ਬਰਨਾਲਾ ‘ਚ ਰਚਿਆ ਇਤਿਹਾਸ: ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਹਸਨ ਭਾਰਦਵਾਜ

Advertisement
Spread information

“ਹੁਣ ਵਿਕਾਸ ਦੇ ਮਾਮਲੇ ‘ਚ ਪੰਜਾਬ ਭਰ ‘ਚੋਂ ਨੰਬਰ-1 ਬਣੇਗਾ ਬਰਨਾਲਾ”- ਨਵੇਂ ਮੇਅਰ ਦਾ ਪ੍ਰਣ

“ਬਰਨਾਲਾ ਦੇ ਵਿਕਾਸ ਲਈ ਫੰਡਾਂ ਦਾ ਖੁੱਲ੍ਹੇਗਾ ਪਿਟਾਰਾ, ਨਹੀਂ ਆਵੇਗੀ ਕੋਈ ਕਮੀ”-ਵਿੱਤ ਮੰਤਰੀ ਹਰਪਾਲ ਚੀਮਾ 

ਹਰਿੰਦਰ ਨਿੱਕਾ, ਬਰਨਾਲਾ, 11 ਜੂਨ 2026

      ਬਰਨਾਲਾ ਦੇ ਸਿਆਸੀ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਏ ਲਿਖਿਆ ਗਿਆ। ਸ੍ਰੀ ਰਾਮ ਸਰੂਪ ਅਣਖੀ ਮਿਉਂਸੀਪਲ ਲਾਇਬ੍ਰੇਰੀ ਵਿਖੇ ਹੋਈ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਹਸਨ ਭਾਰਦਵਾਜ ਨੂੰ ਨਗਰ ਨਿਗਮ ਬਰਨਾਲਾ ਦਾ ਪਹਿਲਾ ਮੇਅਰ ਚੁਣ ਲਿਆ ਗਿਆ ਹੈ।                                                                                     

     ਇਸ ਅਹਿਮ ਚੋਣ ਪ੍ਰਕਿਰਿਆ ਤੋਂ ਪਹਿਲਾਂ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਵਿਨੈ ਬੁਬਲਾਨੀ (IAS) ਦੀ ਨਿਗਰਾਨੀ ਅਤੇ ਕਨਵੀਨਰਸ਼ਿਪ ਹੇਠ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਵਿੱਤ ਮੰਤਰੀ ਪੰਜਾਬ  ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਮੌਜੂਦਗੀ ਵਿੱਚ ਨਵੇਂ ਮੇਅਰ ਨੇ ਰਸਮੀ ਤੌਰ ‘ਤੇ ਆਪਣੀ ਕੁਰਸੀ ਸੰਭਾਲੀ।                                     

 ‘ਬਰਨਾਲਾ ਦੇ ਵਿਕਾਸ ਲਈ ਫੰਡਾਂ ਦਾ ਖੁੱਲ੍ਹੇਗਾ ਪਿਟਾਰਾ-

      ਪਾਰਟੀ ਹਾਈਕਮਾਨ ਵੱਲੋਂ ਇਸ ਚੋਣ ਦੀ ਵਿਸ਼ੇਸ਼ ਨਿਗਰਾਨੀ ਲਈ ਭੇਜੇ ਗਏ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ-ਪੱਖੀ ਨੀਤੀਆਂ ਦੀ ਤਾਰੀਫ਼ ਕੀਤੀ। ਉਨਾਂ ਕਿਹਾ ਕਿ  “ਬਰਨਾਲਾ ਦੇ ਲੋਕਾਂ ਨੇ ‘ਆਪ’ ਦੇ ਸੁਸ਼ਾਸਨ ‘ਤੇ ਮੋਹਰ ਲਾ ਕੇ ਮਜ਼ਬੂਤ ਫਤਵਾ ਦਿੱਤਾ ਹੈ। ਅਸੀਂ ਲੋਕਾਂ ਦੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿਆਂਗੇ। ਬਰਨਾਲਾ ਦੇ ਵਿਕਾਸ ਪ੍ਰੋਜੈਕਟਾਂ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।”

       ਸੰਸਦ ਮੈਂਬਰ ਮੀਤ ਹੇਅਰ ਨੇ ਵੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਰਨਾਲਾ ਨੂੰ ਇੱਕ ‘ਮਾਡਲ ਸ਼ਹਿਰ’ ਵਜੋਂ ਵਿਕਸਿਤ ਕਰਨ ਦੇ ਸੁਪਨੇ ਨਾਲ ਹੀ ਇਸ ਨੂੰ ਨਗਰ ਨਿਗਮ ਦਾ ਦਰਜਾ ਦਿਵਾਇਆ ਗਿਆ ਸੀ। ਉਨ੍ਹਾਂ ਨੇ ਮੇਅਰ ਅਤੇ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਦਿਨ-ਰਾਤ ਇੱਕ ਕਰਕੇ ਜਨਤਾ ਦੀ ਸੇਵਾ ਵਿੱਚ ਜੁਟ ਜਾਣ।

     ਆਪਣੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਨਵੇਂ ਚੁਣੇ ਮੇਅਰ ਹਸਨ ਭਾਰਦਵਾਜ ਭਾਵੁਕ ਅਤੇ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਐਮ.ਪੀ. ਮੀਤ ਹੇਅਰ ਅਤੇ ਸਮੂਹ ਬਰਨਾਲਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ, “ਮੇਰਾ ਇੱਕੋ-ਇੱਕ ਨਿਸ਼ਾਨਾ ਬਰਨਾਲਾ ਨੂੰ ਵਿਕਾਸ ਦੇ ਮਾਮਲੇ ਵਿੱਚ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾਉਣਾ ਹੈ, ਅਤੇ ਮੈਂ ਇਸ ਲਈ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ।”

      ਇਹ ਦਿੱਗਜ ਆਗੂ ਵੀ ਰਹੇ ਹਾਜ਼ਰ: ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮਾਨ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਇਸ਼ਵਿੰਦਰ ਸਿੰਘ ਜੰਡੂ ਸਮੇਤ ਵੱਡੀ ਗਿਣਤੀ ਵਿੱਚ ਕੌਂਸਲਰ, ਪਾਰਟੀ ਆਗੂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਉਤਸ਼ਾਹਿਤ ਸਮਰਥਕ ਮੌਜੂਦ ਸਨ।

Advertisement
Advertisement
Advertisement
Advertisement
error: Content is protected !!