BARNALA ‘ਚ ਜਦੋਂ ਇੱਕੋ ਮੰਚ ‘ਤੇ ਜੁੜੇ ‘ਸਿਹਤ’ ਤੇ ‘ਸਰਮਾਇਆ’

Advertisement
Spread information

ਨਵੀਂ ਜ਼ਿੰਦਗੀ ਦੇਣ ਵਾਲੇ ਅਤੇ ਦੇਸ਼ ਦੀ ਆਰਥਿਕਤਾ ਸੰਭਾਲਣ ਵਾਲੇ ਸਮਾਜ ਦੇ ਮਜ਼ਬੂਤ ਥੰਮ੍ਹ: ਡਾ. ਪਿਨਾਕ ਮੌਦਗਿਲ

ਹਰਿੰਦਰ ਨਿੱਕਾ, ਬਰਨਾਲਾ 1 ਜੁਲਾਈ 2026

       ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਵੱਲੋਂ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਰਾਸ਼ਟਰੀ ਡਾਕਟਰਜ਼ ਡੇਅ ਅਤੇ ਸੀਏ ਡੇਅ ਦੇ ਮੌਕੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਮਾਜ ਨੂੰ ਸਿਹਤ ਸੇਵਾਵਾਂ ਅਤੇ ਵਿੱਤੀ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੀਆਂ ਡਾਕਟਰ ਅਤੇ ਚਾਰਟਰਡ ਅਕਾਊਂਟੈਂਟਸ (ਸੀਏ) ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

      ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪਿਨਾਕ ਮੌਦਗਿਲ (ਸੀ.ਈ.ਓ. ਜੇ.ਆਈ.ਐਸ. ਹੈਲਥਕੇਅਰ ਅਤੇ ਚੇਅਰਮੈਨ ਐੱਸ.ਡੀ. ਸਭਾ ਰਜਿ. ਬਰਨਾਲਾ) ਅਤੇ ਸ਼੍ਰੀ ਹਸਨਪ੍ਰੀਤ ਭਾਰਦਵਾਜ (ਮੇਅਰ, ਨਗਰ ਨਿਗਮ ਬਰਨਾਲਾ) ਨੇ ਸ਼ਿਰਕਤ ਕੀਤੀ। ਜਦਕਿ ਡਾ. ਪ੍ਰਿਯੰਕਾ ਸ਼ਰਮਾ (ਡਾਇਰੈਕਟਰ, ਦੂਨ ਇੰਸਟੀਚਿਊਟ) ਅਤੇ ਲਾਇਨ ਮਨਜੀਤ ਕਾਂਸਲ (ਰੀਜਨ ਚੇਅਰਪਰਸਨ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਡਾਕਟਰ ਅਤੇ ਸੀਏ ਸਮਾਜ ਦੇ ਦੋ ਮਜ਼ਬੂਤ ਥੰਮ੍ਹ: 

      ਆਪਣੇ ਸੰਬੋਧਨ ਦੌਰਾਨ ਡਾ. ਪਿਨਾਕ ਮੌਦਗਿਲ ਨੇ ਕਿਹਾ ਕਿ ਡਾਕਟਰ ਮਨੁੱਖਤਾ ਦੀ ਸੇਵਾ ਦਾ ਸਰਵੋਤਮ ਉਦਾਹਰਣ ਹਨ, ਜੋ ਆਪਣੀ ਮਿਹਨਤ ਨਾਲ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਇਸੇ ਤਰ੍ਹਾਂ ਚਾਰਟਰਡ ਅਕਾਊਂਟੈਂਟ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਪੇਸ਼ੇਵਰਾਂ ਦਾ ਸਨਮਾਨ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਮੇਅਰ ਹਸਨਪ੍ਰੀਤ ਭਾਰਦਵਾਜ ਨੇ ਲਾਇਨਜ਼ ਕਲੱਬ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਦੇ ਹਨ।

