ਹਰਿੰਦਰ ਨਿੱਕਾ, ਬਰਨਾਲਾ 30 ਜੂਨ 2026
ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਜਨਤਕ ਹੋਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ, ਭਗਵੰਤ ਮਾਨ ਨੂੰ ਮੂੰਹ ਨਾ ਲਾਉਣ ਦਾ ਫਤਵਾ ਜ਼ਾਰੀ ਕਰਨ ਦੇ ਬਾਵਜੂਦ ਵੀ, ਮੁੱਖ ਮੰਤਰੀ ਦਾ ਜਲਵਾ ਕਸਬਾ ਮਹਿਲ ਕਲਾਂ ‘ਚ ਵੀ ਬਰਕਰਾਰ ਰਿਹਾ । ਉਨਾਂ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ, ਉੱਥੇ ਹੀ ਵਿਰੋਧੀ ਧਿਰਾਂ ‘ਤੇ ਵੀ ਜ਼ੋਰਦਾਰ ਸਿਆਸੀ ਹੱਲਾ ਵੀ ਬੋਲਿਆ।
ਉੱਧਰ ਜਦੋਂ ਮੁੱਖ ਮੰਤਰੀ ਦੀ ਲੋਕ ਮਿਲਣੀ ਚੱਲ ਰਹੀ ਸੀ, ਪੁਲਿਸ ਪ੍ਰਦਾਰਸ਼ਨਕਾਰੀਆਂ ਨੂੰ ਡੰਡਿਆਂ ਨਾਲ ਖਦੇੜਦੀ ਵੀ ਰਹੀ। ਪੁਲਿਸ ਨੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਮੁੱਖ ਮੰਤਰੀ ਦੇ ਨੇੜੇ ਫਟਕਣ ਨਹੀਂ ਦਿੱਤਾ। ਸ੍ਰੋਮਣੀ ਅਕਾਲੀ ਦਲ ਦੀ ਸੂਬਾਈ ਆਗੂ ਬੇਅੰਤ ਕੌਰ ਖਹਿਰਾ ਦੀ ਅਗਵਾਈ ਵਿੱਚ ਕਾਲੀਆਂ ਝੰਡੀਆਂ ਦਿਖਾਉਣ ਲਈ ਪਹੁੰਚੇ ਵਰਕਰਾਂ ਨੂੰ ਮਹਿਲਾ ਪੁਲਿਸ ਘੜੀਸ ਕੇ ਲੈ ਗਈ। ਇਸ ਤੋਂ ਇਲਾਵਾ ਬੀਕੇਯੂ ਸਿੱਧੂਪੁਰ ਦੇ ਆਗੂਆਂ ਨੂੰ ਵੀ ਪੁਲਿਸ ਖੇਤਾਂ ਵੱਲ ਭਜਾ ਕੇ ਲੈ ਗਈ।
“ਸਾਢੇ ਚਾਰ ਸਾਲਾਂ ਵਿੱਚ ਇੱਕ ਰੁਪਏ ਦਾ ਵੀ ਘਪਲਾ ਨਹੀਂ”
ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਵਿਕਾਸ ਦੀ ਹਨੇਰੀ ਕਾਰਨ ਵਿਰੋਧੀ ਪਾਰਟੀਆਂ ਬੁਖ਼ਲਾਹਟ ਵਿੱਚ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਫ਼ਿਲਮੀ ਅੰਦਾਜ਼ ਵਿੱਚ ਕਿਹਾ, “ਯੇ ਪਬਲਿਕ ਹੈ ਸਭ ਜਾਨਤੀ ਹੈ। “ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਿਆਂ ਸਾਢੇ ਚਾਰ ਸਾਲ ਬੀਤ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ‘ਤੇ ਇੱਕ ਰੁਪਏ ਦੇ ਘਪਲੇ ਦਾ ਵੀ ਕੋਈ ਦਾਗ ਨਹੀਂ ਹੈ, ਜਦੋਂਕਿ ਪਿਛਲੀਆਂ ਸਰਕਾਰਾਂ ਵੇਲੇ 500 ਤੋਂ 1000 ਕਰੋੜ ਰੁਪਏ ਦੇ ਘਪਲਿਆਂ ਦੀ ਗੱਲ ਆਮ ਹੁੰਦੀ ਸੀ।
ਸਰਕਾਰ ਦੀਆਂ ਪ੍ਰਾਪਤੀਆਂ ਦਾ ਕੀਤਾ ਜ਼ਿਕਰ
ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਸਰਪੰਚਾਂ ਦਾ ਮਾਣਭੱਤਾ (ਤਨਖ਼ਾਹ) ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਲੋਕਾਂ ਦਾ 10-10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਹੋ ਰਿਹਾ ਹੈ ਅਤੇ ਖੇਤਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਸਲੀਅਤ ਵਿੱਚ ‘ਰੰਗਲਾ ਪੰਜਾਬ’ ਬਣ ਰਿਹਾ ਹੈ।
ਵਿਰੋਧੀਆਂ ’ਤੇ ਛੱਡੇ ਸਿਆਸੀ ਤੀਰ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਸੀ.ਐਮ. ਮਾਨ ਨੇ ਕਿਹਾ ਕਿ ਸੱਤਾ ਵਿੱਚ ਆਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਇਨ੍ਹਾਂ ਆਗੂਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹੁਣ ਉਨ੍ਹਾਂ ਦੀ ਸਿਰਫ਼ ਜੇਲ੍ਹ ਜਾਣ ਦੀ ਵਾਰੀ ਹੈ। ਉੱਥੇ ਹੀ ਕਾਂਗਰਸ ਦੀ ਹਾਲਤ ‘ਤੇ ਚੋਟ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਉਸ ਬੀਮਾਰ ਬਜ਼ੁਰਗ ਵਰਗੀ ਹੋ ਚੁੱਕੀ ਹੈ, ਜਿਸ ਦੇ ਸਾਹਾਂ ਦੀ ਡੋਰ ਸਿਰਫ਼ ਪਾਣੀ ਦੇ ਚਮਚੇ ‘ਤੇ ਟਿਕੀ ਹੋਈ ਹੈ।
ਜਨਤਾ ਦਾ ਹੁੰਗਾਰਾ ਅਤੇ 2027 ਦੀਆਂ ਚੋਣਾਂ ਦਾ ਦਾਅਵਾ
ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦੇ ਕੰਮਾਂ ਬਾਰੇ ਲੋਕਾਂ ਦੀ ਰਾਇ ਪੁੱਛੀ, ਤਾਂ ਪੂਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਕੇ ਆਪਣੀ ਸਹਿਮਤੀ ਦੀ ਮੋਹਰ ਲਾਈ। ਇਸ ਭਰਵੇਂ ਹੁੰਗਾਰੇ ਨੂੰ ਭਗਵੰਤ ਮਾਨ ਨੇ 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਅਗਾਊਂ ਨਤੀਜੇ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ‘ਪੰਜਾਬ ਅਤੇ ਪਾਣੀਆਂ ਦਾ ਰਾਖਾ’ ਕਹਿ ਕੇ ਮਾਣ ਦੇ ਰਹੇ ਹਨ, ਜਦੋਂਕਿ ਉਹ ਸਿਰਫ਼ ਆਪਣਾ ਫ਼ਰਜ਼ ਨਿਭਾ ਰਹੇ ਹਨ।
ਵਿਕਾਸ ਲਈ ਗ੍ਰਾਂਟ: ਇਸ ਮੌਕੇ ਮੁੱਖ ਮੰਤਰੀ ਨੇ ਕਸਬਾ ਮਹਿਲ ਕਲਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿੱਪ ਅਤੇ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਡੀਸੀ ਹਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹੋਰ ਦਰਜਾ ਬ ਦਰਜਾ ਆਗੂ, ਪੰਜਾਬੀ ਅਦਾਕਾਰ ਸਰਦਾਰ ਸੋਹੀ, ਪੰਜਾਬੀ ਗੀਤਕਾਰ ਮਨਪ੍ਰੀਤ ਟਿਵਾਣਾ ਵੀ ਮੌਜੂਦ ਰਹੇ।







