,,,,,,ਸਿਆਣੇ ਕਹਿੰਦੇ ਹਨ ਔਰਤਾਂ ਬਿਨਾਂ ਘਰ ਨਹੀਂ ਵੱਸਦੇ
ਜਦੋਂ ਕਰੋਨਾ ਵਾਇਰਸ ਨੇ ਚੀਨ ਤੋਂ ਬਾਦ ਇਟਲੀ,ਸਪੇਨ,ਫਰਾਂਸ,ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਘੇਰਾ ਪਾ ਲਿਆ, ਹਰ ਰੋਜ਼ ਸੈਕੜਿਆਂ ਦੀ ਗਿਣਤੀ ਵਿੱਚ ਮੌਤਾਂ ਹੋਣ ਲੱਗੀਆਂ ਤਾਂ ਇਸ ਤੋਂ ਚਿੰਤਤ ਹੋ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਇੱਕ ਦਿੰਨ ਲਈ ਪੂਰਾ ਦੇਸ਼ ਲੌਕ ਡਾਊਨ ਰੱਖਣ ਦਾ ਟਰੈਲ ਲੈ ਕੇ ਆਖਰ 24 ਮਾਰਚ 2020 ਨੂੰ ਇੱਕੀ ਦਿੰਨ ਲਈ ਪੂਰਾ ਭਾਰਤ ਲੌਕ ਡਾਊਨ ਰੱਖਣ ਦਾ ਹੁਕਮ ਸੁਣਾ ਦਿੱਤਾ ।
ਜਿਸ ਨਾਲ ਪੂਰੇ ਦੇਸ਼ ਵਿੱਚ ਸਾਰੇ ਸਕੂਲ ਕਾਲਜ, ਯੂਨੀਵਰਸਿਟੀਆਂ ,ਫ਼ੈਕਟਰੀਆਂ , ਕਾਰਖ਼ਾਨੇ , ਉਦਯੋਗ ,ਹੋਟਲ,ਜਿੰਮ,ਮੰਦਰ,ਮਸਜਿਦ,ਗੁਰਦੁਆਰੇ ,ਚਰਚ , ਬੱਸਾਂ , ਕਾਂਰਾ,ਰੇਲਾਂ , ਜਹਾਜ਼ ਸਭ ਬੰਦ ਹੋ ਗਏ। ਗੱਲ ਕੀ ਇੱਕ ਦੇਸ਼ ਤੋਂ ਦੂਜੇ ਦੇਸ਼ ਅਤੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਆਉਣ ਜਾਣ ਸਭ ਬੰਦ ਹੋ ਗਿਆ। ਖਾਣ ਪੀਣ ਤੇ ਰੋਜ਼ਾਨਾ ਘਰ ਵਰਤੋਂ ਵਸਤੂ ਦੀਆਂ ਦੁਕਾਨਾਂ , ਮੈਡੀਕਲ ਸਟੋਰ ਛੱਡ ਕੇ ਸਭ ਬਜ਼ਾਰ ਬੰਦ ਹੋ ਗਏ। ਕਰੋਨਾ ਵਾਇਰਸ ਇੱਕ ਆਦਮੀ ਤੋਂ ਦੂਸਰੇ ਨੂੰ ਫੈਲਣ ਦੇ ਕਾਰਣ ਹਰ ਇੱਕ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ , ਬਾਰ-ਬਾਰ ਹੱਥ ਧੋਣ, ਸੈਨੇਟਾਇਜ ਕਰਨ, ਮਾਸਕ ਪਾਉਣ ਦੇ ਲਈ ਸਮਝਾਇਆ ਜਾਣ ਲੱਗਿਆ ।ਬੁਖ਼ਾਰ,ਖੰਘ ਤੇ ਸਾਹ ਲੈਣ ਵਿੱਚ ਤਖਲੀਫ ਇਸ ਦੀਆਂ ਨਿਸ਼ਾਨੀਆਂ ਦੱਸ ਕੇ ਜ਼ਰੂਰਤ ਪੈਣ ਤੇ ਡਾਕਟਰੀ ਸਲਾਹ ਲੈਣ ਦੇ ਆਦੇਸ਼ ਦਿੱਤੇ ਜਾਣ ਲੱਗੇ।
