ਉਹ ਸੁਸਾਈਡ ਨੋਟ… ਜਿਸ ਨੇ ਉਡਾਏ 2 ਕਾਲੋਨਾਈਜ਼ਰਾਂ ਦੇ ਹੋਸ਼,,!
ਲੱਖਾਂ ਰੁਪਏ ਕਮਿਸ਼ਨ ਹੜੱਪਣ ਵਾਲੇ ‘ਕੈਟ ਬਿਲਡਰਜ਼’ ਦੇ ਮਾਲਕਾਂ ਖ਼ਿਲਾਫ਼ ਐਕਸ਼ਨ
ਹਰਿੰਦਰ ਨਿੱਕਾ, ਬਰਨਾਲਾ, 15 ਜੂਨ 2026
ਸ਼ਹਿਰ ਦੇ ਰਾਮਗੜ੍ਹੀਆ ਰੋਡ (ਸੰਧੂ ਪੱਤੀ) ਇਲਾਕੇ ਦਾ ਰਹਿਣ ਵਾਲਾ ਪ੍ਰੋਪਰਟੀ ਡੀਲਰ ਨਛੱਤਰ ਸਿੰਘ @ ਜੱਗਾ ਐਮਸੀ, ਵੱਡੀਆਂ ਉਮੀਦਾਂ ਲਾ ਕੇ ਜਿਹੜੇ ਕਾਲੋਨਾਈਜ਼ਰਾਂ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ, ਉਨ੍ਹਾਂ ਦੀ ਕਥਿਤ ਬੇਈਮਾਨੀ ਨੇ, ਜੱਗਾ ਸਿੰਘ ਦੇ ਹੱਸਦੇ ਵੱਸਦੇ ਪਰਿਵਾਰ ਦੇ ਵਿਹੜੇ ਸੱਥਰ ਵਿਛਾ ਦਿੱਤਾ।
ਪੁਲਿਸ ਨੇ ਜੱਗਾ ਸਿੰਘ ਦੇ ਸੁਸਾਇਡ ਨੋਟ ਅਤੇ ਉਸ ਦੇ ਠੇਕੇਦਾਰ ਭਰਾ ਮਲਕੀਤ ਸਿੰਘ ਮੀਤਾ ਦੇ ਬਿਆਨ ਪਰ, ਦੋ ਕਾਲੋਨਾਈਜ਼ਰਾਂ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਦਿੱਤਾ ਹੈ। ਹੁਣ ਪੁਲਿਸ ਦੋਵਾਂ ਬਿਲਡਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕਰਦੀ ਫਿਰ ਰਹੀ ਹੈ।
ਕਰੋੜਾਂ ਦੀ ਜ਼ਮੀਨ ਦਾ ਸੌਦਾ ਅਤੇ ਕਮਿਸ਼ਨ ਦੀ ਬੇਈਮਾਨੀ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਉਰਫ਼ ਮੀਤਾ (ਸਰਕਾਰੀ ਠੇਕੇਦਾਰ) ਨੇ ਦੱਸਿਆ ਕਿ ਉਸਦਾ ਵੱਡਾ ਭਰਾ ਨੱਛਤਰ ਸਿੰਘ ਉਰਫ਼ ਜੱਗਾ ਐਮਸੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਨੱਛਤਰ ਸਿੰਘ ਨੇ ਧੂਰੀ ਦੇ ਪ੍ਰਸਿੱਧ ‘ਕੈਟ ਬਿਲਡਰਜ਼’ ਦੇ ਮਾਲਕਾਂ ਅਸ਼ਵਨੀ ਕੁਮਾਰ ਉਰਫ਼ ਬੌਬੀ ਅਤੇ ਵਿਨੋਦ ਕੁਮਾਰ ਉਰਫ਼ ਟੀਟੂ (ਪੁੱਤਰਾਨ ਹੰਸ ਰਾਜ) ਨੂੰ ਬਰਨਾਲਾ ‘ਚ ਸੇਖਾ ਕੈਂਚੀਆਂ ਨੇੜੇ ‘ਅਨਿਲ ਇਨਕਲੇਵ ਕਲੋਨੀ’ ਵਾਲੀ ਜ਼ਮੀਨ ਦਾ ਇੱਕ ਵੱਡਾ ਸੌਦਾ ਕਰਵਾਇਆ ਸੀ।
ਜ਼ਮੀਨ ਦੀਆਂ ਰਜਿਸਟਰੀਆਂ ਤਾਂ ਸਫ਼ਲਤਾਪੂਰਵਕ ਸਿਰੇ ਚੜ੍ਹ ਗਈਆਂ, ਪਰ ਸੌਦਾ ਹੁੰਦੇ ਹੀ ਦੋਵਾਂ ਕਾਲੋਨਾਈਜ਼ਰਾਂ ਦੀ ਨੀਅਤ ‘ਚ ਖੋਟ ਆ ਗਈ। ਉਨ੍ਹਾਂ ਨੇ ਨੱਛਤਰ ਸਿੰਘ ਦੀ ਬਣਦੀ ਲੱਖਾਂ ਰੁਪਏ ਦੀ ਕਮਿਸ਼ਨ ਰਾਸ਼ੀ ਦੇਣ ਤੋਂ ਟਾਲਮਟੋਲ ਸ਼ੁਰੂ ਕਰ ਦਿੱਤੀ। ਆਪਣੀ ਸਖ਼ਤ ਮਿਹਨਤ ਦੀ ਕਮਾਈ ਡੁੱਬ ਜਾਣ ਕਰਕੇ ਨੱਛਤਰ ਸਿੰਘ @ਜੱਗਾ ਐਮਸੀ, ਕਾਫੀ ਮਾਨਸਿਕ ਤਣਾਅ ਵਿੱਚ ਰਹਿਣ ਲੱਗ ਪਿਆ। ਇਸੇ ਤੰਗੀ ਅਤੇ ਪਰੇਸ਼ਾਨੀ ਦੇ ਚਲਦਿਆਂ ਅੱਜ ਤੜਕੇ ਕਰੀਬ 2 ਕੁ ਵਜੇ ਜੱਗਾ ਸਿੰਘ ਨੇ ਮੌਤ ਦਾ ਫਾਹਾ ਗਲ ਪਾ ਲਿਆ। ਪਰਿਵਾਰ ਨੇ ਜਦੋਂ ਲਾਸ਼ ਹੇਠਾਂ ਉਤਾਰੀ ਤਾਂ ਉਸ ਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ, ਜਿਸ ਵਿੱਚ ਇਨ੍ਹਾਂ ਦੋਵਾਂ ਕਾਲੋਨਾਈਜ਼ਰਾਂ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ।
