਕਾ ਪਾ ਦਿੱਤਾ। 
ਦਿੱਲੀ ਵਾਲੇ ‘ਖ਼ਾਸ’ , ਜ਼ਿਲ੍ਹਾ ‘ਪ੍ਰਧਾਨ’ ਬੋਰਡ ਤੋਂ ਆਊਟ !
ਦਰਅਸਲ, ਨਵੇਂ ਬਣੇ ਮੇਅਰ ਹਸਨਪ੍ਰੀਤ ਭਾਰਦਵਾਜ ਦੀ ਤਾਜਪੋਸ਼ੀ ਦੀ ਖੁਸ਼ੀ ਵਿੱਚ ‘ਸਮੂਹ ਵਰਕਰਾਂ’ ਦੇ ਨਾਮ ਹੇਠ ਵੱਡੇ-ਵੱਡੇ ਬੋਰਡ ਟੰਗੇ ਗਏ ਹਨ। ਇਨ੍ਹਾਂ ਬੋਰਡਾਂ ’ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ ਤੋਂ ਲੈ ਕੇ ਵਿਧਾਇਕਾਂ ਕੁਲਵੰਤ ਪੰਡੋਰੀ, ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਤੱਕ ਦੀਆਂ ਲਿਸ਼ਕਦੀਆਂ ਤਸਵੀਰਾਂ ਮੌਜੂਦ ਹਨ। ਪਰ, ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਸਾਰੀ ਫੋਟੋ-ਗੇਲਰੀ ਵਿੱਚੋਂ ਪਾਰਟੀ ਦੇ ਦਿੱਲੀ ਵਾਲਿਆਂ ਦੇ ਚਹੇਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਦੀ ਤਸਵੀਰ ਹੀ ਗਾਇਬ ਮਿਲੀ! ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਿਰਫ਼ ਇੱਕ ‘ਡਿਜ਼ਾਈਨਰ ਦੀ ਗਲਤੀ’ ਹੈ ਜਾਂ ਫਿਰ ‘ਆਪ’ ਦੇ ਅੰਦਰ ਚੱਲ ਰਹੀ ਕਿਸੇ ਵੱਡੀ ਸਿਆਸੀ ਖਿੱਚੋਤਾਣ ਦਾ ਲਾਈਵ ਟ੍ਰੇਲਰ..? 
ਪਹਿਲਾਂ ਬਾਠ ਨੇ ਡੋਬੀ ਬੇੜੀ, ਹੁਣ ਭੰਗੂ ਚਲਾਉਣਗੇ ਬਗਾਵਤੀ ਚੱਪੂ ?
ਹੁਣ ਇਸ ਨੂੰ ਸਿਰਫ਼ ਇੱਕ ਮੌਕਾ ਮੇਲ ਸਮਝਿਆ ਜਾਵੇ ਜਾਂ ਕਿਸੇ ਡੂੰਘੀ ਅੰਦਰੂਨੀ ਪਲਾਨਿੰਗ ਦਾ ਹਿੱਸਾ, ਪਰ ਇਸ ਤਸਵੀਰ ਕਾਂਡ ਨੇ ਬਰਨਾਲਾ ‘ਆਪ’ ਦਾ ਉਹ ਦਰਦਨਾਕ ਇਤਿਹਾਸ ਯਾਦ ਕਰਵਾ ਦਿੱਤਾ ਹੈ ਜਿਸ ਨੂੰ ਪਾਰਟੀ ਲੀਡਰਸ਼ਿਪ ਭੁੱਲਣਾ ਚਾਹੁੰਦੀ ਸੀ।
🔍 ਯਾਦ ਕਰੋ ਲੰਘੀ ਜ਼ਿਮਨੀ ਚੋਣ ਦਾ ਉਹ ‘ਧੋਬੀ ਪਟੜਾ’:
ਇਸੇ ਤਰ੍ਹਾਂ ਹਲਕੇ ’ਤੇ ਕਾਬਿਜ ਧੜੇ ਦੀ ਕਥਿਤ ਅਣਦੇਖੀ ਕਾਰਨ ‘ਆਪ’ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਸੀ। ਨਤੀਜਾ ਕੀ ਨਿਕਲਿਆ? ਆਮ ਆਦਮੀ ਪਾਰਟੀ ਦੇ ਇਸੇ ਮਜ਼ਬੂਤ ਗੜ੍ਹ ਵਿੱਚ ਬਾਠ ਨੇ ਪਾਰਟੀ ਨੂੰ ਅਜੇਹਾ ‘ਧੋਬੀ ਪਟੜਾ’ ਮਾਰਿਆ ਕਿ ਸਾਰੇ ਸਿਆਸੀ ਸਮੀਕਰਨ ਚਿੱਤ ਹੋ ਗਏ। ‘ਆਪ’ ਦੀ ਇਸੇ ਆਪਸੀ ਫੁੱਟ ਦਾ ਫਾਇਦਾ ਉਠਾ ਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣਾ ਦਾਅ ਲਾ ਗਿਆ ਸੀ।

