ਬਲਾਕ ਬਰਨਾਲਾ ਦੇ 73 ਵੇਂ ਅਤੇ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਖੁੱਡੀ ਕਲਾਂ ਦੇ ਕ੍ਰਿਸ਼ਨ ਚੰਦ ਇੰਸਾਂ
ਰਘਵੀਰ ਹੈਪੀ, ਬਰਨਾਲਾ 3 ਜੂਨ 2026
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਦੁੱਖ- ਸੁੱਖ ਇੱਕ ਸਮਾਨ ਜਾਪਦੇ ਹਨ। ਕਿਉਂਕਿ ਉਹ ਦੁੱਖ ਵਿੱਚ ਵੀ ਮਾਨਵਤਾ ਭਲਾਈ ਦਾ ਪੱਲ੍ਹਾ ਨਹੀਂ ਛੱਡਦੇ। ਅਜਿਹੀ ਇੱਕ ਬੇਮਿਸਾਲ ਉਦਾਰਹਰਣ ਪਿੰਡ ਖੁੱਡੀ ਕਲਾਂ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਹੈ, ਜਿੰਨ੍ਹਾਂ ਆਪਣੇ ਬਜ਼ੁਰਗਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਹੈ। ਪਰਿਵਾਰ ਦੇ ਇਸ ਉਪਰਾਲੇ ਦੀ ਪੰਚਾਇਤ ਸਣੇ ਪਿੰਡ ਵਾਸੀਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਚੰਦ ਇੰਸਾਂ (65) ਦੀ ਬੁੱਧਵਾਰ ਸਵੇਰੇ ਅਚਾਨਕ ਹੀ ਮੌਤ ਹੋ ਗਈ। ਜਿਸ ਨੂੰ ਪਰਿਵਾਰ ਨੇ ਕੁੱਲ ਮਾਲਕ ਦੇ ਭਾਣਾ ਮੰਨਦੇ ਹੋਏ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ। ਜਿਸ ਦੇ ਤਹਿਤ ਕ੍ਰਿਸ਼ਨ ਚੰਦ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀਆਂ ਧੀਆਂ ਅਤੇ ਹੋਰ ਪਰਿਵਾਰਕ ਔਰਤਾਂ ਵੱਲੋਂ ਮੋਢਾ ਦਿੱਤਾ ਗਿਆ। ਇਸ ਤੋਂ ਬਾਅਦ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਸਰੀਰਦਾਨੀ ਕ੍ਰਿਸ਼ਨ ਚੰਦ ਇੰਸਾਂ ਅਮਰ ਰਹੇ’ ਆਦਿ ਨਾਅਰੇ ਮਾਰਦੇ ਹੋਏ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਸਰਪੰਚ ਸਿਮਰਜੀਤ ਸਿੰਘ ਸਿੰਮੀ ਤੇ ਸਮੂਹ ਪੰਚਾਇਤ ਵੱਲੋਂ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਮੈਡੀਕਲ ਖੋਜ਼ ਕਾਰਜਾਂ ਲਈ ਰਵਾਨਾ ਕੀਤਾ ਗਿਆ। ਪਿੰਡ ਦੇ ਸੱਚੇ ਪੇ੍ਰਮੀ ਸੇਵਕ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕ੍ਰਿਸ਼ਨ ਚੰਦ ਇੰਸਾਂ ਵੱਲੋਂ ਜੀਉਂਦੇ ਜੀਅ ਹੀ ਪੂਜਨੀਕ ਗੁਰੂ ਜੀ ਨਾਲ ਲਿਖ਼ਤੀ ਰੂਪ ਵਿੱਚ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਜਿਸ ਨੂੰ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਆਪਸੀ ਸਹਿਮਤੀ ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਚੰਦ ਇੰਸਾਂ ਨੇਕ ਇੰਸਾਂ ਹੋਣ ਦੇ ਨਾਲ ਨਾਲ ਸੇਵਾ ਕਾਰਜਾਂ ’ਚ ਹਮੇਸਾ ਮੋਹਰੀ ਰਹਿੰਦੇ ਸਨ। ਜਿੰਨਾਂ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਮੌਕੇ ਕਿਰਨਾ ਦੇਵੀ ਇੰਸਾਂ, ਰਾਮਪਾਲ ਇੰਸਾਂ, ਸੋਨੀ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਜੀਤ ਸਿੰਘ, ਜ਼ੋਰਾ ਸਿੰਘ, ਬੂਟਾ ਸਿੰਘ (ਸਾਰੇ ਪੰਚ), ਹਰੀ ਨਰਾਇਣ ਇੰਸਾਂ (ਪੇ੍ਰਮੀ ਸੇਵਕ ਫ਼ਿਲਪਾਇਨ), ਬਲਦੇਵ ਸਿੰਘ ਇੰਸਾਂ, ਰਾਮਦੀਪ ਇੰਸਾਂ, ਕੁਲਵਿੰਦਰ ਇੰਸਾਂ, ਅਮਰੀਕ ਇੰਸਾਂ, ਮਾ. ਸੁਰਜੀਤ ਇੰਸਾਂ, ਸੁਮੇਰਾ ਇੰਸਾਂ, ਚਮਕੌਰ ਇੰਸਾਂ ਆਦਿ ਤੇ ਰਿਸਤੇਦਾਰ ਅਤੇ ਸਾਧ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।


‘ਮਾਨਵਤਾ ’ਤੇ ਪਰਉਪਕਾਰ’
ਬਰਨਾਲਾ ਬਲਾਕ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਇੰਸਾਂ ਠੇਕੇਦਾਰ ਨੇ ਦੱਸਿਆ ਕਿ ਕ੍ਰਿਸ਼ਨ ਚੰਦ ਇੰਸਾਂ ਨੇ ਬਲਾਕ ਬਰਨਾਲਾ ਦੇ 73ਵੇਂ ਅਤੇ ਪਿੰਡ ਦੇ ਪੰਜਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਿਸ ਨੂੰ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨਾਲਪੁਰ (ਮੇਰਠ) ਨੂੰ ਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨਾ ਬੇਹੱਦ ਸਲਾਘਾਯੋਗ ਕੰਮ ਹੈ। ਜੋ ਕਿ ਸਮਾਜ ਨੂੰ ਇੱਕ ਸੁਚੱਜੀ ਸੇਧ ਹੀ ਨਹੀਂ, ਬਲਕਿ ਮਾਨਵਤਾ ’ਤੇ ਵੀ ਵੱਡਾ ਪਰਉਪਕਾਰ ਹੈ।
‘ਸਰੀਰਦਾਨ ਕਰਨਾ ਪੁੰਨ ਦਾ ਕੰਮ’
ਸਰਪੰਚ ਸਿਮਰਜੀਤ ਸਿੰਘ ਸਿੰਮੀ ਨੇ ਪਰਿਵਾਰ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸਰੀਰਦਾਨ ਕਰਨਾ ਪੁੰਨ ਦਾ ਕੰਮ ਹੈ, ਜਿਸ ਨਾਲ ਸਮੁੱਚੀ ਮਾਨਵਤਾ ਦਾ ਭਲਾ ਛੁਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਣ ਵਾਲੇ ਨੂੰ ਤਾਂ ਮੁੜ ਕੇ ਲਿਆਇਆ ਨਹੀਂ ਜਾ ਸਕਦਾ ਪਰ ਮ੍ਰਿਤਕ ਸਰੀਰ ਦਾਨ ਕਰਕੇ ਆਉਣ ਵਾਲੀਆਂ ਬਿਮਾਰੀਆਂ ਦੇ ਹੱਲ ਲੱਭੇ ਜਾ ਸਕਦੇ ਹਨ। ਉਨ੍ਹਾਂ ਇਸ ਮੌਕੇ ਡੇਰਾ ਸੱਚਾ ਸੌਦਾ ਦੁਆਰਾ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਵੀ ਭਰਵੀਂ ਪ੍ਰਸੰਸਾ ਕੀਤੀ।







