” ਸਕੂਲ ਮਾਲਕ ਦੀ ਜ਼ਿੱਦ ਅੱਗੇ ਬੌਣੇ ਸਰਕਾਰੀ ਹੁਕਮ, ਅਮਨਪ੍ਰੀਤ ਕੌਰ ਨੂੰ ਮਿਲੀ ਮੌਤ..!”

Advertisement
Spread information

“ਆਪਣੇ ਹੱਥੀਂ ਤੋਰਿਆ ਸੀ ਸਕੂਲ, ਘਰ ਮੁੜੀ ਧੀ ਦੀ ਲਾਸ਼;

“ਛੁੱਟੀਆਂ ‘ਚ ਵੀ ਨਾ ਮਿਲੀ ਰਾਹਤ: ਲਾਪਰਵਾਹ ਸਿਸਟਮ ਦੀ ਭੇਂਟ ਚੜ੍ਹੀ!”

ਹਰਿੰਦਰ ਨਿੱਕਾ, ਬਰਨਾਲਾ, 2 ਜੂਨ 2026

ਮ੍ਰਿਤਕ ਅਧਿਆਪਕਾਂ ਅਮਨਪ੍ਰੀਤ ਕੌਰ ਦੀ ਪੁਰਾਣੀ ਤਸਵੀਰ

     ਇੱਕ ਪਾਸੇ ਅੱਤ ਦੀ ਗਰਮੀ ਕਾਰਨ ਸੂਬਾ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਸੀ, ਪਰ ਦੂਜੇ ਪਾਸੇ ਚੰਗੇ ਮੁਨਾਫ਼ੇ ਖਾਤਿਰ, ਸਰਕਾਰੀ ਹੁਕਮਾਂ ਅਤੇ ਨਿਯਮਾਂ ਨੂੰ ਟਿੱਚ ਸਮਝਣ ਵਾਲੇ ਇੱਕ ਸਕੂਲ ਦੀ ਜਿੱਦ ਨੇ ਅੱਜ ਇੱਕ ਹੱਸਦੇ-ਖੇਡਦੇ ਗਰੀਬ ਪਰਿਵਾਰ ਦੀਆਂ ਉਮੀਦਾਂ ਦਾ ਚਿਰਾਗ ਸਦਾ ਲਈ ਬੁਝਾ ਦਿੱਤਾ। ਬਰਨਾਲਾ ਦੇ ਹੰਡਿਆਇਆ ਚੌਂਕ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੀ ਇੱਕ 23 ਸਾਲਾ ਅਧਿਆਪਕਾ ਅਮਨਪ੍ਰੀਤ ਕੌਰ ਦੀ ਦਰਦਨਾਕ ਮੌਤ ਹੋ ਗਈ, ਜਦੋਂਕਿ ਉਸ ਦੀ ਸਾਥੀ ਅਧਿਆਪਕਾ ਸਰਬਜੀਤ ਕੌਰ ਹਸਪਤਾਲ ਦੇ ਬੈੱਡ ‘ਤੇ ਜ਼ਖ਼ਮਾਂ ਨਾਲ ਕਰਾਹ ਰਹੀ ਹੈ।

ਬੁੱਢੇ ਮਾਪਿਆਂ ਦਾ ਇੱਕੋ-ਇੱਕ ਸਹਾਰਾ ਸੀ ਅਮਨਪ੍ਰੀਤ

    ਪਿੰਡ ਸੇਖਾ ਦੀ ਰਹਿਣ ਵਾਲੀ 23 ਸਾਲਾ ਅਮਨਪ੍ਰੀਤ ਕੌਰ ਦੇ ਸਿਰ ‘ਤੇ ਪੂਰੇ ਘਰ ਦਾ ਬੋਝ ਸੀ। ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੋਣ ਕਾਰਨ ਉਹ ਆਪਣੀਆਂ ਸਾਰੀਆਂ ਖ਼ਾਹਿਸ਼ਾਂ ਮਾਰ ਕੇ, ਇਸ ਉਮੀਦ ਨਾਲ ਨੌਕਰੀ ਕਰ ਰਹੀ ਸੀ ਕਿ ਉਹ ਆਪਣੇ ਬੁੱਢੇ ਮਾਪਿਆਂ ਦਾ ਸਹਾਰਾ ਬਣੇਗੀ। ਮੰਗਲਵਾਰ ਸਵੇਰੇ ਵੀ ਉਹ ਆਪਣੀ ਸਾਥੀ ਅਧਿਆਪਕਾ ਨਾਲ ਸਕੂਟਰੀ (PB-19N-1922) ‘ਤੇ ਸਵਾਰ ਹੋ ਕੇ ਡਿਊਟੀ ਲਈ ਨਿਕਲੀ ਸੀ। ਪਰ ਹੰਡਿਆਇਆ ਚੌਂਕ ਵਿੱਚ ਮਾਨਸਾ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ‘ਛੋਟੇ ਹਾਥੀ’ (HR-57B-0967) ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

