ਇੱਕੋ ਕਹਾਣੀ, ਦੋਵੇਂ ਗੁਨਾਹਗਾਰ! ਤਾਂਬੇ ਦੀਆਂ ਪਾਈਪਾਂ ਨੇ ਖੋਲ੍ਹੇ ਦੋਵਾਂ ਧਿਰਾਂ ਦੇ ਪੋਤੜੇ..!
ਹਰਿੰਦਰ ਨਿੱਕਾ, ਬਰਨਾਲਾ 24 ਜੂਨ 2026
ਸ਼ਹਿਰ ਦੇ ਬਾਜਾਖਾਨਾ ਰੋਡ ‘ਤੇ ਵੀ.ਆਰ.ਸੀ. ਮਾਲ ਦੇ ਨੇੜੇ ਇੱਕ ਅਜਿਹਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਨੂੰ ਵੀ ਚੱਕਰਾਂ ਵਿੱਚ ਪਾ ਦਿੱਤਾ ਹੈ। ਇੱਥੇ ਵਾਪਰੀਆਂ ਦੋ ਵੱਖ-ਵੱਖ ਵਾਰਦਾਤਾਂ, ਇੱਕ ਲੱਖਾਂ ਦੀ ਚੋਰੀ ਅਤੇ ਦੂਜੀ ਹੱਡ-ਭੰਨਵੀਂ ਕੁੱਟਮਾਰ ਨੇ ਹੁਣ ਇੱਕ ਅਜਿਹਾ ਮੋੜ ਲੈ ਲਿਆ ਹੈ, ਜਿੱਥੇ ਇੱਕ ਕੇਸ ਦਾ ਸ਼ਿਕਾਇਤਕਰਤਾ (ਮੁਦਈ) ਦੂਜੇ ਕੇਸ ਵਿੱਚ ਮੁਲਜ਼ਮ ਬਣ ਚੁੱਕਾ ਹੈ। ਪੁਲਿਸ ਨੇ ਦੋਵਾਂ ਧਿਰਾਂ ਖ਼ਿਲਾਫ਼ ਕ੍ਰਾਸ ਐਫ.ਆਈ.ਆਰ. (Cross FIR) ਦਰਜ ਕਰਕੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਮੁੱਦੇ ਨੂੰ ਟੂਡੇ ਨਿਊਜ਼ ਵੱਲੋਂ ਲੰਘੀ ਕੱਲ੍ਹ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਕੇ ਉਭਾਰਿਆ ਗਿਆ ਸੀ। ਜਿਸ ਤੋਂ ਬਾਅਦ ਹੀ ਪੁਲਿਸ ਹਰਕਤ ਵਿੱਚ ਆਈ।

ਪਹਿਲਾ ਧਮਾਕਾ: ਹੋਟਲ ‘ਚੋਂ 1500 ਫੁੱਟ ਤਾਂਬਾ ਗਾਇਬ.!
ਕਹਾਣੀ ਦੀ ਸ਼ੁਰੂਆਤ ਬਾਜਾਖਾਨਾ ਰੋਡ ‘ਤੇ ਬਣ ਰਹੇ ਇੱਕ ਨਵੇਂ ਤਿੰਨ-ਮੰਜ਼ਿਲਾ ਹੋਟਲ ਤੋਂ ਹੁੰਦੀ ਹੈ। ਹੋਟਲ ਦੇ ਮਾਲਕ ਮੋਹਿਤ ਧੁੰਨਾ, ਬੂਟਾ ਸਿੰਘ ਆੜਤੀ ਅਤੇ ਹਰਦੇਵ ਸਿੰਘ ਨੇ ਜਦੋਂ ਸੈਂਟਰਲ ਏ.ਸੀ. ਦੀ ਫਿਟਿੰਗ ਚੈੱਕ ਕੀਤੀ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਸੀਲਿੰਗ ਦੇ ਅੰਦਰੋਂ ਕਰੀਬ 1500 ਫੁੱਟ ਤਾਂਬੇ ਦੀਆਂ ਪਾਈਪਾਂ ਚੋਰੀ ਹੋ ਚੁੱਕੀਆਂ ਸਨ। ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਪੀ.ਓ.ਪੀ. ਦੇ ਠੇਕੇਦਾਰ ਦਿਨੇਸ਼ ਕੁਮਾਰ ਅਤੇ ਉਸ ਦੇ ਮਜ਼ਦੂਰਾਂ ਦੀਰਜ਼ ਅਕਲੇਸ਼, ਸੂਰਜ਼ ਨੇ ਮਿਲ ਕੇ ਇਹ ਲੱਖਾਂ ਰੁਪਏ ਦਾ ਤਾਂਬਾ ਚੋਰੀ ਕਰਕੇ ਅੱਗੇ ਪੱਤੀ ਰੋਡ ਦੇ ਰਹਿਣ ਵਾਲੇ ਇੱਕ ਕਬਾੜੀਏ ਬੰਟੀ ਕੁਮਾਰ ਨੂੰ ਕਥਿਤ ਤੌਰ ਤੇ ਵੇਚ ਦਿੱਤਾ ਹੈ। ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਕਬਾੜੀਏ ਬੰਟੀ ਕੁਮਾਰ ਅਤੇ ਠੇਕੇਦਾਰ ਸਹਿਤ ਉਕਤ ਦੂਜੇ ਦੋਸ਼ੀਆਂ ਖ਼ਿਲਾਫ਼ ਚੋਰੀ ਦਾ ਮਾਲ ਖਰੀਦਣ/ਵੇਚਣ ਦੇ ਦੋਸ਼ ਹੇਠ (BNS 305) ਪਰਚਾ ਦਰਜ ਕਰ ਲਿਆ ਹੈ ।
ਦੂਜਾ ਟਵਿਸਟ: ਕਬਾੜੀਏ ‘ਤੇ ਖੂਨੀ ਹਮਲਾ ਅਤੇ 7 ਗੰਭੀਰ ਸੱਟਾਂ..!
