ਇੱਕ ਹੋਰ ਥਾਣੇਦਾਰ ਵਿਜੀਲੈਂਸ ਦੇ ਸ਼ਿਕੰਜੇ ‘ਚ ਫਸਿਆ! ਬਿਆਨ ਦਰਜ ਕਰਨ ਬਦਲੇ ਮੰਗੀ ਰਿਸ਼ਵਤ…!

Advertisement
Spread information

ਹਰਿੰਦਰ ਨਿੱਕਾ, ਪਟਿਆਲਾ, 2 ਜੂਨ 2026

     ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਹੋਰ ਥਾਣੇਦਾਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਪਟਿਆਲਾ ਜ਼ਿਲ੍ਹੇ ਦੇ ਥਾਣਾ ਸ਼ੁਤਰਾਣਾ (ਤਹਿਸੀਲ ਪਾਤੜਾਂ) ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ASI) ਜਸਵਿੰਦਰ ਸਿੰਘ ਨੂੰ ਵਿਜੀਲੈਂਸ ਨੇ 18,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਦਬੋਚ ਲਿਆ। ਖ਼ਾਕੀ ਨੂੰ ਦਾਗਦਾਰ ਕਰਨ ਵਾਲੇ ਇਸ ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ।

ਹਸਪਤਾਲ ਦੀ ਬੈੱਡ ਤੋਂ ਸ਼ੁਰੂ ਹੋਈ ‘ਰਿਸ਼ਵਤ ਦੀ ਖੇਡ’

     ਮਾਮਲਾ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਜਾਣਕਾਰੀ ਮੁਤਾਬਕ ਪਿੰਡ ਬਕਰਾਹਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਰਿਸ਼ਤੇਦਾਰਾਂ ਦੀ ਗੁਆਂਢੀਆਂ ਨਾਲ ਭਿਆਨਕ ਲੜਾਈ ਹੋਈ ਸੀ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਜਦੋਂ ਡਾਕਟਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਤਾਂ ਦੋਸ਼ੀ ASI ਜਸਵਿੰਦਰ ਸਿੰਘ ਜ਼ਖਮੀਆਂ ਦੇ ਬਿਆਨ ਦਰਜ ਕਰਨ ਹਸਪਤਾਲ ਪਹੁੰਚਿਆ। ਪਰ ਇਨਸਾਫ਼ ਦਿਵਾਉਣ ਦੀ ਬਜਾਏ, ਉਸ ਨੇ ਇੱਥੇ ਵੀ ਆਪਣੀ ‘ਕਮਾਈ’ ਦਾ ਰਾਹ ਲੱਭ ਲਿਆ।

ਕਾਨੂੰਨੀ ਕਾਰਵਾਈ ਦੇ ਬਦਲੇ ਮੰਗੇ 20 ਹਜ਼ਾਰ

     ਦੋਸ਼ੀ ASI ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਬਦਲੇ ਪੀੜਤ ਪਰਿਵਾਰ ਤੋਂ 20,000 ਰੁਪਏ ਰਿਸ਼ਵਤ ਦੀ ਮੰਗ ਕਰ ਦਿੱਤੀ। ਪੀੜਤ ਪਰਿਵਾਰ ਵੱਲੋਂ ਕਾਫੀ ਮਿੰਨਤਾਂ-ਤਰਲੇ ਕਰਨ ਤੋਂ ਬਾਅਦ ਮਾਮਲਾ 18,000 ਰੁਪਏ ਵਿੱਚ ਤੈਅ ਹੋਇਆ। ਪਰ ਸ਼ਿਕਾਇਤਕਰਤਾ ਭ੍ਰਿਸ਼ਟ ਅਧਿਕਾਰੀ ਅੱਗੇ ਝੁਕਣ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਸਿੱਧਾ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਤੱਕ ਪਹੁੰਚ ਕਰ ਦਿੱਤੀ।

ਵਿਜੀਲੈਂਸ ਨੇ ਇੰਝ ਵਿਛਾਇਆ ਜਾਲ’

       ਸ਼ਿਕਾਇਤ ਮਿਲਦੇ ਹੀ ਵਿਜੀਲੈਂਸ ਨੇ ਤੁਰੰਤ ਐਕਸ਼ਨ ਪਲਾਨ ਤਿਆਰ ਕੀਤਾ। ਜਿਵੇਂ ਹੀ ਸ਼ਿਕਾਇਤਕਰਤਾ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ASI ਜਸਵਿੰਦਰ ਸਿੰਘ ਨੂੰ 18,000 ਰੁਪਏ ਫੜਾਏ, ਤਾਕ ਵਿੱਚ ਬੈਠੀ ਵਿਜੀਲੈਂਸ ਦੀ ਟੀਮ ਨੇ ਬਾਜ਼ ਵਾਂਗ ਝਪੱਟਾ ਮਾਰਿਆ ਅਤੇ ਦੋਸ਼ੀ ਥਾਣੇਦਾਰ ਨੂੰ ਰਿਸ਼ਵਤ ਦੀ ਰਕਮ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ASI ਖ਼ਿਲਾਫ਼ ਵਿਜੀਲੈਂਸ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਖੇਡ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ।

Advertisement
Advertisement
Advertisement
Advertisement
error: Content is protected !!