ਦੋਸਤ ਨੂੰ ਬਚਾਉਂਦਿਆਂ, ਮਾਪਿਆਂ ਦਾ ਇਕਲੌਤਾ ਪੁੱਤ ਨਹਿਰ ‘ਚ ਡੁੱਬਿਆ, ਖ਼ਤਮ ਹੋਇਆ ਵੰਸ਼ !
ਰਘਵੀਰ ਹੈਪੀ, ਬਰਨਾਲਾ 7 ਜਲਾਈ 2026
ਰੋਜੀ-ਰੋਟੀ ਦੀ ਭਾਲ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਖੰਭ ਲਾਉਣ ਕੈਨੇਡਾ ਦੀ ਧਰਤੀ ‘ਤੇ ਗਏ ਜ਼ਿਲ੍ਹਾ ਬਰਨਾਲਾ ਦੇ ਸਬ-ਡਿਵੀਜ਼ਨ ਤਪਾ ਮੰਡੀ ਦੇ 26 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੀ ਮਾਂਟਰੀਅਲ ਸ਼ਹਿਰ ਦੀ ਲਾਚੀਨ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਰੂਹ ਕੰਬਾਊ ਪਹਿਲੂ ਇਹ ਹੈ ਕਿ ਲਵਪ੍ਰੀਤ ਖੁਦ ਨਹੀਂ ਡੁੱਬਿਆ, ਬਲਕਿ ਨਹਿਰ ਵਿੱਚ ਡੁੱਬ ਰਹੇ ਆਪਣੇ ਦੋਸਤ ਦੀ ਜ਼ਿੰਦਗੀ ਬਚਾਉਣ ਲਈ ਉਸ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਦੋਸਤ ਨੂੰ ਬਚਾਉਂਦਿਆਂ-ਬਚਾਉਂਦਿਆਂ ਉਹ ਖੁਦ ਮੌਤ ਦੇ ਬੇਰਹਿਮ ਪਾਣੀਆਂ ਵਿੱਚ ਹਮੇਸ਼ਾ ਲਈ ਲੀਨ ਹੋ ਗਿਆ। ਕੈਨੇਡਾ ਪ੍ਰਸ਼ਾਸਨ ਨੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦੋਵੇਂ ਨੌਜਵਾਨ ਦਮ ਤੋੜ ਚੁੱਕੇ ਸਨ।
29 ਲੱਖ ਰੁਪਏ ਲਾ ਕੇ ਭੇਜਿਆ ਸੀ ਕੈਨੇਡਾ, ਸਭ ਕੁਝ ਹੋਇਆ ਤਬਾਹ
ਇਸ ਦੁਖਾਂਤ ਨੇ ਇੱਕ ਹੱਸਦੇ-ਖੇਡਦੇ ਗੁਰਸਿੱਖ ਪਰਿਵਾਰ ਦੇ ਚਿਰਾਗ ਨੂੰ ਸਦਾ ਲਈ ਬੁਝਾ ਦਿੱਤਾ ਹੈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਬਲਵੀਰ ਸਿੰਘ, ਜੋ ਦੇਸ਼ ਦੀ ਸੇਵਾ ਕਰ ਚੁੱਕੇ ਇੱਕ ਸਾਬਕਾ ਸੀ.ਆਰ.ਪੀ.ਐਫ. (CRPF) ਫ਼ੌਜੀ ਹਨ, ਨੇ ਆਪਣੇ ਇਕਲੌਤੇ ਪੁੱਤਰ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਸਾਰੀ ਸਾਢੇ ਚਾਰ ਏਕੜ ਜ਼ਮੀਨ (ਜਿਸ ਵਿੱਚ ਪੌਣੇ ਦੋ ਏਕੜ ਉਸ ਦੇ ਹਿੱਸੇ ਦੀ ਸੀ) ਵੇਚ ਕੇ 29 ਲੱਖ ਰੁਪਏ ਇਕੱਠੇ ਕੀਤੇ ਸਨ। ਲਵਪ੍ਰੀਤ 12ਵੀਂ ਪਾਸ ਕਰਨ ਤੋਂ ਬਾਅਦ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਟਰਾਲਾ ਡਰਾਈਵਰ ਵਜੋਂ ਦਿਨ-ਰਾਤ ਮਿਹਨਤ ਕਰ ਰਿਹਾ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਨੂੰ ਕਰੋੜਾਂ ਦੇ ਸੁਪਨੇ ਦੇ ਕੇ ਵਿਦੇਸ਼ ਤੋਰਿਆ ਸੀ, ਉਸ ਦੀ ਲਾਸ਼ ਮੰਗਵਾਉਣ ਲਈ ਮਾਪਿਆਂ ਨੂੰ ਹੱਥ ਜੋੜਨੇ ਪੈਣਗੇ।
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ, 10 ਦਿਨ ਪਹਿਲਾਂ ਹੋਈ ਸੀ ਆਖਰੀ ਗੱਲ
ਘਰ ਦਾ ਇਕਲੌਤਾ ਕਮਾਊ ਪੁੱਤ ਚਲੇ ਜਾਣ ਨਾਲ ਬਿਰਧ ਮਾਪਿਆਂ ਅਤੇ ਇਕਲੌਤੀ ਭੈਣ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਂ ਅਤੇ ਭੈਣ ਆਪਣੇ ਲਾਡਲੇ ਭਰਾ ਨੂੰ ਯਾਦ ਕਰਕੇ ਵੈਣ ਪਾ ਰਹੀਆਂ ਹਨ, ਜਿਨ੍ਹਾਂ ਦੀਆਂ ਚੀਕਾਂ ਸੁਣ ਕੇ ਪੂਰੇ ਇਲਾਕੇ ਦੀਆਂ ਅੱਖਾਂ ਨਮ ਹਨ। ਪਰਿਵਾਰ ਨੇ ਦੱਸਿਆ ਕਿ ਅਜੇ 10 ਦਿਨ ਪਹਿਲਾਂ ਹੀ ਲਵਪ੍ਰੀਤ ਨੇ ਫੋਨ ‘ਤੇ ਹੱਸ-ਹੱਸ ਕੇ ਗੱਲਾਂ ਕੀਤੀਆਂ ਸਨ, ਪਰ ਹੁਣ ਸਭ ਕੁਝ ਉੱਜੜ ਚੁੱਕਾ ਹੈ। 
ਸਰਕਾਰਾਂ ਅਤੇ ਸਮਾਜ ਸੇਵੀਆਂ ਅੱਗੇ ਅੰਤਿਮ ਦੀਦਾਰ ਲਈ ਗੁਹਾਰ
ਪੁੱਤ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਅਤੇ ਆਰਥਿਕ ਮੰਦਹਾਲੀ ਦੇ ਜਾਲ ਵਿੱਚ ਫਸੇ ਰੋਂਦੇ-ਕੁਰਲਾਉਂਦੇ ਮਾਪਿਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੈਨੇਡਾ ਸਰਕਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਐਨ.ਆਰ.ਆਈ. (NRI) ਵੀਰਾਂ ਸਮੇਤ ਸਮਾਜ ਸੇਵੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ। ਉਨ੍ਹਾਂ ਗੁਹਾਰ ਲਗਾਈ ਕਿ ਇਸ ਬੇਹੱਦ ਔਖੀ ਘੜੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਉਨ੍ਹਾਂ ਦੇ ਜੱਦੀ ਪਿੰਡ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ, ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਆਪਣੇ ਇਕਲੌਤੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਅਤੇ ਉਸ ਦਾ ਆਖਰੀ ਵਾਰ ਮੂੰਹ ਦੇਖ ਸਕਣ।







