ਇਸ ਘਟਨਾ ‘ਚ ਬਰਨਾਲਾ ਦੇ ਇੱਕ MLA ਦਾ ਵੀ ਨਾਂ ਬੋਲਦੈ,,,
ਵੀਡੀਓ ਤੋਂ ਖੁਲ੍ਹਿਆ ਮੌਤ ਦਾ ਭੇਦ,, ਬਲੈਕਮੇਲਿੰਗ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ
ਹਰਿੰਦਰ ਨਿੱਕਾ, ਬਠਿੰਡਾ 31 ਮਈ 2026
“ਮੈਂ ਆਪਣੀ ਜ਼ਿੰਦਗੀ ਖ਼ਤਮ ਕਰਨ ਜਾ ਰਿਹਾ ਹਾਂ… ਤੇ ਮੈਨੂੰ ਇਨਸਾਫ਼ ਦਵਾਇਆ ਜਾਵੇ! ਮੋਬਾਈਲ ਦੀ ਸਕ੍ਰੀਨ ‘ਤੇ ਹੰਝੂਆਂ ਨਾਲ ਭਿੱਜੀ ਇਹ ਵੀਡੀਓ ਜਦੋਂ ਇੱਕ ਭਰਾ ਨੇ ਦੇਖੀ, ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਕੋਈ ਫ਼ਿਲਮੀ ਕਹਾਣੀ ਨਹੀਂ, ਬਲਕਿ ਪਿਆਰ, ਲੱਖਾਂ ਦੀ ਠੱਗੀ, ਬਲੈਕਮੇਲਿੰਗ ਅਤੇ ਖ਼ੌਫ਼ਨਾਕ ਮੌਤ ਦਾ ਉਹ ਕੌੜਾ ਸੱਚ ਹੈ ਜਿਸ ਨੇ ਪੂਰੇ ਇਲਾਕੇ ਨੂੰ ਕੰਬਾ ਕੇ ਰੱਖ ਦਿੱਤਾ ਹੈ। ਇੱਕ 31 ਸਾਲਾ ਨੌਜਵਾਨ, ਜੋ ਪਿਛਲੇ ਚਾਰ ਸਾਲਾਂ ਤੋਂ ਇੱਕ ਔਰਤ ਦੇ ਪਿਆਰ ਦੇ ਜਾਲ ਵਿੱਚ ਫਸਿਆ ਹੋਇਆ ਸੀ, ਉਸ ਨੂੰ ਅਜਿਹਾ ਧੋਖਾ ਮਿਲਿਆ ਕਿ ਉਸ ਨੇ ਮਰਨ ਤੋਂ ਪਹਿਲਾਂ ਨਾ ਸਿਰਫ਼ ਆਪਣੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ,
ਬਲਕਿ ਸਲਫ਼ਾਸ ਖਾ ਕੇ ਮੌਤ ਨੂੰ ਗਲੇ ਲਗਾ ਲਿਆ। ਪਰ ਮਰਨ ਤੋਂ ਪਹਿਲਾਂ ਉਹ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਛੱਡ ਗਿਆ, ਜਿਸ ਨੇ ਮੌਤ ਪਿੱਛੇ ਛੁਪਿਆ ਭੇਦ ਖੋਲ੍ਹ ਕੇ ਰੱਖ ਦਿੱਤਾ ਹੈ। ਮੌਤ ਨੂੰ ਗਲ ਲਾਉਣ ਲਈ ਮਜਬੂਰ ਹੋਇਆ ਨੌਜਵਾਨ ਵੀਡੀਓ ਵਿਚ ਬਰਨਾਲਾ ਦੇ ਇੱਕ ਵਿਧਾਇਕ ਦਾ ਵੀ ਨਾਂ ਬੋਲਦਾ ਹੈ। ਕਿ ਉਸ ਨੂੰ ਮਰਨ ਲਈ ਮਜਬੂਰ ਕਰਨ ਵਾਲੀ ਔਰਤ ਦਾ ਉਹ ਕਰੀਬੀ ਹੈ। ਪੁਲਿਸ ਜੇ.ਬੀ ਦੀ ਪਤਨੀ ਜੋਤੀ ਬਾਂਸਲ ਨੂੰ ਗ੍ਰਿਫਤਾਰ ਵੀ ਕਰਕੇ ਲ਼ੈ ਗਈ ਹੈ।
ਪਿਆਰ ਦੇ ਬਦਲੇ ਮਿਲੀ ‘ਮੌਤ, ਕੀ ਹੈ ਪੂਰਾ ਮਾਮਲਾ ?
