ਭਗਵੰਤ ਰਸੂਲਪੁਰੀ ਨੂੰ ਮਿਲਿਆ ‘ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ- 2024: ਧੌਲਾ ਵਿਖੇ ਸਾਹਿਤਕ ਰੰਗ ਬੱਝਿਆ
ਬੇਅੰਤ ਬਾਜਵਾ, ਬਰਨਾਲਾ 15 ਫਰਵਰੀ 2026
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਸਹਿਯੋਗ ਨਾਲ ਰਾਮ ਸਰੂਪ ਅਣਖੀ ਜੀ ਦੀ 16ਵੀਂ ਬਰਸੀ ਮਨਾਈ ਗਈ।ਬਰਸੀ ਮੌਕੇ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਨੇ ਹਾਜ਼ਰੀ ਲਵਾਈ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਆਫ ਪਰੈਕਟਸ ਤੇ ਰਾਈਟਰ ਆਫ ਚੇਅਰ ਵਰਧਾ ਯੂਨੀਵਰਸਿਟੀ ਸ੍ਰੀ ਨਿੰਦਰ ਘੁਗਿਆਣਵੀ ਨੇ ਕੀਤੀ।
ਮੁੱਖ ਮਹਿਮਾਨ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆ ਦਾ ਪਿੰਡ ਵੀ ਰਾਮ ਸਰੂਪ ਅਣਖੀ ਜੀ ਵਾਲਾ ਹੀ ਹੈ।ਜੋ ਮੇਰੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਮ ਸਰੂਪ ਅਣਖੀ ਜੀ ਦੇ ਨਾਮ ਪਰ 45 ਲੱਖ ਦੀ ਆਧੁਨਿਕ ਲਾਇਬਰੇਰੀ ਬਣਾਈ ਗਈ ਹੈ।ਇਸ ਮੌਕੇ ਨਿੰਦਰ ਘੁਗਿਆਣਵੀ ਨੇ ਸ੍ਰੀ ਅਣਖੀ ਨਾਲ ਬਿਤਾਏ ਪਲਾਂ ਅਤੇ ਪੰਜਾਬੀ ਸਾਹਿਤਕ ਸਮਾਗਮਾਂ ਤੇ ਕੁੰਜੀਵਤ ਭਾਸ਼ਣ ਦਿੱਤਾ।ਉਨ੍ਹਾਂ ਨੇ ਸਾਹਿਤ ਸਭਾ ਧੌਲਾ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਮਰਹੂਮ ਲੇਖਕ ਨੂੰ ਜਿਉਂਦਾ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਸਮਾਂ ਅਜਿਹਾ ਹੈ ਲੇਖਕ ਨੂੰ ਉਸ ਦੀ ਮੌਤ ਪਿੱਛੋਂ ਕੋਈ ਯਾਦ ਤੱਕ ਨਹੀਂ ਕਰਦਾ।ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ, ਸਭਾ ਪ੍ਰਧਾਨ ਬੇਅੰਤ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਅਮਨਦੀਪ ਸਿੰਘ ਮਾਰਕੰਡਾ ਨੇ ਸਭਾ ਵੱਲੋਂ ਕੀਤੀਆਂ ਗਈ ਹੁਣ ਤੱਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ।ਸਮਾਗਮ ਦੌਰਾਨ ਉੱਘੇ ਕਹਾਣੀਕਾਰ ਭਗਵੰਤ ਰਸੂਲਪੁਰੀ ਨੂੰ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ-2024 ਨਾਲ ਨਿਵਾਜਿਆ ਗਿਆ।ਜਿਸ ਵਿੱਚ 11 ਹਜ਼ਾਰ ਨਗਦ ਰਾਸ਼ੀ, ਸ਼ਾਲ ਅਤੇ ਪੁਰਸਕਾਰ ਚਿੰਨ੍ਹ ਸ਼ਾਮਲ ਸੀ।
ਉੱਘੇ ਨਾਟਕਕਾਰ ਡਾ. ਸੋਮਪਾਲ ਹੀਰਾ ਨੇ ਆਪਣੇ ਨਾਟਕੀ ਪੇਸ਼ਕਾਰੀ ਦੌਰਾਨ “ਭਾਸ਼ਾ ਵਹਿੰਦਾ ਦਰਿਆ” ਰਾਹੀਂ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ।ਕਵੀ ਦਰਬਾਰ ਮੌਕੇ ਜਸਵੀਰ ਕੌਰ ਬਦਰਾ, ਸਰੋਜ ਰਸੂਲਪੁਰੀ, ਅਮਨਦੀਪ ਸਿੰਘ ਧੌਲਾ, ਲਖਵਿੰਦਰ ਸ਼ਰਮਾਂ, ਡਾ. ਰਾਮਪਾਲ ਸਾਹਪੁਰੀ, ਰਘਬੀਰ ਸਿੰਘ ਕੱਟੂ, ਦਵੀ ਸਿੱਧੂ, ਕੁਲਦੀਪ ਸਿੰਘ ਬੰਗੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਸਰਬਜੀਤ ਸਿੰਘ ਕੈਨੇਡਾ, ਭੁਪਿੰਦਰ ਸਿੰਘ ਮਾਨ, ਕਹਾਣੀਕਾਰ ਅਮਰਜੀਤ ਮਾਨ, ਡਾ. ਭੁਪਿੰਦਰ ਸਿੰਘ ਬੇਦੀ, ਮਨਪ੍ਰੀਤ ਟਿਵਾਣਾ, ਡਿਪਟੀ ਡਾਇਰੈਕਟਰ ਨਵਦੀਪ ਗਿੱਲ, ਕੌਮੀ ਪੁਰਸਕਾਰ ਵਿਜੇਤਾ ਪਾਲੀ ਖਾਦਿਮ, ਡਾ, ਜਸਵਿੰਦਰ ਕੌਰ ਵੀਨੂੰ, ਡਾ. ਜਸਬੀਰ ਕੌਰ, ਡਾ. ਕਰਾਂਤੀ ਪਾਲ, ਪਵਨ ਪਰਿੰਦਾ, ਜ਼ਿਲ੍ਹਾ ਭਾਸ਼ਾ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ, ਡਾ. ਚਰਨਜੀਤ ਕੌਰ, ਪ੍ਰਿੰਸੀਪਲ ਸੁਖਵਿੰਦਰ ਸਿੰਘ, ਕਲਰਕ ਪ੍ਰਦੀਪ ਕੁਮਾਰ, ਲੈਕਚਰਾਰ ਵਿਜੈ ਕੁਮਾਰ, ਗੁਰਵਿੰਦਰ ਦਿਆਲਪੁਰਾ, ਰਾਜਵਿੰਦਰ ਰਾਜਾ, ਰਾਮ ਸਰੂਪ ਅਣਖੀ ਸਮਾਰਟ ਸਕੂਲ ਦੇ ਮੁੱਖ ਅਧਿਆਪਕ ਸ਼ੈਲੀ ਰਾਣੀ, ਮੈਡਮ ਗੁਰਜਿੰਦਰ ਕੌਰ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।