ਦੋਸ਼ੀਆਂ ਖ਼ਿਲਾਫ਼ ਲੱਗੀਆਂ ਇਹ ਧਾਰਾਵਾਂ ਅਤੇ …
ਥਾਣਾ ਸਿਟੀ ਬਰਨਾਲਾ ਦੇ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਸੁਸਾਈਡ ਨੋਟ ਅਤੇ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
**ਧਾਰਾ 108 (BNS)**
ਖ਼ੁਦਕੁਸ਼ੀ ਲਈ ਉਕਸਾਉਣਾ (Abetment of Suicide) ਜ਼ੁਰਮ ਸਾਬਿਤ ਹੋਣ ਤੇ**ਘੱਟੋ-ਘੱਟ 10 ਸਾਲ ਤੱਕ ਦੀ ਸਖ਼ਤ ਕੈਦ** ਅਤੇ ਭਾਰੀ ਜੁਰਮਾਨਾ।
**ਧਾਰਾ 3(5) (BNS)**
ਸਾਂਝੀ ਨੀਅਤ, ਮਿਲੀਭੁਗਤ (Common Intention) ਜਦੋਂ ਦੋ ਜਾਂ ਦੋ ਤੋਂ ਵੱਧ ਲੋਕ ਰਲ ਕੇ ਕੋਈ ਜੁਰਮ ਕਰਦੇ ਹਨ, ਤਾਂ ਸਾਰਿਆਂ ਨੂੰ *ਬਰਾਬਰ (ਮੁੱਖ ਦੋਸ਼ੀ ਵਾਂਗ) ਸਜ਼ਾ** ਮਿਲਦੀ ਹੈ।
*ਕਾਨੂੰਨੀ ਵਿਸ਼ਲੇਸ਼ਣ ਅਤੇ ਸਜ਼ਾ
ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 108 (ਜੋ ਪਹਿਲਾਂ IPC ਦੀ ਧਾਰਾ 306 ਹੁੰਦੀ ਸੀ) ਇੱਕ ਗੰਭੀਰ ਅਤੇ ਗ਼ੈਰ-ਜ਼ਮਾਨਤੀ (Non-Bailable) ਜ਼ੁਰਮ ਹੈ। ਇਸ ਮਾਮਲੇ ਵਿੱਚ ਪੁਲਿਸ ਕੋਲ ਮ੍ਰਿਤਕ ਦੀ ਜੇਬ ਵਿੱਚੋਂ ਲਿਖਤੀ ‘ਸੁਸਾਈਡ ਨੋਟ’ ਬਰਾਮਦ ਹੋਇਆ ਹੈ, ਜੋ ਅਦਾਲਤ ਵਿੱਚ ਸਭ ਤੋਂ ਵੱਡਾ ਅਤੇ ਪੁਖ਼ਤਾ ਸਬੂਤ ਮੰਨਿਆ ਜਾਂਦਾ ਹੈ। ਜੇਕਰ ਅਦਾਲਤ ਵਿੱਚ ਇਨ੍ਹਾਂ ਦੋਵਾਂ ਕਾਲੋਨਾਈਜ਼ਰਾਂ ਖ਼ਿਲਾਫ਼ ਦੋਸ਼ ਸਾਬਿਤ ਹੋ ਜਾਂਦੇ ਹਨ, ਤਾਂ **ਬੋਬੀ ਅਤੇ ਟੀਟੂ ਦੋਵਾਂ ਨੂੰ 10-10 ਸਾਲ ਦੀ ਜੇਲ੍ਹ ਦੀ ਸਖ਼ਤ ਸਜ਼ਾ ਕੱਟਣੀ ਪਵੇਗੀ ਅਤੇ ਨਾਲ ਹੀ ਮਾਨਯੋਗ ਅਦਾਲਤ ਵੱਲੋਂ ਮੋਟਾ ਜੁਰਮਾਨਾ ਵੀ ਠੋਕਿਆ ਜਾਵੇਗਾ।
ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰਖਵਾ ਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਚ.ਓ. ਲਖਵਿੰਦਰ ਸਿੰਘ ਮੁਤਾਬਕ ਦੋਵੇਂ ਦੋਸ਼ੀ ਫ਼ਿਲਹਾਲ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦ ਹੀ ਦੋਵੇਂ ਨਾਮਜ਼ਦ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।