ਮ੍ਰਿਤਕ ਨੌਜਵਾਨ ਚਰਨਪ੍ਰੀਤ ਸਿੰਘ ਦੇ ਵੱਡੇ ਭਰਾ ਚਰਨਜੀਤ ਸਿੰਘ (ਵਾਸੀ ਫੂਸ ਮੰਡੀ) ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ, ਦੋਵਾਂ ਭਰਾਵਾਂ ਦੇ ਮਾਤਾ-ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਚੁੱਕੀ ਸੀ। ਚਰਨਪ੍ਰੀਤ ਸਿੰਘ ਬਰਨਾਲਾ ਦੀ ਰਹਿਣ ਵਾਲੀ ਜੋਤੀ ਬਾਂਸਲ ਵਿਧਵਾ ਜੀਵਨ ਬਾਂਸਲ @ ਜੇ.ਬੀ. ਨਾਲ ਪਿਛਲੇ ਚਾਰ ਸਾਲਾਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ। 
ਇਸੇ ਦੌਰਾਨ ਜੋਤੀ ਬਾਸਲ ਨੇ ਚਰਨਪ੍ਰੀਤ ਨੂੰ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ। ਜੋਤੀ ਦੇ ਬਹਿਕਾਵੇ ਵਿੱਚ ਆ ਕੇ ਚਰਨਪ੍ਰੀਤ ਨੇ ਉਸ ਨੂੰ ਸਾਢੇ ਚਾਰ ਲੱਖ ਰੁਪਏ ਦੇ ਦਿੱਤੇ। ਪਰ ਜਦੋਂ ਵਿਦੇਸ਼ ਭੇਜਣ ਦੀ ਗੱਲ ਸਿਰੇ ਨਾ ਚੜ੍ਹੀ ਅਤੇ ਚਰਨਪ੍ਰੀਤ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਇਸ਼ਕ ਦੀ ਜਗ੍ਹਾ ਨਫ਼ਰਤ ਅਤੇ ਧੋਖੇ ਨੇ ਲੈ ਲਈ। ਪੈਸੇ ਮੋੜਨ ਦੀ ਬਜਾਏ ਜੋਤੀ ਬਾਸਲ, ਉਸ ਦਾ ਪੁੱਤਰ ਨਿਖਲਨਾਜ, ਮਾਂ ਸਤਨਾਮ ਅਤੇ ਭੈਣ ਸ਼ੈਲੀ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ ਅਤੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਘਟਨਾ ਦੇ ਦਿਨ ਯਾਨੀ 29 ਮਈ ਨੂੰ ਚਰਨਪ੍ਰੀਤ ਰੋਂਦਾ ਹੋਇਆ ਆਪਣੇ ਭਰਾ ਚਰਨਜੀਤ ਨੂੰ ਮਿਲਿਆ ਅਤੇ ਆਪਣੀ ਦਰਦ ਭਰੀ ਦਾਸਤਾਨ ਸੁਣਾਈ। ਇਸ ਤੋਂ ਬਾਅਦ ਉਹ ਇਹ ਕਹਿ ਕੇ ਨਿਕਲ ਗਿਆ ਕਿ ਉਹ ਜਗ੍ਹਾ ਰਾਮਤੀਰਥ ਸਥਿਤ ਆਪਣੇ ਮਾਮੇ ਯਾਦਵਿੰਦਰ ਸਿੰਘ ਦੇ ਘਰ ਜਾ ਰਿਹਾ ਹੈ।
ਪਰ ਅਗਲੀ ਸਵੇਰ ਜਦੋਂ ਚਰਨਜੀਤ ਨੇ ਆਪਣਾ ਵਟਸਐਪ ਚੈੱਕ ਕੀਤਾ ਤਾਂ ਉਸ ਵਿੱਚ ਚਰਨਪ੍ਰੀਤ ਦੀ ਇੱਕ ਵੀਡੀਓ ਆਈ ਹੋਈ ਸੀ। ਵੀਡੀਓ ਵਿੱਚ ਚਰਨਪ੍ਰੀਤ ਕਹਿ ਰਿਹਾ ਸੀ ਕਿ ਉਹ ਜੋਤੀ ਬਾਸਲ ਅਤੇ ਉਸ ਦੇ ਪਰਿਵਾਰ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਜਦੋਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਤਾਂ ਜਗਾ ਰਾਮਤੀਰਥ ਵਿਖੇ ਮਾਮੇ ਦੇ ਸੂਏ ਵਾਲੇ ਖੇਤਾਂ ਵਿੱਚ ਚਰਨਪ੍ਰੀਤ ਦੀ ਕਾਰ ਪੂਰੀ ਤਰ੍ਹਾਂ ਸੜੀ ਹੋਈ ਮਿਲੀ ਅਤੇ ਚਰਨਪ੍ਰੀਤ ਨੇ ਉੱਥੇ ਹੀ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ।
ਮੁੱਖ ਦੋਸ਼ੀ ਕਾਬੂ, ਹੋਰਾਂ ਦੀ ਭਾਲ ਜਾਰੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਸਾਬੋ ਦੇ ਏ.ਐੱਸ.ਆਈ. (ASI) ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕ ਵੱਲੋਂ ਮਰਨ ਤੋਂ ਪਹਿਲਾਂ ਬਣਾਈ ਵਟਸਐਪ ਵੀਡੀਓ ਅਤੇ ਪਰਿਵਾਰ ਦੇ ਬਿਆਨਾਂ ਨੂੰ ਮੁੱਖ ਰੱਖਦਿਆਂ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਜੁਰਮ ਹੇਠ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੂਰੀ ਘਟਨਾ ਦੀ ਮੁੱਖ ਦੋਸ਼ੀ ਜੋਤੀ ਬਾਂਸਲ ਨੂੰ ਬਰਨਾਲਾ ਤੋਂ ਗਿਰਫ਼ਤਾਰ ਕਰ ਲਿਆ।
1. ਜੋਤੀ ਬਾਸਲ (ਪਤਨੀ ਜੀਵਨ ਬਾਂਸਲ) | ਬਰਨਾਲਾ।
2. ਨਿਖਲਨਾਜ ਬਾਂਸਲ (ਪੁੱਤਰ ਜੀਵਨ ਬਾਂਸਲ) ਬਰਨਾਲਾ।
3. ਸਤਨਾਮ (ਜੋਤੀ ਦੀ ਮਾਂ) ਵਾਸੀ ਨਾਭਾ, ਪਟਿਆਲਾ।
4. ਸ਼ੈਲੀ (ਜੋਤੀ ਦੀ ਭੈਣ) ਨੇੜੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ, ਲੁਧਿਆਣਾ |
*ਪੁਲਿਸ ਦਾ ਦਾਅਵਾ:**
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।







