“PDA ਦੀ ਸਖ਼ਤੀ: ਠੇਕੇਦਾਰ ਨੂੰ ਨਹੀਂ ਮਿਲੇਗੀ ਪੇਮੈਂਟ”ਮੀਂਹ ‘ਚ ਬਣੀ ਸੜਕ ਹੁਣ ਦੁਬਾਰਾ ਬਣਾਓ

Advertisement
Spread information

ਹਰਿੰਦਰ ਨਿੱਕਾ, ਪਟਿਆਲਾ 6 ਜੁਲਾਈ 2026

     ਪਟਿਆਲਾ ਵਿਕਾਸ ਅਥਾਰਟੀ (PDA) ਦੇ ਮੁੱਖ ਪ੍ਰਸ਼ਾਸਕ ਅਪਰਨਾ ਐਮ.ਬੀ. ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ, ਪੀਡੀਏ ਵੱਲੋਂ ਅਰਬਨ ਅਸਟੇਟ ਫੇਜ਼-2 ਵਿਖੇ ਸੜਕਾਂ ਦੀ ਰੀ-ਕਾਰਪੈਟਿੰਗ ਦੇ ਕੰਮ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਬੀਤੀ 4 ਜੁਲਾਈ ਨੂੰ ਕੰਮ ਦੌਰਾਨ ਅਚਾਨਕ ਹੋਈ ਬਰਸਾਤ ਕਾਰਨ ਪ੍ਰਭਾਵਿਤ ਹੋਈ ਸੜਕ ਨੂੰ ਹੁਣ ਸਬੰਧਤ ਏਜੰਸੀ ਵੱਲੋਂ ਆਪਣੇ ਖ਼ਰਚੇ ‘ਤੇ ਮੁੜ ਤੋਂ ਬਣਾਇਆ ਜਾਵੇਗਾ। ਪੀਡੀਏ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਕੰਮ ਲਈ ਠੇਕੇਦਾਰ ਏਜੰਸੀ ਨੂੰ ਕੋਈ ਵਾਧੂ ਅਦਾਇਗੀ (ਪੇਮੈਂਟ) ਨਹੀਂ ਕੀਤੀ ਜਾਵੇਗੀ।

ਮੀਂਹ ਪੈਂਦਿਆਂ ਹੀ ਰੁਕਵਾ ਦਿੱਤਾ ਸੀ ਕੰਮ

      ਪੀਡੀਏ ਦੇ ਮੰਡਲ ਇੰਜੀਨੀਅਰ (ਸਿਵਲ) ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਪ੍ਰਸ਼ਾਸਕ ਦੇ ਨਿਰਦੇਸ਼ਾਂ ਤਹਿਤ ਸੜਕਾਂ ਦੀ ਰੀ-ਕਾਰਪੈਟਿੰਗ ਦਾ ਕੰਮ ਚੱਲ ਰਿਹਾ ਹੈ। ਉਸ ਦਿਨ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਏਜੰਸੀ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਚੱਲਦੇ ਕੰਮ ਦੌਰਾਨ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੌਕੇ ‘ਤੇ ਮੌਜੂਦ ਪੀਡੀਏ ਅਧਿਕਾਰੀਆਂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਠੇਕੇਦਾਰ ਨੂੰ ਕੰਮ ਬੰਦ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਏਜੰਸੀ ਨੇ ਕੰਮ ਰੋਕ ਦਿੱਤਾ ਸੀ।

ਬਾਰਿਸ਼ ਦੌਰਾਨ ਹੋਇਆ ਕੰਮ ਖੁਰਚ ਕੇ ਦੁਬਾਰਾ ਬਣੇਗੀ ਸੜਕ

     ਮੰਡਲ ਇੰਜੀਨੀਅਰ ਅਨੁਸਾਰ, ਮੀਂਹ ਆਉਣ ਤੋਂ ਪਹਿਲਾਂ ਜੋ ਲੁੱਕ-ਮੈਟੀਰੀਅਲ ਪਾਇਆ ਗਿਆ ਸੀ, ਏਜੰਸੀ ਨੇ ਸਿਰਫ਼ ਉਸ ਨੂੰ ਹੀ ਲੈਵਲ ਕੀਤਾ ਸੀ। ਇਸ ਦੇ ਬਾਵਜੂਦ, ਪੀਡੀਏ ਨੇ ਪਾਰਦਰਸ਼ਤਾ ਅਤੇ ਮਜ਼ਬੂਤੀ ਨੂੰ ਮੁੱਖ ਰੱਖਦਿਆਂ ਹਦਾਇਤ ਕੀਤੀ ਹੈ ਕਿ ਬਾਰਿਸ਼ ਦੌਰਾਨ ਪ੍ਰਭਾਵਿਤ ਹੋਏ ਹਿੱਸੇ ਨੂੰ ਮੌਕੇ ਤੋਂ ਪੂਰੀ ਤਰ੍ਹਾਂ ਖੁਰਚ ਕੇ (ਉਖੇੜ ਕੇ) ਨਵੇਂ ਸਿਰੇ ਤੋਂ ਬਣਾਇਆ ਜਾਵੇ। ਇਸ ਖ਼ਰਾਬ ਹੋਏ ਕੰਮ ਦੀ ਕੋਈ ਵੀ ਅਦਾਇਗੀ ਠੇਕੇਦਾਰ ਨੂੰ ਨਹੀਂ ਕੀਤੀ ਗਈ ਹੈ।

ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਲਿਆ ਜਾਇਜ਼ਾ

      ਮੁੱਖ ਪ੍ਰਸ਼ਾਸਕ ਅਪਰਨਾ ਐਮ.ਬੀ. ਦੇ ਨਿਰਦੇਸ਼ਾਂ ‘ਤੇ ਪੀਡੀਏ ਦੇ ਤਕਨੀਕੀ ਸਟਾਫ਼ ਨੇ ਅੱਜ ਮੁੜ ਘਟਨਾ ਸਥਾਨ ਦਾ ਦੌਰਾ ਕਰਕੇ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਮੀਂਹ ਆਉਣ ‘ਤੇ ਕੰਮ ਤੁਰੰਤ ਬੰਦ ਕਰਵਾ ਦਿੱਤਾ ਗਿਆ ਸੀ। ਪੀਡੀਏ ਅਧਿਕਾਰੀਆਂ ਨੇ ਦੁਹਰਾਇਆ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਵਿੱਚ ਕੋਈ ਕਮੀ-ਪੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰਾ ਕੰਮ ਨਿਯਮਾਂ ਅਨੁਸਾਰ ਹੀ ਮੁਕੰਮਲ ਕਰਵਾਇਆ ਜਾਵੇਗਾ।

Advertisement
Advertisement
Advertisement
Advertisement
error: Content is protected !!