ਮਾਮਲੇ ਵਿੱਚ ਅਸਲ ਸਨਸਨੀ ਉਦੋਂ ਫੈਲੀ, ਜਦੋਂ ਚੋਰੀ ਦੇ ਕੇਸ ਵਿੱਚ ਨਾਮਜਦ ਮੁਲਜ਼ਮ ਬਣਿਆ ਕਬਾੜੀਆ ਬੰਟੀ ਕੁਮਾਰ ਪੁੱਤਰ ਅਮਰਜੀਤ ਕੁਮਾਰ ਗੰਭੀਰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਪਹੁੰਚ ਗਿਆ। ਬੰਟੀ ਕੁਮਾਰ ਨੇ ਹਸਪਤਾਲ ਤੋਂ ਬਿਆਨ ਦਿੰਦਿਆਂ ਉਲਟਾ ਹੋਟਲ ਮਾਲਕਾਂ ‘ਤੇ ਅਗਵਾ ਕਰਕੇ, ਬੰਨ੍ਹ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾ ਦਿੱਤੇ। ਬੰਟੀ ਮੁਤਾਬਕ, ਹੋਟਲ ਮਾਲਕ ਬੂਟਾ ਸਿੰਘ ਆੜਤੀਆ , ਇੰਦਰਜੀਤ ਉਸ ਦੇ ਪੁੱਤਰ ਮੋਹਿਤ ਧੁੰਨਾ ਅਤੇ ਉਨ੍ਹਾਂ ਦੇ 6-7 ਅਣਪਛਾਤੇ ਸਾਥੀਆਂ ਨੇ ਉਸ ਨੂੰ ਦੁਕਾਨ ਤੋਂ ਬਾਹਰ ਘਸੀਟ ਕੇ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੇ ਸਰੀਰ ‘ਤੇ 7 ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਕਾਰਵਾਈ ਕਰਦਿਆਂ ਹੋਟਲ ਮਾਲਕਾਂ ਖ਼ਿਲਾਫ਼ ਵੀ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ (BNS 115, 126, 191, 190) ਇੱਕ ਹੋਰ ਭਾਰੀ ਮੁਕੱਦਮਾ ਦਰਜ ਕਰ ਲਿਆ।
ਹੁਣ ਅੱਗੇ ਹੋਰ ਕੀ..?
ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਗੁੰਝਲਦਾਰ ਅਤੇ ਗੰਭੀਰ ਹੈ।
ਦੋਵਾਂ ਧਿਰਾਂ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ‘ਤੇ ਹੀ ਦੋਵੇਂ ਧਿਰਾਂ ਵੱਲੋਂ ਨਾਮਜ਼ਦ ਦੋਸ਼ੀਆਂ ਖਿਲਾਫ ਦੋ ਵੱਖੋ-ਵੱਖਰੀਆਂ ਐਫਆਈਆਰ ਦਰਜ ਹੋ ਚੁੱਕੀਆਂ ਹਨ। ਉੱਧਰ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਏ.ਐੱਸ.ਆਈ. ਦਿਆ ਸਿੰਘ ਮੁਤਾਬਕ, ਇਹ ਪੂਰਾ ਖੂਨੀ ਵਿਵਾਦ ਚੋਰੀ ਹੋਈਆਂ ਏਸੀ ਦੀਆਂ ਤਾਬੇ ਵਾਲੀਆਂ ਪਾਈਪਾਂ ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ। ਚੋਰੀ ਦੀ ਰੰਜਿਸ਼ ਕਾਰਨ ਦੋਵੇਂ ਧਿਰਾਂ ਕਾਨੂੰਨ ਛਿੱਕੇ ਟੰਗ ਕੇ ਆਹਮੋ-ਸਾਹਮਣੇ ਹੋਈਆਂ। ਹੁਣ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਚੋਰੀ ਦਾ ਮਾਲ ਬਰਾਮਦ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਗ੍ਰਿਫ਼ਤ ਵਿੱਚ ਪਹਿਲਾਂ ਕੌਣ ਆਉਂਦਾ ਹੈ। ਲੱਖਾਂ ਰੁਪਏ ਦਾ ਤਾਂਬਾ ਖਰੀਦਣ ਵਾਲਾ ਕਬਾੜੀਆ ਜਾਂ ਕਾਨੂੰਨ ਆਪਣੇ ਹੱਥ ‘ਚ ਲੈਣ ਵਾਲੇ ਹੋਟਲ ਮਾਲਕ..?







