TRIDENT-‘ਕਲੋਜ਼ਰ ਨੋਟਿਸ’-ਅਚਾਨਕ DC ਦਫਤਰ ਪਹੁੰਚੇ ਰਜਿੰਦਰ ਗੁਪਤਾ, ਬੰਦ ਕਮਰਾ ਹੋਈ ਮੀਟਿੰਗ..!

Advertisement
Spread information

ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ: ਬੰਦ ਕਮਰਾ ਮੀਟਿੰਗਾਂ ਦਾ ਦੌਰ ਸ਼ੁਰੂ..!

ਬਦਲਾਖੋਰੀ ਜਾਂ ਸਾਜ਼ਿਸ਼ ? ਸਰਕਾਰ ਖਿਲਾਫ਼ ਵਧਿਆ ਰੋਹ, ਕਾਂਗਰਸ ਤੇ ਭਾਜਪਾ ਇੱਕੋ ਮੰਚ ‘ਤੇ..!

ਹਰਿੰਦਰ ਨਿੱਕਾ, ਬਰਨਾਲਾ/ਲੁਧਿਆਣਾ 9 ਜੂਨ 2026

         ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਧੌਲਾ (ਬਰਨਾਲਾ) ਯੂਨਿਟ ਨੂੰ ਜਾਰੀ ਕੀਤੇ ਗਏ ਕਥਿਤ ‘ਕਲੋਜ਼ਰ ਨੋਟਿਸ’ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਅਜਿਹਾ ਭਾਂਬੜ ਮੱਚਿਆ ਹੈ, ਜਿਸ ਦਾ ਸੇਕ ਹੁਣ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਮਹਿਸੂਸ ਹੋਣ ਲੱਗਿਆ ਹੈ। ਇੱਕੋ ਝਟਕੇ ਵਿੱਚ ਉਦਯੋਗ ਨੂੰ ਜਿੰਦਾ ਲੱਗਣ ਦੀਆਂ ਖ਼ਬਰਾਂ ਨੇ ਨਾ ਸਿਰਫ਼ ਬਰਨਾਲਾ, ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਮਾਮਲਾ ਮਹਿਜ਼ ਪ੍ਰਦੂਸ਼ਣ ਦਾ ਨਹੀਂ ਰਿਹਾ, ਸਗੋਂ ਆਰ-ਪਾਰ ਦੀ ਸਿਆਸੀ ਜੰਗ ਵਿੱਚ ਤਬਦੀਲ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ। ਵਰਨਣਯੋਗ ਹੈ ਕਿ ਕਈ ਦਿਨਾਂ ਤੋਂ ਅੰਦਰੋ ਅੰਦਰੀ ਸੁਲਘ ਰਹੇ ਇਸ ਮੁੱਦੇ ਨੂੰ ਬਰਨਾਲਾ ਟੂਡੇ ਨੇ ਲੰਘੀ ਕੱਲ੍ਹ ” ਟਰਾਈਡੈਂਟ ਫੈਕਟਰੀ ਹੋਊ ਬੰਦ..! ਇੱਕੋ ਨੋਟਿਸ ਨੇ ਉਡਾਏ ਹਜ਼ਾਰਾਂ ਪਰਿਵਾਰਾਂ ਦੇ ਹੋਸ਼, ਹੈਡਿੰਗ ਹੇਠ, ਪ੍ਰਮੁੱਂਖਤਾ ਨਾਲ ਉਭਾਰਿਆ ਸੀ।                                                             

ਸਵਾ ਘੰਟਾ ਬੰਦ ਕਮਰਾ ਮੀਟਿੰਗ ਦੇ ਪਿੱਛੇ ਕੀ ਹੈ ਰਾਜ਼?

ਐਸਐਸਪੀ ਮੁਹੰਮਦ ਸਰਫਰਾਜ ਆਲਮ
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ

     ਫੈਕਟਰੀ ਬੰਦ ਹੋਣ ਦਾ ਮਾਮਲਾ ਇੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਅਚਾਨਕ ਹੀ ਖੁਦ ਅੱਜ ਡੀਸੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚ ਗਏ। ਇਸ ਮੌਕੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੀ ਮੌਜੂਦ ਰਹੇ। ਪਤਾ ਲੱਗਿਆ ਹੈ ਕਿ ਰਜਿੰਦਰ ਗੁਪਤਾ ਦੀ, ਆਲ੍ਹਾ ਅਧਿਕਾਰੀਆਂ ਨਾਲ ਕਰੀਬ ਸਵਾ ਘੰਟਾ ਬੰਦ ਕਮਰੇ ਵਿੱਚ ਗੁਪਤ ਮੀਟਿੰਗ ਹੋਈ। ਹਾਲਾਂਕਿ, ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਮੀਟਿੰਗ ‘ਤੇ ਕੁਝ ਵੀ ਬੋਲਣ ਅਤੇ ਦੱਸਣ ਤੋਂ ਬਚ ਰਹੇ ਹਨ । ਪਰੰਤੂ ਟ੍ਰਾਈਡੈਂਟ ਦੇ ਅਧਿਕਾਰੀ ਵੀ ਦੋਵਾਂ ਅਧਿਕਾਰੀਆਂ ਦੀ ਆਰ ਜੀ ਨਾਲ ਹੋਈ ਮੀਟਿੰਗ ਦੀ ਦਬੀ ਜ਼ੁਬਾਨ ‘ਚ ਹਾਮੀ ਜਰੂਰ ਭਰ ਰਹੇ ਹਨ। ਪਰ ਆਲ੍ਹਾ ਸੂਤਰਾਂ ਮੁਤਾਬਕ ਅੰਦਰਖਾਤੇ ਸਭ ਕੁਝ ਠੀਕ ਨਹੀਂ ਹੈ! ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ  ਅਤੇ ਪਰਦੇ ਦੇ ਪਿੱਛੇ ਕੋਈ ਬਹੁਤ ਵੱਡੀ ਖਿਚੜੀ ਪੱਕ ਰਹੀ ਹੈ।

ਦੋਸਤੀ ਦਾ ਬਹਾਨਾ, ਸਿਆਸੀ ਤਾਣ-ਬਾਣ: ਭਾਜਪਾ ਖੁੱਲ੍ਹ ਕੇ ਨਿੱਤਰੀ ਮੈਦਾਨ ‘ਚ!

