ਚੇਤਨ ਗਰਗ, ਬਰਨਾਲਾ 20 ਅਕਤੂਬਰ 2025
ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਦੇ ਉਪਰਾਲਿਆਂ ਤਹਿਤ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਕੁਲਵੰਤ ਸਿੰਘ ਪੰਡੋਰੀ ਅਤੇ ਉਪ ਮੰਡਲ ਮਜਿਸਟ੍ਰੇਟ ਮਹਿਲ ਕਲਾਂ ਮੈਡਮ ਸੋਨਮ ਨੇ ਅੱਜ ਮਹਿਲ ਕਲਾਂ ਹਲਕੇ ਦੇ 27 ਹੜ੍ਹ ਪੀੜਤਾਂ ਨੂੰ 5.49 ਲੱਖ ਰੁਪਏ ਦਾ ਮੁਆਵਾਜ਼ਾ ਦਿੱਤਾ ਗਿਆ।

ਇਸ ਮੌਕੇ ਸ੍ਰੀ ਪੰਡੋਰੀ ਨੇ ਦੱਸਿਆ ਕਿ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਕਾਰਨ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਮਦਦ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਕੋਈ ਵੀ ਪੀੜਤ ਪਰਿਵਾਰ ਦੀ ਕੋਈ ਲੋੜ ਨਾ ਰਹਿ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਜਿੱਥੇ ਵੀ ਜਿਸ ਵੀ ਕਿਸਮ ਦੀ ਲੋੜ ਹੈ, ਉਹ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਹਲਕੇ ਦੇ ਕੁੱਲ 41 ਹੜ੍ਹ ਪੀੜਤ ਪਰਿਵਾਰਾਂ ਨੂੰ 9.82 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਐਸਐਚਓ ਸਰਬਜੀਤ ਸਿੰਘ ਤੇ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਰਹੇ। 








