ਸਿਆਸੀ ਭੂਚਾਲ: ਕੇਜਰੀਵਾਲ ਤੇ ਸਿਸੋਦੀਆ ਦੇ ‘ਬਰੀ’ ਹੋਣ ਨਾਲ ਵਿਰੋਧੀਆਂ ਦੇ ਉੱਡੇ ਹੋਸ਼
ਸੱਚ ਦੀ ਜਿੱਤ: ਰਾਜ ਸਭਾ ਮੈਂਬਰ ਗੁਪਤਾ ਨੇ ਅਦਾਲਤੀ ਫੈਸਲੇ ਨੂੰ ਦੱਸਿਆ ‘ਇਤਿਹਾਸਕ’!
ਹਰਿੰਦਰ ਨਿੱਕਾ, ਚੰਡੀਗੜ੍ਹ 27 ਫਰਵਰੀ 2026
ਸਿਆਸੀ ਗਲਿਆਰਿਆਂ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਆਦਿ ਨੇਤਾਵਾਂ ਦੇ ਸਬੰਧ ਵਿੱਚ ਅੱਜ ਰਾਊਜ਼ ਐਵੇਨਿਊ ਅਦਾਲਤ ਵੱਲੋਂ ਦਿੱਤੇ ਫੈਸਲੇ ਨੇ ੳੱਡੀ ਹਲਚਲ ਅਤੇ ਬਹਿਸ ਛੇਡ ਦਿੱਤੀ ਹੈ। ਮਾਨਯੋਗ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚੋਂ ਅਰਵਿੰਦ ਕੇਜਰੀਵਾਲ ਅਤੇ ਸਿਸੋਦੀਆਂ ਨੂੰ ਬਰੀ ਕਰ ਦਿੱਤਾ ਹੈ।
ਇਨਸਾਫ਼ ਦੀ ਗੂੰਜ: “ਕਾਨੂੰਨ ਸਭ ਤੋਂ ਉੱਪਰ”
ਇਸ ਵੱਡੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਇਸ ਨੂੰ “ਸੱਚ ਦੀ ਵੱਡੀ ਜਿੱਤ” ਕਰਾਰ ਦਿੱਤਾ ਹੈ। ਐਮ ਪੀ ਗੁਪਤਾ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਫੈਸਲਾ ਭਾਰਤ ਦੀਆਂ ਨਿਆਂਇਕ ਸੰਸਥਾਵਾਂ ਦੀ ਤਾਕਤ ਦਾ ਜਿਉਂਦਾ-ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਜਿਸ ਮਾਮਲੇ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ ਹੋਇਆ ਸੀ, ਅੱਜ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਨਸਾਫ਼ ਸਿਰਫ਼ ਸਬੂਤਾਂ ‘ਤੇ ਟਿਕਿਆ ਹੁੰਦਾ ਹੈ, ਸਿਆਸੀ ਬਹਿਸਾਂ ‘ਤੇ ਨਹੀਂ।
2 ਸਾਲ ਦਾ ਸਿਆਸੀ ਵਣਵਾਸ ਖ਼ਤਮ!
ਇਹ ਮਾਮਲਾ, ਜਿਸ ਦੀ ਜਾਂਚ CBI ਵਰਗੀ ਵੱਡੀ ਏਜੰਸੀ ਕਰ ਰਹੀ ਸੀ, ਹੁਣ ਇੱਕ ਅਜਿਹੇ ਮੋੜ ‘ਤੇ ਪਹੁੰਚ ਗਿਆ ਹੈ। ਜਿਸ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਰਾਜਿੰਦਰ ਗੁਪਤਾ ਅਨੁਸਾਰ, ਇਹ ਫੈਸਲਾ ਉਨ੍ਹਾਂ ਲੱਖਾਂ ਸਮਰਥਕਾਂ ਦੇ ਵਿਸ਼ਵਾਸ ਦੀ ਜਿੱਤ ਹੈ ਜਿਨ੍ਹਾਂ ਨੇ ਲੀਡਰਸ਼ਿਪ ਦੀ ਇਮਾਨਦਾਰੀ ‘ਤੇ ਕਦੇ ਸ਼ੱਕ ਹੀ ਨਹੀਂ ਕੀਤਾ।
ਹੁਣ ਹੋਵੇਗਾ ਸਿਰਫ਼ ਵਿਕਾਸ ਦਾ ਧਮਾਕਾ !
ਰਾਜ ਸਭਾ ਮੈਂਬਰ ਨੇ ਉਮੀਦ ਜਤਾਈ ਕਿ ਹੁਣ ਸਾਰੀਆਂ ਸਿਆਸੀ ਖਿੱਚੋਤਾਣਾਂ ਨੂੰ ਛੱਡ ਕੇ ਧਿਆਨ ਸਿਰਫ਼ ਚੰਗੇ ਸ਼ਾਸਨ ਅਤੇ ਲੋਕ ਸੇਵਾ ‘ਤੇ ਦਿੱਤਾ ਜਾਵੇਗਾ। ਉਨ੍ਹਾਂ ਸਾਰੀਆਂ ਧਿਰਾਂ ਨੂੰ ਚੁਣੌਤੀ ਭਰੇ ਅੰਦਾਜ਼ ਵਿੱਚ ਅਪੀਲ ਕੀਤੀ ਕਿ ਉਹ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।







