ਕੇਵਲ ਢਿੱਲੋਂ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ..! ਕਿਹਾ, ਵਿਰੋਧੀ ਗੱਠਜੋੜ ਦਾ ‘ਮਹਿਲਾ ਵਿਰੋਧੀ’ ਚਿਹਰਾ ਨੰਗਾ

Advertisement
Spread information

ਨਾਰੀ ਸ਼ਕਤੀ ਨਾਲ ਵਿਸ਼ਵਾਸਘਾਤ ਪਵੇਗਾ ਭਾਰੀ, ਚੋਣਾਂ ‘ਚ ‘ਵੋਟ ਦੀ ਚੋਟ’ ਨਾਲ ਮਿਲੇਗਾ ਜਵਾਬ: ਕੇਵਲ ਢਿੱਲੋਂ

ਹਰਿੰਦਰ ਨਿੱਕਾ, ਬਰਨਾਲਾ 22 ਅਪ੍ਰੈਲ 2026 

      ਰਾਜਨੀਤੀ ਦੇ ਗਲਿਆਰਿਆਂ ਵਿੱਚ ਉਸ ਵੇਲੇ ਹਲਚਲ ਤੇਜ਼ ਹੋ ਗਈ, ਜਦੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਦੀ ਮਾਨਸਿਕਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਬਰਨਾਲਾ ਸਥਿਤ ਆਪਣੀ ਰਿਹਾਇਸ਼ ‘ਤੇ ਇੱਕ ਭਰਵੀਂ ਪ੍ਰੈਸ ਕਾਨਫ਼ਰੰਸ ਦੌਰਾਨ ਸ੍ਰੀ ਢਿੱਲੋਂ ਨੇ ਬੜੇ ਬੇਬਾਕ ਲਹਿਜੇ ਵਿੱਚ ਕਿਹਾ ਕਿ ਸੰਸਦ ਅੰਦਰ 16 ਅਤੇ 17 ਅਪ੍ਰੈਲ ਨੂੰ ਜੋ ਕੁਝ ਹੋਇਆ, ਉਸ ਨੇ ਵਿਰੋਧੀ ਪਾਰਟੀਆਂ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਲਿਆ ਦਿੱਤਾ ਹੈ।

“ਰਾਖਵਾਂਕਰਨ ‘ਤੇ ਦੋਗਲੀ ਨੀਤੀ ਨਹੀਂ ਚੱਲੇਗੀ” 

   ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ, ਸਪਾ, ਆਪ, ਟੀਐਮਸੀ ਅਤੇ ਡੀਐਮਕੇ ਵਰਗੀਆਂ ਪਾਰਟੀਆਂ ਨੇ ਔਰਤਾਂ ਦੇ ਰਾਖਵਾਂਕਰਨ ਬਿੱਲਾਂ ਦਾ ਵਿਰੋਧ ਕਰਕੇ ਦੇਸ਼ ਦੀ ਅੱਧੀ ਆਬਾਦੀ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਚਾਰਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਔਰਤਾਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਕੋਈ ਅਹਿਸਾਨ ਨਹੀਂ, ਸਗੋਂ ਉਨ੍ਹਾਂ ਦਾ ਕੁਦਰਤੀ ਅਧਿਕਾਰ ਹੈ। ਜਦੋਂ ‘ਨਾਰੀ ਸ਼ਕਤੀ ਵੰਦਨ ਐਕਟ’ ਆਇਆ ਸੀ, ਤਾਂ ਇਹੀ ਪਾਰਟੀਆਂ ਚੋਣਾਂ ਦੇ ਡਰੋਂ ਸਮਰਥਨ ਕਰ ਰਹੀਆਂ ਸਨ, ਪਰ ਅੱਜ ਹੱਕ ਦੇਣ ਦੇ ਸਮੇਂ ਇਹ ਤਕਨੀਕੀ ਬਹਾਨੇ ਬਣਾ ਕੇ ਪਿੱਛੇ ਹਟ ਰਹੀਆਂ ਹਨ।

ਹੱਦਬੰਦੀ ਅਤੇ ਸੰਵਿਧਾਨਕ ਮਰਿਆਦਾ

      ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਹਵਾਲੇ ਨਾਲ ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਹੱਦਬੰਦੀ ( ਪਰੀਸੀਮਨ) “ਇੱਕ ਵਿਅਕਤੀ, ਇੱਕ ਵੋਟ” ਦੇ ਸਿਧਾਂਤ ਨੂੰ ਮਜ਼ਬੂਤ ਕਰਨ ਵਾਲੀ ਇੱਕ ਸੰਵਿਧਾਨਕ ਪ੍ਰਕਿਰਿਆ ਹੈ। ਉਨ੍ਹਾਂ ਵਿਰੋਧੀਆਂ ‘ਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੱਖਣੀ ਭਾਰਤ ਦੀ ਨੁਮਾਇੰਦਗੀ ਇਸ ਨਾਲ ਹੋਰ ਵੀ ਸੁਰੱਖਿਅਤ ਅਤੇ ਮਜ਼ਬੂਤ ਹੋਵੇਗੀ।

ਤੁਸ਼ਟੀਕਰਨ ਦੀ ਰਾਜਨੀਤੀ ‘ਤੇ ਹਮਲਾ

      ਸਮਾਜਵਾਦੀ ਪਾਰਟੀ ਵਰਗੀਆਂ ਧਿਰਾਂ ਵੱਲੋਂ ਧਰਮ ਦੇ ਆਧਾਰ ‘ਤੇ ਕੋਟੇ ਦੀ ਮੰਗ ਨੂੰ ਗੈਰ-ਸੰਵਿਧਾਨਕ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਵੋਟ ਬੈਂਕ ਦੀ ਖੇਡ ਹੈ। ਸ੍ਰੀ ਢਿੱਲੋਂ ਨੇ ਭਵਿੱਖਬਾਣੀ ਕੀਤੀ ਕਿ ਅੱਜ ਦੀ ਜਾਗਰੂਕ ਨਾਰੀ ਸਭ ਕੁਝ ਸਮਝਦੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨਾਂ ਅਹੰਕਾਰੀ ਤਾਕਤਾਂ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਬੈਠੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਚੇਅਰਮੇਨ ਅਸ਼ੋਕ ਮਿੱਤਲ, ਜੀਵਨ ਬਾਂਸਲ ਧਨੌਲਾ, ਬੀਬੀ ਪਰਮਜੀਤ ਕੌਰ ਚੀਮਾ, ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਹਰਬਖਸ਼ੀਸ਼ ਸਿੰਘ ਗੋਨੀ, ਭਾਜਪਾ ਆਗੂ ਜਸਵੀਰ ਸਿੰਘ ਗੱਖੀ, ਕੁਲਦੀਪ ਸਿੰਘ ਧਾਲੀਵਾਲ, ਜੱਗਾ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸੰਧੂ, ਪੁਨੀਤ ਕੌਸ਼ਲ, ਬਲਜਿੰਦਰ ਸਿੰਘ, ਮੱਖਣ ਸਿੰਘ ਧਨੌਲਾ, ਸੋਮਨਾਥ ਸ਼ਰਮਾ, ਹੈਪੀ ਢਿੱਲੋਂ, ਦੀਪ ਸੰਘੇੜਾ ਆਦਿ ਆਗੂ ਵੀ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!