   ਟੱਕਰ ਇੰਨੀ ਬੇਰਹਿਮ ਸੀ ਕਿ ਦੋਵੇਂ ਸੜਕ ‘ਤੇ ਲਹੂ-ਲੁਹਾਨ ਹੋ ਗਈਆਂ। ਸੜਕ ਸੁਰੱਖਿਆ ਫੋਰਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਪੀੜ ਨਾ ਸਹਾਰਦਿਆਂ, ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਅਮਨਪ੍ਰੀਤ ਜ਼ਿੰਦਗੀ ਦੀ ਜੰਗ ਹਾਰ ਗਈ। ਜਦੋਂ ਅਮਨਪ੍ਰੀਤ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ, ਤਾਂ ਕੋਹਰਾਮ ਮੱਚ ਗਿਆ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਿਨ੍ਹਾਂ ਦੀ ਕਮਾਊ ਧੀ ਹੁਣ ਕਦੇ ਘਰ ਨਹੀਂ ਪਰਤੇਗੀ।

ਸਵਾਲਾਂ ਦੇ ਘੇਰੇ ‘ਚ ਪ੍ਰਬੰਧਕ, ਜਦੋਂ ਛੁੱਟੀਆਂ ਸੀ, ਤਾਂ ਕਿਉਂ ਬੁਲਾਇਆ?

    ਇਸ ਹਾਦਸੇ ਨੇ ਸਿੱਖਿਆ ਤੰਤਰ ਅਤੇ ਨਿੱਜੀ ਸਕੂਲ ਦੀ ਵੱਡੀ ਲਾਪਰਵਾਹੀ ਨੂੰ ਨੰਗਾ ਕਰ ਦਿੱਤਾ ਹੈ। ਜਦੋਂ ਪੂਰੇ ਪੰਜਾਬ ਵਿੱਚ ਸਕੂਲ ਬੰਦ ਸਨ, ਤਾਂ ਇਨ੍ਹਾਂ ਅਧਿਆਪਕਾਵਾਂ ਨੂੰ ਸੜਕਾਂ ‘ਤੇ ਨਿਕਲਣ ਲਈ ਕਿਸ ਨੇ ਮਜਬੂਰ ਕੀਤਾ? ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਝੱਲੀ ਨੇ ਭਰੇ ਮਨ ਨਾਲ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਚੁੱਕੇ ਹਨ।

ਗੁਰਪ੍ਰੀਤ ਸਿੰਘ ਝੱਲੀ ਨੇ ਕਿਹਾ ਕਿ:-

“ਇਹ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਚਿੱਟੇ ਦਿਨ ਹੋਇਆ ਕਤਲ ਹੈ! ਬਹੁਤੇ ਨਿੱਜੀ ਸਕੂਲ ਮਾਲਕ ਅਕਸਰ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ‘ਆਨ੍ਹੇ- ਬਹਾਨੇ ਅਧਿਆਪਕਾਂ ਦਾ ਸ਼ੋਸ਼ਣ ਕਰਦੇ ਹਨ। ਜੇਕਰ ਸਕੂਲ ਪ੍ਰਬੰਧਕਾਂ ਨੇ ਇਨ੍ਹਾਂ ਧੀਆਂ ਨੂੰ ਜਬਰਨ ਨਾ ਬੁਲਾਇਆ ਹੁੰਦਾ, ਤਾਂ ਅੱਜ ਅਮਨਪ੍ਰੀਤ ਜਿਉਂਦੀ ਹੁੰਦੀ। ਅਸੀਂ ਇਸ ਖ਼ੂਨੀ ਲਾਪਰਵਾਹੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।”

ਜ਼ਿੰਮੇਵਾਰਾਂ ਦੀ ਸਫ਼ਾਈ ਅਤੇ ਪ੍ਰਸ਼ਾਸਨ ਦਾ ਦਾਅਵਾ

  • ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ  ਸਰਬਜੀਤ ਕੌਰ ਨੇ ਘਟਨਾ ‘ਤੇ ਅਫ਼ਸੋਸ ਜਤਾਇਆ। ਪਰ ਛੁੱਟੀਆਂ ਵਿੱਚ ਸਕੂਲ ਖੋਲ੍ਹਣ ਦੀ ਲਾਪਰਵਾਹੀ ‘ਤੇ ਪਰਦਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਆਮ ਦਿਨਾਂ ਵਿੱਚ ਸਮਾਂ ਨਾ ਮਿਲਣ ਕਾਰਨ ਅਧਿਆਪਕਾਂ ਨੂੰ ਸਿਰਫ਼ ਟ੍ਰੇਨਿੰਗ ਲਈ ਬੁਲਾਇਆ ਗਿਆ ਸੀ।

  • ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ  ਦੁਰਘਟਨਾ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਪ੍ਰਬੰਧਕ ਨਿਯਮਾਂ ਦੀ ਉਲੰਘਣਾ ਦੇ ਦੋਸ਼ੀ ਪਾਏ ਗਏ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

   ਪਰ ਵੱਡਾ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਦੀ ਇਹ ਕਾਰਵਾਈ ਉਸ ਬੁੱਢੇ ਬਾਪ ਦੇ ਹੰਝੂ ਪੂੰਝ ਸਕੇਗੀ, ਜਿਸਦੀ ਲਾਡਲੀ ਧੀ ਲਾਪਰਵਾਹ ਸਿਸਟਮ ਦੀ ਭੇਂਟ ਚੜ੍ਹ ਗਈ?

Advertisement
Advertisement
Advertisement
Advertisement
error: Content is protected !!