Police Department- ਇਹ ਨੂੰ ਕਹਿੰਦੇ ਐ ਇਮਾਨਦਾਰੀ…

Advertisement
Spread information

ਰਘਵੀਰ ਹੈਪੀ, ਬਰਨਾਲਾ, 22 ਅਕਤੂਬਰ 2025

      ਬਰਨਾਲਾ ਪੁਲਿਸ ਦੇ ਇੱਕ ਦਰਜਾ ਚਾਰ ਕਰਮਚਾਰੀ ਨੇ ਇਮਾਨਦਾਰੀ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨਾਲ ਇੱਕ ਮਜ਼ਦੂਰ ਵਿਅਕਤੀ ਚਾਈਂ- ਚਾਈਂ ਦੀਵਾਲੀ ਦਾ ਪਵਿੱਤਰ ਤਿਉਹਾਰ ਆਪਣੇ ਪਰਿਵਾਰ ਨਾਲ ਮਨਾਵੇਗਾ।                                           

    ਜੇਕਰ ਇਸ ਇਮਾਨਦਾਰ ਪੁਲਿਸ ਮੁਲਾਜ਼ਮ ਦਾ ਵੀ ਇਮਾਨ ਡੋਲ ਜਾਂਦਾ ਤਾਂ,ਉਕਤ ਮਜ਼ਦੂਰ ਵਿਅਕਤੀ ਦੇ ਪਰਿਵਾਰ ਦਾ ਤਿਉਹਾਰ ਗਮ ਵਿਚ ਬਦਲ ਜਾਣਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁੰਮਟੀ ਜੋ ਕਿ ਬਰਨਾਲਾ ਦੇ ਐਸ ਪੀ ਡੀ ਅਸ਼ੋਕ ਕੁਮਾਰ ਦੇ ਦਫ਼ਤਰ ਵਿਚ ਬਤੌਰ ਦਰਜਾ ਚਾਰ ਕਰਮਚਾਰੀ (ਵਾਟਰ ਕੈਰੀਅਰ) ਵਜੋਂ ਸੇਵਾ ਨਿਭਾ ਰਿਹਾ ਹੈ, ਲੰਘੇ ਦਿਨ ਉਹ ਆਪਣੀ ਡਿਊਟੀ ‘ਤੇ ਬਰਨਾਲ਼ਾ ਜਾ ਰਿਹਾ ਸੀ।

   ਇਸ ਦੌਰਾਨ ਉਸ ਨੂੰ ਰਸਤੇ ਵਿਚ ਸੜਕ ਉੱਪਰ ਡਿੱਗਿਆ ਪਿਆ ਇੱਕ ਪਰਸ ਮਿਲਿਆ। ਪਰਮਜੀਤ ਸਿੰਘ ਦੇ ਦੱਸਣ ਮੁਤਾਬਕ ਪਰਸ ਵਿੱਚ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੁਝ ਜਰੂਰੀ ਕਾਗਜ ਮੌਜੂਦ ਸਨ। ਭਾਵੇਂ ਉਹ ਡਿਊਟੀ ‘ਤੇ ਜਾ ਰਿਹਾ ਸੀ, ਬਾਵਜੂਦ ਇਸ ਦੇ ਉਸ ਨੇ ਪਰਸ ਨੂੰ ਉਸ ਦੇ ਅਸਲ ਮਾਲਕ ਤੱਕ ਪਹੁੰਚਾਉਣਾ ਆਪਣਾ ਲਾਜ਼ਮੀ ਫਰਜ਼ ਸਮਝਿਆ। ਕਿਉਕਿ ਸਾਲ ਬਾਅਦ ਆਈ ਦੀਵਾਲੀ ਨੂੰ ਮਨਾਉਣ ਲਈ ਸ਼ਾਇਦ ਕੋਈ ਆਪਣੀ ਮਿਹਨਤ ਦੀ ਕਮਾਈ ਲੈ ਕੇ ਘਰ ਪਰਤ ਰਿਹਾ ਸੀ ਜੋ ਪਰਸ ਸਣੇ ਰਸਤੇ ਵਿਚ ਡਿੱਗ ਪਈ ਸੀ।

    ਉਨ੍ਹਾਂ ਦੱਸਿਆ ਕਿ ਪਰਸ ਵਿੱਚ ਅਜਿਹਾ ਕੋਈ ਵੀ ਕਾਗਜ ਨਹੀਂ ਸੀ, ਜਿਸ ਨਾਲ ਪਰਸ ਦੇ ਮਾਲਕ ਦੀ ਪਹਿਚਾਣ ਜਾਂ ਉਸ ਦੇ ਟਿਕਾਣੇ ਦਾ ਪਤਾ ਟਿਕਾਣਾ ਲੱਗ ਸਕਦਾ। ਫਿਰ ਵੀ ਉਸ ਨੇ ਇਸ ਬਾਰੇ ਆਪਣੇ ਅਫਸਰ ਐਸ ਪੀ ਡੀ ਨੂੰ ਦੱਸਿਆ, ਜਿਨ੍ਹਾਂ ਮਹਿਕਮੇ ਰਾਹੀਂ ਥਾਣਾ ਸ਼ੇਰਪੁਰ ਨਾਲ ਸੰਪਰਕ ਕਰਕੇ ਪਰਸ ਵਿਚ ਮਿਲੇ ਅਧਾਰ ਕਾਰਡ ਵਾਲੇ ਵਿਅਕਤੀ ਤਕ ਪਹੁੰਚ ਕੀਤੀ। ਜਿਸ ਨੇ ਆਪਣਾ ਪਰਸ ਡਿੱਗ ਜਾਣ ਬਾਰੇ ਦੱਸਿਆ ਤਾਂ ਪਰਮਜੀਤ ਸਿੰਘ ਨੂੰ ਪਰਸ ਵਾਪਸ ਮੋੜਨ ਲਈ ਕੀਤੀ ਗਈ ਆਪਣੀ ਮਿਹਨਤ ਸਫ਼ਲ ਹੋਈ ਜਾਪੀ ਅਤੇ ਉਹਨਾਂ ਗਗਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਇੰਦਰਾ ਬਸਤੀ, ਛੰਨਾ ਰੋਡ ਸ਼ੇਰਪੁਰ ਨੂੰ ਬਰਨਾਲਾ ਵਿਖੇ ਐਸਪੀਡੀ ਅਸ਼ੋਕ ਕੁਮਾਰ ਦੀ ਹਾਜ਼ਰੀ ਵਿੱਚ ਉਸ ਦਾ ਪਰਸ ਸੌਂਪ ਦਿੱਤਾ।

