Barnala-ਇੱਕ ਰਾਜਸੀ ਆਗੂ ਦੇ ਹੋਟਲ ‘ਚ ਪੁਲਿਸ ਦਾ ਛਾਪਾ, ਕਮਰਿਆਂ ‘ਚੋਂ ਨਿਕਲਿਆ ‘ਗੰਦਾ ਖੇਡ’!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 21 ਅਪ੍ਰੈਲ 2026

      ਸ਼ਹਿਰ ਦੇ ਦਿਲ ਕਹੇ ਜਾਣ ਵਾਲੇ ਬੱਸ ਸਟੈਂਡ ਇਲਾਕੇ ਵਿੱਚ ਅੱਜ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਭਾਰੀ ਪੁਲਿਸ ਫੋਰਸ ਨੇ ਇੱਕ ਹੋਟਲ ਨੂੰ ਚਾਰੋਂ ਪਾਸਿਓਂ ਘੇਰ ਲਿਆ । ਇਹ ਕੋਈ ਆਮ ਚੈਕਿੰਗ ਨਹੀਂ ਸੀ, ਸਗੋਂ ਇੱਕ ਅਜਿਹੀ ਗੁਪਤ ਸੂਚਨਾ ਸੀ, ਜਿਸ ਨੇ ਪੁਲਿਸ ਪ੍ਰਸ਼ਾਸਨ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਸਨ। ਹੋਟਲ ਦੇ ਅੰਦਰ ਚੱਲ ਰਹੇ ‘ਕਾਲੇ ਖੇਡ’ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੇ ਜਦੋਂ ਕਮਰਿਆਂ ਦੇ ਦਰਵਾਜ਼ੇ ਖੜਕਾਏ, ਤਾਂ ਅੰਦਰ ਦਾ ਨਜ਼ਾਰਾ ਦੇਖ ਹਰ ਕੋਈ ਦੰਗ ਰਹਿ ਗਿਆ। ਪੁਲਿਸ ਨੇ ਮੌਕੇ ਤੋਂ 10 ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਬੰਦ ਕਮਰੇ ਵਿੱਚ ਪੁੱਛਗਿੱਛ ਜਾਰੀ ਹੈ। ਚੁੰਝ ਚਰਚਾ ਇਹ ਵੀ ਹੈ ਕਿ ਹੋਟਲ ਸੰਚਾਲਕ ਇੱਕ ਰਾਜਸੀ ਆਗੂ ਹੈ, ਜਿਹੜਾ ਵਿਧਾਨ ਸਭਾ ਹਲਕੇ ਦੇ ਯੂਥ ਵਿੰਗ ਦਾ ਆਗੂ ਵੀ ਰਹਿ ਚੁੱਕਾ ਹੈ। ਅਪੁਸ਼ਟ ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ਤੋਂ ਹਿਰਾਸਤ ਵਿੱਚ ਲਏ ਸਾਰੇ ਜੋੜਿਆਂ ਨੂੰ ਜਾਂਚ ਉਪਰੰਤ ਰਿਹਾਅ ਕਰ ਦਿੱਤਾ ਹੈ, ਜਦੋਂ ਕਿ ਇੱਕ ਦੋਸ਼ੀ ਖਿਲਾਫ ਦੇਹ ਵਪਾਰ ਕਰਵਾਉਣ ਦੇ ਦੋਸ਼ ਵਿੱਚ ਕੇਸ ਵੀ ਦਰਜ ਕਰ ਲਿਆ ਹੈ।

ਖੌਫ਼ਨਾਕ ਇੰਕਸ਼ਾਫ: ਸਪਲਾਈ ਕੀਤੀਆਂ ਜਾ ਰਹੀਆਂ ਸਨ ਕੁੜੀਆਂ?