ਹੁਣ ਇੱਕੀ ਦਿੰਨ ਲਈ ਹਰ ਕੋਈ ਆਪਣੇ ਘਰ ਵਿੱਚ ਰਹਿ ਕੇ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ, ਉਪਰਾਲੇ ਕਰ ਰਿਹਾ ਸੀ। ਟੀ.ਵੀ,ਅਖਬਾਰ, ਸ਼ੋਸ਼ਲ ਮਿੰਡੀਆ ਵਿੱਚ ਹਰ ਪਾਸੇ ਕਰੋਨਾ ਵਾਇਰਸ ਦਾ ਹੀ ਜ਼ਿਕਰ ਹੋ ਰਿਹਾ ਸੀ ।ਘਰ ਵਿੱਚ ਬਾਹਰੋਂ ਕਿਸੇ ਦਾ ਆਉਣਾ ਜਾਣਾ ਬਿਲਕੁਲ ਬੰਦ ਸੀ । ਸੜਕਾਂ ਤੇ ਪੁਲਿਸ ਗਸ਼ਤ ਕਰ ਰਹੀ ਸੀ ਤਾਕਿ ਕੋਈ ਲੌਕ ਡਾਊਨ ਦਾ ਉਲੱਘਣ ਨਾਂ ਕਰੇ। ਘਰ ਕੰਮ-ਕਾਰ ਵਿੱਚ ਮੱਦਦ ਕਰਾਉਣ ਵਾਲੇ ਕਾਂਮੇ,ਮਾਲੀ ਅਤੇ ਮੇਡ ਦੀ ਵੀ ਇੱਕੀ ਦਿੰਨ ਲਈ ਛੁੱਟੀ ਕਰ ਦਿੱਤੀ ਗਈ ਸੀ।
ਹੁਣ ਮੈਂ ਤਿੰਨ-ਚਾਰ ਦਿਨਾਂ ਤੋਂ ਆਪਣੀ ਪਤਨੀ ਤੋਂ ਘਰ ਦੇ ਕੰਮਾਂ ਕਾਰਾ ਵਿੱਚ ਮੱਦਦ ਕਰਾਉਣ ਲਈ ਪੁੱਛ ਰਿਹਾ ਸੀ।ਆਖਿਰ ਚਾਰ ਦਿੰਨਾਂ ਬਾਦ ਮੈਨੂੰ ਘਰ ਦੇ ਕੰਮਾਂ ਦੀ ਲਿਸਟ ਮਿਲ ਗਈ। ਮੇਰੇ ਹਿੱਸੇ ਵਿੱਚ ਘਰ ਦੇ ਸਾਰੇ ਪੱਖੇ ਅਗਜਾਸਟ ਅਤੇ ਏਸੀ ਸਾਫ਼ ਕਰਨੇ,ਸਾਰੇ ਬਲਬ ਟਿਊਬਾਂ ਦਿਵਾਰ ਘੜੀ ਸਾਫ਼ ਕਰਨੇ,ਘਰ ਦੇ ਸਾਰੇ ਕਮਰਿਆਂ ਦੀਆਂ ਖਿੜਕੀਆਂ ਖੋਲਕੇ ਸਾਫ਼ ਕਰਕੇ ਉਹਨਾਂ ਦੀਆਂ ਕੁੰਡੀਆਂ ਅਤੇ ਚਿਟਕਣੀਆਂ ਚੈੱਕ ਕਰਨੀਆਂ ।ਬੈਡਰੂਮ , ਡਰਾਇੰਗ ਰੂਮ ਸਮੇਤ ਸਾਰੇ ਘਰ ਦੇ ਸ਼ੀਸ਼ੇ ਸਾਫ਼ ਕਰਨੇ।ਦਿਵਾਰਾਂ ਤੇ ਲੱਗੀਆਂ ਫੋਟੋ,ਸੀਨਰੀਆਂ ਸਾਫ਼ ਕਰਨੀਆਂ ।ਸਾਰੀਆਂ ਦਰਾਜ਼ਾਂ ਖੋਲ ਕੇ ਸਮਾਨ ਚੈੱਕ ਕਰਨਾ, ਜੋ ਜ਼ਰੂਰੀ ਹੈ ਸਾਫ਼ ਕਰਕੇ ਰੱਖਣਾ ਅਤੇ ਗੈਰ-ਜ਼ਰੂਰੀ ਸਮਾਨ ਨੂੰ ਬਾਹਰ ਕੱਢਣਾ। ਬਾਥਰੂਮ ਦੇ ਗੀਜ਼ਰ ,ਵਾਸ਼ਬੈਸਨ,ਸੈਲਫਾ ਸਾਫ਼ ਕਰਨੀਆਂ ।ਸਾਰੇ ਪੌਦਿਆਂ ਨੂੰ ਗੋਡੀ ਕਰਨੀ ਸੁੱਕੇ ਪੱਤੇ ਕੱਟਣੇ ਅਤੇ ਸਿਉਂਕ ਦੀ ਦਵਾਈ ਪੌਣੀ ਆਦਿ ।