ਅੱਜ ਹਾਲਾਤ ਫਿਰ ਉੱਥੇ ਹੀ ਆ ਖੜ੍ਹੇ ਹੋਏ ਹਨ। ਫ਼ਰਕ ਸਿਰਫ਼ ਐਨਾ ਹੈ ਕਿ ਕਿਰਦਾਰ ਬਦਲ ਗਏ ਹਨ। ਓਹੀ ਜ਼ਿਲ੍ਹਾ ਪ੍ਰਧਾਨਗੀ ਦਾ ਅਹੁਦਾ ਹੈ, ਓਹੀ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਹੈ, ਪਰ ਅਣਦੇਖੀ ਦਾ ਸ਼ਿਕਾਰ ਹੋਣ ਵਾਲਾ ਚਿਹਰਾ ਹੁਣ ਪਰਮਿੰਦਰ ਸਿੰਘ ਭੰਗੂ ਦਾ ਹੈ! ਵਿਧਾਨ ਸਭਾ ਚੋਣਾਂ ਵਿੱਚ ਹੁਣ ਗਿਣਵੇਂ ਮਹੀਨੇ ਹੀ ਬਾਕੀ ਰਹਿ ਗਏ ਹਨ। ਅਜਿਹੇ ਨਾਜ਼ੁਕ ਮੋੜ ’ਤੇ ਪਾਰਟੀ ਦੇ ਇੰਨੇ ਵੱਡੇ ਲੀਡਰ ਦੀ ਕੀਤੀ ਜਾ ਰਹੀ ਇਹ ਜਨਤਕ ਅਣਦੇਖੀ ਆਉਣ ਵਾਲੀਆਂ ਚੋਣਾਂ ਵਿੱਚ ਕੀ ਗੁਲ ਖਿਲਾਉਂਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।
ਨਿਗਮ ਦੇ ਵਿਹੜੇ ’ਚ ਹਾਜ਼ਰ ਨੇਤਾ, ਫਲੈਕਸ ਵਿੱਚ ‘ਲੱੱਭਿਆ ਹੀ ਨਹੀਂ
ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਮੇਅਰ ਦੀ ਚੋਣ ਪ੍ਰਕਿਰਿਆ ਚੱਲ ਰਹੀ ਸੀ, ਉਦੋਂ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਭੰਗੂ ਖੁਦ ਨਗਰ ਨਿਗਮ ਦੇ ਵਿਹੜੇ ਵਿੱਚ ਮੌਜੂਦ ਸਨ। ਪਰ ਲੋਕਾਂ ਨੂੰ ਹੈਰਾਨੀ ਇਹ ਹੈ ਕਿ, ਜੋ ਨੇਤਾ ਹਕੀਕਤ ਵਿੱਚ ਸਭ ਦੇ ਸਾਹਮਣੇ ਖੜ੍ਹਾ ਸੀ, ਉਸ ਨੂੰ ਫਲੈਕਸ ਦੀ ਕਲਪਨਾ ਵਿੱਚੋਂ ਬਾਹਰ ਕਰ ਦਿੱਤਾ ਗਿਆ। ਵਿਰੋਧੀਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਜੇਕਰ ‘ਆਪ’ ਵਿੱਚ ਸਭ ਅੱਛਾ ਹੋੁੰਦਾ, ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਦੂਜੀ ਵਿਸ਼ੇਸ਼ ਮੀਟਿੰਗ ਵਿੱਚ ਵੀ ਲਟਕਦੀ ਨਾ ਰਹੀ ਹੁੰਦੀ। ‘ਅਣਦੇਖੀ ਨਹੀਂ, ਵੱਡਾ ਸਿਆਸੀ ਸੁਨੇਹਾ ਹੈ’: ਅਕਾਲੀ ਦਲ ਦਾ ਤੰਜ਼
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਇਸ ਮੌਕੇ ’ਤੇ ਚੁਟਕੀ ਲੈਂਦਿਆਂ ਕਿਹਾ:
“ਬਰਨਾਲਾ ‘ਆਪ’ ਦੇ ਅੰਦਰ ਲੰਮੇ ਸਮੇਂ ਤੋਂ ਅੰਦਰੂਨੀ ਜੰਗ ਚੱਲ ਰਹੀ ਹੈ, ਜੋ ਹੁਣ ਸੜਕਾਂ ’ਤੇ ਲੱਗੇ ਬੋਰਡਾਂ ਰਾਹੀਂ ਜਨਤਕ ਹੋ ਗਈ ਹੈ। ਜੇਕਰ ਹਲਕਾ ਇੰਚਾਰਜ ਦੀ ਤਸਵੀਰ ਲੱਗ ਸਕਦੀ ਹੈ, ਤਾਂ ਜ਼ਿਲ੍ਹਾ ਪ੍ਰਧਾਨ ਦੀ ਤਸਵੀਰ ਗਾਇਬ ਹੋਣਾ ਕੋਈ ਅਣਗਹਿਲੀ ਨਹੀਂ, ਸਗੋਂ ਵੱਡੇ ਘਰ ਦੇ ਅੰਦਰੋਂ ਦਿੱਤਾ ਗਿਆ ਇੱਕ ਵੱਡਾ ‘ਸਿਆਸੀ ਸੁਨੇਹਾ’ ਹੈ, ਜਿਸ ਦਾ ਖ਼ਾਮਿਆਜ਼ਾ ਇਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਭੁਗਤਣਾ ਵੀ ਪੈ ਸਕਦਾ ਹੈ।”







