ਸਸਪੈਂਸ ਖਤਮ’: ਮੇਅਰ ਦੀ ਰੇਸ ‘ਚੋਂ ਵੱਡੇ ਦਾਅਵੇਦਾਰ OUT ..ਮੀਟਿੰਗ ‘ਚੋਂ ਰਾਮਣਵਾਸੀਆ ਰਿਹਾ ਗ਼ੈਰਹਾਜ਼ਰ ?

Advertisement
Spread information

ਐਲਟਜ ਪਾਮ ‘ਚ ਬਣੀ ‘ਮੇਅਰ’ ਦੀ ਰਣਨੀਤੀ: 35 ਕੌਂਸਲਰਾਂ ਦੀ ਹਾਮੀ, ਹੁਣ ਭਲਕੇ ਸਿਰਫ਼ ‘ਮੋਹਰ’ ਲੱਗਣੀ ਬਾਕੀ.!

ਹਰਿੰਦਰ ਨਿੱਕਾ, ਬਰਨਾਲਾ, 10 ਜੂਨ 2026

     ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਦੀ ਚੋਣ ਤੋਂ ਠੀਕ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ‘ਐਲਟਜ ਪਾਮ’ ਵਿਖੇ ਹੋਈ ਪਾਰਟੀ ਕੌਂਸਲਰਾਂ ਦੀ ਇੱਕ ਹਾਈ-ਪ੍ਰੋਫਾਈਲ ਅਤੇ ਗੁਪਤ ਮੀਟਿੰਗ ਦੌਰਾਨ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਅਰ ਦੇ ਉਮੀਦਵਾਰ ਦੇ ਨਾਮ ਦਾ ਅਧਿਕਾਰਿਤ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।                         ਵਾਰਡ ਨੰਬਰ 44 ਤੋਂ ਜਿੱਤੇ ਨੌਜਵਾਨ ‘ਆਪ’ ਕੌਂਸਲਰ ਹਸਨਪ੍ਰੀਤ ਭਾਰਦਵਾਜ ਹੁਣ ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਹੋਣਗੇ। ਮੀਤ ਹੇਅਰ ਦੇ ਐਲਾਨ ਨਾਲ ਮੇਅਰ ਦੇ ਅਹੁਦੇ ਲਈ ਗੋਟੀਆਂ ਫਿੱਟ ਕਰਨ ਲਈ ਜੱਦੋਜਹਿਦ ਕਰ ਰਹੇ ਐਡਵੋਕੇਟ ਰਾਜੀਵ ਲੂਬੀ, ਪਰਮਜੀਤ ਸਿੰਘ ਢਿੱਲੋਂ, ਧਰਮਪਾਲ @ ਡੀ ਪਾਲ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜਦੋਂ ਮੀਤ ਹੇਅਰ ਨੇ ਮੇਅਰ ਦਾ ਨਾਮ ਐਲਾਨਿਆ ਤਾਂ ਪ੍ਰਮੁੱਖ ਦਾਅਵੇਦਾਰਾਂ ਦੇ ਚਿਹਰੇ ਮੁਰਝਾ ਗਏ।     

35 ਕੌਂਸਲਰਾਂ ਦਾ ਸਮਰਥਨ, ਪਰ ਇੱਕ ਵੱਡੀ ‘ਗ਼ੈਰਹਾਜ਼ਰੀ’ ਨੇ ਛੇੜੀ ਚਰਚਾ!