ਹੁਣ ਮੈਂ ਖੁੱਲ੍ਹਾ ਟਾਇਮ ਹੋਣ ਕਰਕੇ ਇਹਨਾਂ ਕੰਮਾਂ ਨੂੰ ਬੜੇ ਸੁਚੱਜੇ ਢੰਗ ਨਾਲ ਕਰ ਰਿਹਾ ਸੀ।ਮੇਰੀ ਪਤਨੀ ਇਹਨਾਂ ਕੰਮਾਂ ਦੀ ਸੁਪਰਵਾਇਜ਼ਿਗ ਕਰ ਰਹੀ ਸੀ ਅਤੇ ਦੱਸ ਵੀ ਰਹੀ ਸੀ ਕੇ ਜੋ ਕੱਪੜਾ ਕੋਲ ਹੈ ਇਸ ਦਾ ਇੱਕ ਕੋਨਾਂ ਗਿੱਲਾ ਕਰਕੇ ਰੱਖੋ । ਕਈ ਜਗਾਹ ਤੇ ਸੁੱਕਾ ਕੱਪੜਾ ਮਾਰਨ ਤੋਂ ਬਾਦ ਗਿੱਲਾ ਕੱਪੜਾ ਮਾਰਨਾ ਜ਼ਰੂਰੀ ਹੁੰਦਾ ।ਕੰਮ ਕਰਦੇ ਇੱਕ ਦਿੰਨ ਮੈਂ ਆਪਣੀ ਪਤਨੀ ਤੋਂ ਪੁੱਛਿਆਂ ਕਿ ਇਹ ਸਾਰਾ ਕੰਮ ਆਪਾ ਲੌਕ ਡਾਊਨ ਵਿੱਚ ਕਰੋਨਾ ਤੋਂ ਬਚਣ ਲਈ ਕਰ ਰਹੇ ਹਾਂ ? ਉਸ ਦਾ ਜਵਾਬ ਸੀ ਇਹ ਤਾਂ ਅਸੀਂ ਪੱਚੀ ਸਾਲਾਂ ਤੋਂ ਕਰਦੇ ਆ ਰਹੇ ਹਾਂ । ਤਾਂ ਮੇਰੀਆਂ ਅੱਖਾਂ ਖੁੱਲੀਆਂ ਯਾਰ ! ਧੰਨ ਹੈ ਇਹ ਔਰਤਾਂ ! ਆਦਮੀ ਸੁਭਾ ਤਿਆਰ ਹੋ ਕੇ ਕੰਮ ਨੂੰ ਚਲਾ ਜਾਂਦਾ ਹੈ ਅਤੇ ਸ਼ਾਮ ਨੂੰ ਆਉਂਦਾ ਹੈ। ਸਿਰਫ ਐਤਵਾਰ ਦਾ ਦਿੰਨ ਹੀ ਹੁੰਦਾ ਹੈ ਘਰ ਰਹਿਣ ਲਈ ,ਉਸ ਲਈ ਪਹਿਲਾਂ ਹੀ ਪ੍ਰੋਗਰਾਮ ਤਹਿ ਹੁੰਦਾ ਹੈ ਕਿ ਇਸ ਐਤਵਾਰ ਕਿੱਥੇ ਜਾਣਾ ਅਤੇ ਕੀ ਕਰਨਾ।
ਅਸਲ ਵਿੱਚ ਹਰ ਕੋਈ ਆਪਣੀ ਹੈਸ਼ੀਅਤ ਮੁਤਾਂਬਿਕ ਘਰ,ਕੋਠੀ,ਮਕਾਨ ਬਨ੍ਹਾਉਂਦਾ ਹੈ ਅਤੇ ਮੇਨ ਗੇਟ ਤੇ ਨੇਮ ਪਲੇਟ ਲੱਗ ਜਾਂਦੀ ਹੈ ਕਿ ਇਹ ਘਰ ਜਾਂ ਕੋਠੀ ਇਸ ਆਦਮੀ ਦੀ ਹੈ। ਜਦੋਂ ਕੇ ਇੱਟਾਂ ਤੇ ਸੀਮਿਂਟ ਨਾਲ ਤਾਂ ਇਮਾਰਤ ਬਣਾਈ ਜਾਂਦੀ ਹੈ। ਘਰ ਤਾਂ ਉਸ ਨੂੰ ਔਰਤ ਬਨਾਉਦੀ ਹੈ ਜੋ ਹਰ ਚੀਜ਼ ਜਾਂ ਸਮਾਨ ਨੂੰ ਤਰਤੀਬ ਨਾਲ ਰੱਖ ਕੇ ਸਾਫ਼ ਸਫਾਈ ਕਰਦੀ ਹੈ। ਸਿਆਣੇ ਕਹਿੰਦੇ ਹਨ ਔਰਤਾਂ ਬਿਨਾਂ ਘਰ ਨਹੀਂ ਵੱਸਦੇ । ਘਰ ਬਨਣਾ ਹੀ ਔਰਤ ਦੀ ਇੱਛਾਂ ਅਨਸਾਰ ਚਾਹੀਦਾ ਹੈ ਅਤੇ ਘਰ ਦੀ ਨੇਮ ਪਲੇਟ ਜਾਂ ਪਹਿਚਾਣ ਤੇ ਵੀ ਔਰਤ ਦਾ ਨਾਮ ਆਉਣਾ ਜ਼ਰੂਰੀ ਹੈ ।
ਗੁਰਬਾਜ ਸਿੰਘ ਹੁਸਨਰ * ਫ਼ੋਨ 7494887787