   ਡਿੱਗਿਆ ਪਰਸ ਵਾਪਸ ਮਿਲਣ ‘ਤੇ ਗਗਨ ਕੁਮਾਰ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤ ਰਿਹਾ ਸੀ, ਇਸ ਦੌਰਾਨ ਉਸ ਦਾ ਪਰਸ ਕਿੱਥੇ ਰਸਤੇ ਵਿਚ ਹੀ ਡਿੱਗ ਗਿਆ, ਉਸ ਨੂੰ ਪਤਾ ਵੀ ਨਹੀਂ ਲੱਗਿਆ। ਗਗਨ ਕੁਮਾਰ ਨੇ ਪਰਮਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਉਸ ਦੀ ਇਮਾਨਦਾਰੀ ਦੀ ਵੀ ਭਰਪੂਰ ਸ਼ਲਾਘਾ ਕੀਤੀ।

     ਇਸ ਮੌਕੇ ਐਸਪੀਡੀ ਅਸ਼ੋਕ ਕੁਮਾਰ ਨੇ ਕਿਹਾ ਕਿ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਵੱਲੋਂ ਦਿਖਾਈ  ਇਮਾਨਦਾਰੀ ਕਾਬਿਲ- ਏ- ਤਾਰੀਫ਼ ਹੈ। ਕਿਉਂਕਿ ਅਜੌਕੇ ਸਵਾਰਥੀ ਯੁੱਗ ਵਿੱਚ ਜਿੱਥੇ ਲੋਕ ਹੱਥਾਂ ਵਿਚੋਂ ਖੋਹਣ ਤਕ ਜਾਂਦੇ ਹਨ, ਉੱਥੇ ਪਰਮਜੀਤ ਸਿੰਘ ਨੇ ਰਸਤੇ ਵਿੱਚ ਡਿੱਗਿਆ ਪਰਸ ਉਸ ਦੇ ਅਸਲ ਮਾਲਕ ਨੂੰ ਵਾਪਸ ਕੀਤਾ ਹੈ, ਜਿਸ ਵਿਚ ਹਜ਼ਾਰਾਂ ਰੁਪਏ ਵੀ ਸਨ ਤੇ ਕਿਸੇ ਨੂੰ ਇਹ ਵੀ ਨਹੀ ਪਤਾ ਸੀ ਕਿ ਪਰਸ ਕਿਸ ਦੇ ਹੱਥ ਲੱਗਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਵਿਅਕਤੀਆਂ ਕਰਕੇ ਹੀ ਇਮਾਨਦਾਰੀ ਹਾਲੇ ਤੱਕ ਜਿੰਦਾ ਹੈ।

     ਇਸ ਮੌਕੇ ਮੌਜੂਦ ਐਸਪੀਡੀ ਦੇ ਰੀਡਰ ਏਐਸਆਈ ਅਤਿੰਦਰ ਪਾਲ ਸਿੰਘ ਅਤੇ ਜਗਸੀਰ ਸਿੰਘ ਸਿੱਧੂ ਨੇ ਕਿਹਾ ਕਿ ਪਰਮਜੀਤ ਸਿੰਘ ਦਾ ਇਮਾਨ ਨਹੀਂ ਡੋਲਿਆ,ਜਿਸ ਕਾਰਨ ਅੱਜ ਗਗਨ ਆਪਣੇ ਪਰਿਵਾਰ ਨਾਲ ਚਾਈਂ ਚਾਈਂ ਦੀਵਾਲੀ ਮਨਾਵੇਗਾ ਜੋ ਪਰਸ ਨਾ ਮਿਲਣ ‘ਤੇ ਗਮ ਵਿਚ ਬਦਲ ਜਾਣੀ ਸੀ।

    ਇਸ ਮੌਕੇ ਐਸ ਪੀ ਡੀ ਦੇ ਦਫ਼ਤਰ ਦੇ ਹੋਰ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੇ ਵੀ ਪਰਮਜੀਤ ਸਿੰਘ ਵੱਲੋਂ ਦਿਖਾਈ ਇਮਾਨਦਾਰੀ ਦੀ ਭਰਪੂਰ ਪ੍ਰਸੰਸਾ ਕੀਤੀ ਗਈ।

Advertisement
Advertisement
Advertisement
Advertisement
error: Content is protected !!