    ਇਸ ਅਹਿਮ ਮੀਟਿੰਗ ਵਿੱਚ ਪਾਰਟੀ ਦੇ 35 ਕੌਂਸਲਰਾਂ ਨੇ ਸ਼ਿਰਕਤ ਕੀਤੀ ਅਤੇ ਮੀਤ ਹੇਅਰ ਵੱਲੋਂ ਲਏ ਗਏ ਫੈਸਲੇ ‘ਤੇ ਇੱਕਜੁੱਟਤਾ ਦਿਖਾਉਂਦਿਆਂ ਭਾਰਦਵਾਜ ਦੇ ਨਾਮ ‘ਤੇ ਸਹਿਮਤੀ ਦੀ ਮੋਹਰ ਲਗਾ ਦਿੱਤੀ। ਸਾਰੇ ਕੌਂਸਲਰਾਂ ਨੇ ਹਸਨਪ੍ਰੀਤ ਭਾਰਦਵਾਜ ਨੂੰ ਵਧਾਈਆਂ ਦਿੱਤੀਆਂ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਲੱਭਦੀਆਂ ਰਹੀਆਂ, ਜੋ ਇਸ ਮੀਟਿੰਗ ਵਿੱਚੋਂ ਗ਼ੈਰਹਾਜ਼ਰ ਰਹੇ। ਸਿਆਸੀ ਗਲਿਆਰਿਆਂ ਵਿੱਚ ਰਾਮਣਵਾਸੀਆ ਦੀ ਗ਼ੈਰਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਾਨਾਫੂਸੀਆਂ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ।             

ਆਪ’ ਦੀ ਸਫ਼ਾਈ, ਰਾਮਣਵਾਸੀਆ ਪਾਰਟੀ ਦੇ ਨਾਲ,

     ਮੀਟਿੰਗ ਦੌਰਾਨ ਪੈਦਾ ਹੋਏ ਸਸਪੈਂਸ ਨੂੰ ਖ਼ਤਮ ਕਰਦਿਆਂ ਪਾਰਟੀ ਲੀਡਰਸ਼ਿਪ ਨੇ ਮੰਚ ਤੋਂ ਹੀ ਤੁਰੰਤ ਸਥਿਤੀ ਸਪੱਸ਼ਟ ਕੀਤੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਗੁਰਜੀਤ ਸਿੰਘ ਰਾਮਣਵਾਸੀਆ ਪਾਰਟੀ ਦੇ ਨਾਲ ਪੂਰੀ ਚੱਟਾਨ ਵਾਂਗ ਖੜ੍ਹੇ ਹਨ। ਉਹ ਕਿਸੇ ਬਹੁਤ ਹੀ ਜ਼ਰੂਰੀ ਰੁਝੇਵੇਂ ਕਾਰਨ ਸ਼ਹਿਰ ਤੋਂ ਬਾਹਰ ਹੋਣ ਕਰਕੇ ਇਸ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ, ਇਸ ਲਈ ਕਿਸੇ ਵੀ ਤਰ੍ਹਾਂ ਦੀ ਬਗਾਵਤ ਜਾਂ ਨਾਰਾਜ਼ਗੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। 

ਭਲਕੇ 3 ਵਜੇ ਲੱਗੇਗੀ ਅਧਿਕਾਰਿਤ ਮੋਹਰ

     ਮੇਅਰ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਸਨਪ੍ਰੀਤ ਭਾਰਦਵਾਜ ਨੇ ਮੁੱਖ ਮੰਤਰੀ ਭਗਵੰਤ ਮਾਨ, ਐਮਪੀ ਮੀਤ ਹੇਅਰ ਅਤੇ ਸਾਰੇ ਸਾਥੀ ਕੌਂਸਲਰਾਂ ਦਾ ਇਸ ਵੱਡੀ ਜ਼ਿੰਮੇਵਾਰੀ ਲਈ ਦਿਲੋਂ ਧੰਨਵਾਦ ਕੀਤਾ। ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਭਲਕੇ 11 ਜੂਨ ਨੂੰ ਦੁਪਹਿਰ 3 ਵਜੇ ਹੋਣ ਵਾਲੀ ਕੌਂਸਲਰਾਂ ਦੀ ਅਧਿਕਾਰਿਤ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਹਸਨਪ੍ਰੀਤ ਭਾਰਦਵਾਜ ਦੇ ਸਿਰ ਬਰਨਾਲਾ ਦੇ ਪਹਿਲੇ ਮੇਅਰ ਦਾ ਇਤਿਹਾਸਕ ਤਾਜ਼ ਸਜਣਾ ਸਿਰਫ਼ ਇੱਕ ਰਸਮੀ ਕਾਰਵਾਈ (ਮੋਹਰ ਲੱਗਣਾ) ਹੀ ਬਾਕੀ ਰਹਿ ਗਿਆ ਹੈ।

Advertisement
Advertisement
Advertisement
Advertisement
error: Content is protected !!