        ਥਾਣਾ ਸਿਟੀ-1 ਬਰਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਪੁਲਿਸ ਨੂੰ 112 ਨੰਬਰ ‘ਤੇ ਇੱਕ ਸਨਸਨੀਖੇਜ਼ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਇਸ ਹੋਟਲ ਦੀਆਂ ਕੰਧਾਂ ਓਹਲੇ ਕੁੜੀਆਂ ਦੀ ਸਪਲਾਈ ਦਾ ਗੰਦਾ ਧੰਦਾ ਚੱਲ ਰਿਹਾ ਹੈ। ਪੁਲਿਸ ਹੁਣ ਬੜੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਹ ਜੋੜੇ ਅਸਲ ਵਿੱਚ ਬਾਲਗ ਹਨ ਜਾਂ ਫਿਰ ਮਾਸੂਮ ਕੁੜੀਆਂ ਨੂੰ ਵੀ ਇਸ ਦਲਦਲ ਵਿੱਚ ਧੱਕਿਆ ਜਾ ਰਿਹਾ ਸੀ? ਕੀ ਹੋਟਲ ਦੇ ਰਜਿਸਟਰ ਵਿੱਚ ਦਰਜ ਨਾਂ-ਪਤੇ ਅਸਲੀ ਹਨ ਜਾਂ ਸਿਰਫ ਕਾਨੂੰਨ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਫਰਜ਼ੀ ਐਂਟਰੀਆਂ ਕੀਤੀਆਂ ਗਈਆਂ ਸਨ?

ਹੋਟਲਾਂ ਦੇ ਪਿਛਲੇ ਦਰਵਾਜ਼ਿਆਂ ਤੋਂ ਭੱਜੇ ਜੋੜੇ.!

      ਇਸ ਛਾਪੇਮਾਰੀ ਦੀ ਖ਼ਬਰ ਜਿਵੇਂ ਹੀ ਸ਼ਹਿਰ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ, ਬਾਕੀ ਹੋਟਲ ਮਾਲਕਾਂ ਨੂੰ ਵੀ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਸੂਤਰ ਦੱਸਦੇ ਹਨ ਕਿ ਪੁਲਿਸ ਦੇ ਡਰੋਂ ਸ਼ਹਿਰ ਦੇ ਕਈ ਹੋਰ ਹੋਟਲ ਮਾਲਕਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣੇ ਹੋਟਲਾਂ ਵਿੱਚ ਰੁਕੇ ਜੋੜਿਆਂ ਤੋਂ ਤੁਰੰਤ ਕਮਰੇ ਖਾਲੀ ਕਰਵਾ ਦਿੱਤੇ। ਪੁਲਿਸ ਦੀ ਇਸ ਕਰੜੀ ਕਾਰਵਾਈ ਨੇ ਇੱਕ ਵਾਰ ਤਾਂ ਗਲਤ ਧੰਦਾ ਕਰਨ ਵਾਲਿਆਂ ਦੀ ਨੀਂਦ ਉਡਾ ਦਿੱਤੀ ਹੈ।

        ਥਾਣਾ ਸਿਟੀ-1 ਬਰਨਾਲਾ ਦੇ ਐੱਸ.ਐੱਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਪੁਲਿਸ ਇਹ ਦੇਖ ਰਹੀ ਹੈ ਕਿ ਹੋਟਲ ਦੇ ਰਿਕਾਰਡ ਵਿੱਚ ਫਰਜ਼ੀਵਾੜਾ ਤਾਂ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਇਸ ਹੋਟਲ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਮਿਲਦੀਆਂ ਰਹੀਆਂ ਸਨ, ਪਰ ਅੱਜ ਪੁਖ਼ਤਾ ਸਬੂਤ ਮਿਲਦੇ ਹੀ ਪੁਲਿਸ ਨੇ ਨੇਤਾ ਜੀ ਦੇ “ਅੱਡੇ” ‘ਤੇ ਹੱਥ ਪਾ ਹੀ ਲਿਆ।

“ਐੱਸ.ਐੱਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸ਼ਿਕਾਇਤਕਰਤਾ ਗੁਰਦਿੱਤ ਸਿੰਘ ਨੀਟਾ(ਅਮਰ ਸਾਈਕਲ ਸਟੈਂਡ ਵਾਲਾ ) ਦੇ ਬਿਆਨ ਦਰਜ ਕਰ ਰਹੇ ਹਾਂ। ਜੇਕਰ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ, ਤਾਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।” 

   ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਿਆਸੀ ਦਬਾਅ ਇਸ ਜਾਂਚ ਨੂੰ ਪ੍ਰਭਾਵਿਤ ਕਰੇਗਾ ਜਾਂ ਫਿਰ ਪੁਲਿਸ ਇਸ ‘ਗੰਦੇ ਧੰਦੇ’ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਸੱਚ ਸਾਹਮਣੇ ਲਿਆਵੇਗੀ..? ਸ਼ਹਿਰੀਆਂ ਦੀਆਂ ਨਜ਼ਰਾਂ ਹੁਣ ਪੁਲਿਸ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ..!

Advertisement
Advertisement
Advertisement
Advertisement
error: Content is protected !!