ਹਰਿੰਦਰ ਨਿੱਕਾ, ਪਟਿਆਲਾ 1 ਜੁਲਾਈ 2026
ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ‘ਚ ਅੱਜ ਹੋਈ ਵੱਡੀ ਰਾਜਸੀ ਉਥਲ-ਪੁੱਥਲ ਨਾਲ ਜਿੱਥੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ, ਉਥੇ ਹੀ ਪੰਥਕ ਸਫਾਂ ‘ਚ ਅਲੱਗ ਥਲੱਗ ਪੈ ਰਹੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਅਕਾਲੀ ਦਲ ਦੀ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਅਤੇ ਹਲਕੇ ‘ਚ ਹਰਮਨ ਪਿਆਰੇ ਆਗੂ ਕਰਨ ਸਿੰਘ ਡੀਟੀਓ ਨੇ ਪਾਤੜਾਂ ਦੀ ਅਨਾਜ ਮੰਡੀ ਵੱਡਾ ਇਕੱਠ ਕਰਕੇ, ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ।
ਇਹ ਸਿਰਫ਼ ਦੋ ਆਗੂਆਂ ਦਾ ਪਾਰਟੀ ਬਦਲਣਾ ਨਹੀਂ ਸੀ, ਸਗੋਂ ਸਾਬਕਾ ਵਿਧਾਇਕਾ ਲੂੰਬਾ ਆਪਣੇ ਨਾਲ ਸੈਂਕੜੇ ਵਫ਼ਾਦਾਰ ਸਮਰਥਕਾਂ ਦਾ ਵੱਡਾ ਕਾਫਿਲਾ ਲੈ ਕੇ ‘ਆਪ’ ਵਿੱਚ ਸ਼ਾਮਲ ਹੋਏ। ਇਸ ਰਾਜਸੀ ਘਟਨਾਕ੍ਰਮ ਨਾਲ ਹਲਕੇ ਦੀਆਂ ਅਕਾਲੀ ਸਫ਼ਾਂ ਅੰਦਰ ਸੰਨਾਟਾ ਪਸਰ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲਿਆ ਮੋਰਚਾ!
ਵਿਰੋਧੀ ਖੇਮੇ ਵਿੱਚ ਇਸ ਵੱਡੀ ਸੰਨ੍ਹ ਲਗਾਉਣ ਤੋਂ ਬਾਅਦ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਸਮਰਥਕਾਂ ਦਾ ਰਸਮੀ ਤੌਰ ‘ਤੇ ਗਲ਼ ਵਿੱਚ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ। ਸੀਐਮ ਮਾਨ ਦੇ ਚਿਹਰੇ ਦੀ ਮੁਸਕਰਾਹਟ ਦੱਸ ਰਹੀ ਸੀ ਕਿ ਉਨ੍ਹਾਂ ਨੇ ਵਿਰੋਧੀਆਂ ਨੂੰ ਕਿੰਨੀ ਵੱਡੀ ਮਾਤ ਦਿੱਤੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਜ਼ਮੀਨੀ ਆਗੂਆਂ ਦੇ ਆਉਣ ਨਾਲ ਖੇਤਰ ਵਿੱਚ ‘ਆਪ’ ਦੀ ਤਾਕਤ ਹੁਣ ਅਜਿੱਤ ਹੋ ਚੁੱਕੀ ਹੈ।
ਵਿਰੋਧੀਆਂ ਦੇ ਹੋਸ਼ ਉੱਡੇ; ਸੀਐਮ ਮਾਨ ਦੀ ਵੱਡੀ ਚੇਤਾਵਨੀ!
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਰਵਾਇਤੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਟੁੱਟ ਕੇ ‘ਆਪ’ ਵੱਲ ਆਉਣਾ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਸਾਡੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਜਨਤਾ ਦੀ ਅਦਾਲਤ ਵੱਲੋਂ ਲਗਾਈ ਗਈ ਇੱਕ ਹੋਰ ਪੱਕੀ ਮੋਹਰ ਹੈ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਦਾ ਇਹ ਆਧਾਰ ਹੋਰ ਜ਼ਿਆਦਾ ਵਿਆਪਕ ਰੂਪ ਵਿੱਚ ਮਜ਼ਬੂਤ ਹੋਵੇਗਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਆਪ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਹੋਰ ਦਰਜਾ ਬ ਦਰਜਾ ਆਗੂ ਮੌਜੂਦ ਸਨ।