      ਕਲੱਬ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਆਖਿਆ ਕਿ ਇੱਕ ਪੇਸ਼ਾ ਮਨੁੱਖੀ ਜੀਵਨ ਦੀ ਰੱਖਿਆ ਕਰਦਾ ਹੈ ਅਤੇ ਦੂਜਾ ਦੇਸ਼ ਦੀ ਆਰਥਿਕਤਾ ਨੂੰ ਪਟਰੀ ਤੇ ਲਿਆਉਣ ਅਤੇ ਕਾਰੋਬਾਰੀਆਂ ਦਾ ਮਾਰਗ ਦਰਸ਼ਨ ਕਰਦਾ ਹੈ । ਉਨ੍ਹਾਂ ਕਿਹਾ ਕਿ ਕਲੱਬ ਦਾ ਉਦੇਸ਼ ਸਿਰਫ਼ ਸਨਮਾਨ ਕਰਨਾ ਨਹੀਂ, ਸਗੋਂ ‘We Serve’ (ਅਸੀਂ ਸੇਵਾ ਕਰਦੇ ਹਾਂ) ਦੇ ਮੂਲ ਮੰਤਰ ਤਹਿਤ ਸਿਹਤ, ਸਿੱਖਿਆ ਅਤੇ ਮਾਨਵਤਾ ਦੀ ਭਲਾਈ ਲਈ ਲਗਾਤਾਰ ਕੰਮ ਕਰਨਾ ਹੈ।

ਇਨ੍ਹਾਂ ਸ਼ਖਸੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ

      ਸਮਾਗਮ ਦੌਰਾਨ ਮੈਡੀਕਲ ਖੇਤਰ ਵਿੱਚੋਂ ਡਾ. ਅੰਸ਼ੁਲ ਗਰਗ, ਡਾ. ਦੀਪਲੇਖ ਬਾਜਵਾ, ਡਾ. ਅੰਕੁਸ਼ ਜਿੰਦਲ, ਡਾ. ਗਗਨਦੀਪ, ਡਾ. ਸੰਦੀਪ ਕੌਰ ਸਿੱਧੂ, ਡਾ. ਦੀਪਕ ਗਰਗ, ਅਤੇ ਡਾ. ਰੁਪੇਸ਼ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਵਿੱਤੀ ਖੇਤਰ ਵਿੱਚੋਂ ਸੀਏ ਆਰ.ਕੇ. ਚੌਧਰੀ, ਸੀਏ ਸੰਦੀਪ ਸਿੰਘਲ, ਸੀਏ ਨਿਸ਼ਾਤ ਸਿੰਘਲ, ਸੀਏ ਨਵਲਦੀਪ ਗਰਗ, ਸੀਏ ਆਸ਼ੀਸ਼ ਬਾਂਸਲ, ਸੀਏ ਮਨੋਜ ਅਤੇ ਸੀਏ ਪੰਕਜ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਸ਼ੇਵਰ ਸੇਵਾਵਾਂ ਲਈ ਸਨਮਾਨ ਚਿੰਨ੍ਹ ਭੇਟ ਕੀਤੇ ਗਏ।

ਵਾਤਾਵਰਣ ਸੰਭਾਲ ਲਈ ਚਲਾਈ ਮੁਹਿੰਮ

     ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਦਾ ਸੰਦੇਸ਼ ਦਿੰਦਿਆਂ ਕਲੱਬ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ। ਮੁੱਖ ਮਹਿਮਾਨਾਂ ਅਤੇ ਲਾਇਨ ਮੈਂਬਰਾਂ ਨੇ ਪੌਦੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਹਰਿਆਵਲ ਵਧਾਉਣ ਦੀ ਅਪੀਲ ਕੀਤੀ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਲਾਇਨ ਯਸ਼ ਪਾਲ (ਜਨਰਲ ਸਕੱਤਰ), ਲਾਇਨ ਅਰੁਣ ਬਾਂਸਲ (ਖਜ਼ਾਨਚੀ), ਲਾਇਨ ਆਰ.ਪੀ. ਸਿੰਘ (ਪ੍ਰੋਜੈਕਟ ਚੇਅਰਮੈਨ), ਲਾਇਨ ਜਤਿੰਦਰ ਗੋਇਲ (ਪੀ.ਆਰ.ਓ.), ਲਾਇਨ ਭੋਜ ਰਾਜ, ਲਾਇਨ ਪਵਨ ਮਿੱਤਲ, ਲਾਇਨ ਲੋਕੇਸ਼ ਮੱਕੜਾ ਅਤੇ ਹੋਰਨਾਂ ਸਮੂਹ ਮੈਂਬਰਾਂ ਨੇ ਸਰਗਰਮ ਭੂਮਿਕਾ ਨਿਭਾਈ। ਅੰਤ ਵਿੱਚ ਪ੍ਰਧਾਨ ਸ਼ਿਵ ਸਿੰਗਲਾ ਨੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਅਤੇ ਆਏ ਹੋਏ ਮਹਿਮਾਨਾਂ ਦਾ ਨਿੱਘੇ ਸਹਿਯੋਗ ਲਈ ਧੰਨਵਾਦ ਕੀਤਾ।

Advertisement
Advertisement
Advertisement
Advertisement
error: Content is protected !!