      ਦੂਜੇ ਪਾਸੇ, ਸਿਆਸੀ ਜੋੜ-ਤੋੜ ਵੀ ਸਿਖਰਾਂ ‘ਤੇ ਹੈ। ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੁਰੰਤ ਰਜਿੰਦਰ ਗੁਪਤਾ ਦੀ ਲੁਧਿਆਣਾ ਸਥਿਤ ਰਿਹਾਇਸ਼ ‘ਤੇ ਪਹੁੰਚੇ। ਭਾਵੇਂ ਸੋਸ਼ਲ ਮੀਡੀਆ ‘ਤੇ ਇਸ ਮੁਲਾਕਾਤ ਨੂੰ ‘ਪੁਰਾਣੀ ਦੋਸਤੀ’ ਅਤੇ ‘ਸਿਹਤ ਦਾ ਹਾਲ-ਚਾਲ’ ਪੁੱਛਣ ਦਾ ਨਾਂ ਦਿੱਤਾ ਗਿਆ ਹੈ, ਪਰ ਸਿਆਸੀ ਮਾਹਿਰ ਜਾਣਦੇ ਹਨ ਕਿ ਇਹ ਮਹਿਜ਼ ਇੱਕ ਦਿਖਾਵਾ ਹੈ। ਅਸਲ ਗੱਲ ਇਹ ਹੈ ਕਿ ਭਾਜਪਾ ਨੇ ਇਸ ਮੁਸ਼ਕਲ ਘੜੀ ਵਿੱਚ ਰਜਿੰਦਰ ਗੁਪਤਾ ਦੀ ਪਿੱਠ ‘ਤੇ ਹੱਥ ਰੱਖ ਦਿੱਤਾ ਹੈ ਅਤੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ।

ਸਰਕਾਰ ਦੀ ‘ਬਦਲਾਖੋਰੀ’ ਵਿਰੁੱਧ ਜਨਤਾ ਦਾ ਰੋਹ: ਕਾਂਗਰਸ ਨੇ ਚੁੱਕੇ ਤਿੱਖੇ ਸਵਾਲ!

    ਇਸ ਪੂਰੇ ਘਟਨਾਕ੍ਰਮ ‘ਤੇ ਹੁਣ ਵਿਰੋਧੀ ਧਿਰਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਅਤੇ ਸ਼ਹਿਰੀ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ ਨੇ ਸਰਕਾਰ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ:

“ਸੂਬਾ ਸਰਕਾਰ ਨਿਰੋਲ ਬਦਲਾਖੋਰੀ ਦੀ ਨੀਤੀ ‘ਤੇ ਉੱਤਰ ਆਈ ਹੈ। ਇਹ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ਵਿੱਚ ਆਈ ਸੀ, ਪਰ ਅੱਜ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਦੇ ਢਿੱਡ ‘ਤੇ ਲੱਤ ਮਾਰ ਕੇ ਉਨ੍ਹਾਂ ਨੂੰ ਇੱਕੋ ਝਟਕੇ ਵਿੱਚ ਬੇਰੁਜ਼ਗਾਰ ਕਰਨ ‘ਤੇ ਤੁਲੀ ਹੋਈ ਹੈ।”

      ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਟ੍ਰਾਈਡੈਂਟ ਗਰੁੱਪ ਨੇ ਇਸ ਜ਼ਿਲ੍ਹੇ ਦੀ ਆਰਥਿਕਤਾ ਨੂੰ ਚੋਖਾ ਮਾਲੀਆ ਦੇ ਕੇ ਪਾਲਿਆ ਹੈ, ਅਤੇ ਜੇਕਰ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਜ਼ਿਲ੍ਹੇ ਦਾ ਵਿਨਾਸ਼ ਹੁੰਦਾ ਹੈ, ਤਾਂ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਟਰਾਈਡੈਂਟ ਨੂੰ ਬਚਾਉਣ ਲਈ ਇਲਾਕੇ ਵਾਸਤੇ ਸੜਕਾਂ ‘ਤੇ ਉਤਰਨਗੇ।

ਵੱਡਾ ਸਵਾਲ: ਕੀ ਸਰਕਾਰ ਆਪਣੀ ਜ਼ਿੱਦ ਪੂਰੀ ਕਰੇਗੀ ਜਾਂ ਫਿਰ ਹਜ਼ਾਰਾਂ ਪਰਿਵਾਰਾਂ ਦੇ ਚੁੱਲ੍ਹੇ ਬੁਝਣ ਤੋਂ ਬਚਾਉਣ ਲਈ ਆਪਣੇ ਵੱਲੋਂ ਚੁੱਕੇ ਜਾ ਰਹੇ ਸਖਤ ਕਦਮਾਂ ਤੋਂ ਪਿੱਛੇ ਹਟੇਗੀ? ਇਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਅਤੇ ਭਖਦਾ ਹੋਇਆ ਸਵਾਲ ਬਣ ਗਿਆ ਹੈ!

Advertisement
Advertisement
Advertisement
Advertisement
error: Content is protected !!