ਬੈਂਕਾਕ ‘ਚ ਗੱਡੇ ਜਿੱਤ ਦੇ ਝੰਡੇ: ਸਮੁੰਦਰੋਂ ਪਾਰ ਗੂੰਜਿਆ ਟੰਡਨ ਇੰਟਰਨੈਸ਼ਨਲ ਸਕੂਲ ਦਾ ਨਾਮ

Advertisement
Spread information

11 ਮੁਲਕਾਂ ਦੇ ਮੁਕਾਬਲਿਆਂ ‘ਚ ਟੰਡਨ ਸਕੂਲ ਬਰਨਾਲਾ ਦੇ ਹੀਰਿਆਂ ਦੀ ਚਮਕ: ਜਿੱਤੇ 8 ਅੰਤਰਰਾਸ਼ਟਰੀ ਤਗਮੇ

ਰਘਵੀਰ ਹੈਪੀ, ਬਰਨਾਲਾ 25 ਫਰਵਰੀ 2026

      ਕਿਸੇ ਨੇ ਬਿਲਕੁਲ ਸਹੀ ਆਖਿਐ ਕਿ,  ਜੇਕਰ ਇਰਾਦੇ ਨੇਕ ਅਤੇ ਜਜ਼ਬਾ ਚਟਾਨ ਵਰਗਾ ਹੋਵੇ, ਤਾਂ ਅਸਮਾਨ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਨੂੰ ਸੱਚ ਸਾਬਿਤ ਕਰ ਦਿਖਾਇਆ ਹੈ ਬਰਨਾਲਾ ਦੀ ਨਾਮਵਰ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ । ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਖੇ ਹੋਈ “ਥਾਈਲੈਂਡ ਕਰਾਟੇ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ-2026” ਵਿੱਚ ਸਕੂਲ ਦੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਨੰਨ੍ਹੇ ਖਿਡਾਰੀਆਂ ਨੇ 1 ਸੋਨੇ ਦਾ, 4 ਚਾਂਦੀ ਦੇ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਪੂਰੀ ਦੁਨੀਆ ਵਿੱਚ ਭਾਰਤੀ ਤਿਰੰਗੇ ਦੀ ਸ਼ਾਨ ਵਧਾ ਦਿੱਤੀ ਹੈ। ਇਸ ਚੈਂਪੀਅਨਸ਼ਿਪ ਵਿੱਚ 11 ਮੁਲਕਾਂ ਦੇ 578 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ ਬਰਨਾਲਾ ਦੇ ਇਨ੍ਹਾਂ ਚਾਰ ਸਿਤਾਰਿਆਂ ਨੇ ਆਪਣੀ ਤਕਨੀਕ ਅਤੇ ਅਨੁਸ਼ਾਸਨ ਦਾ ਲੋਹਾ ਮਨਵਾਇਆ।

ਜੇਤੂਆਂ ਨੇ ਰਚਿਆ ਇਤਿਹਾਸ

    ਸਕੂਲ ਕੈਂਪਸ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਸਕੂਲ ਦੇ ਐੱਮ.ਡੀ ਸ਼ਿਵ ਸਿੰਗਲਾ ਅਤੇ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਬੜੇ ਮਾਣ ਨਾਲ ਜੇਤੂਆਂ ਦੇ ਨਾਮ ਸਾਂਝੇ ਕੀਤੇ, ਉਨਾਂ ਤਫਸ਼ੀਲ ਦਿੰਦਿਆਂ ਦੱਸਿਆ ਕਿ :

  • ਦੀਦਾਰਜੋਤ ਸਿੰਘ ਭੁੱਲਰ: 1 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤ ਕੇ ਬਣੇ ਚੈਂਪੀਅਨ।

  • ਅਮਨਜੋਤ ਕੌਰ: 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਮਾਰੀ ਵੱਡੀ ਮੱਲ।

  • ਦਿਲਰਾਜ ਸਿੰਘ: 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਹਾਸਲ ਕਰਕੇ ਵਧਾਇਆ ਮਾਣ।

  • ਜਸਕਰਨ ਸਿੰਘ: 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਐੱਮ.ਡੀ ਸ਼ਿਵ ਸਿੰਗਲਾ ਨੇ ਕਿਹਾ, “ਇਹ ਸਿਰਫ਼ ਤਗਮੇ ਨਹੀਂ, ਸਗੋਂ ਸਾਡੇ ਬੱਚਿਆਂ ਦੇ ਅਟੁੱਟ ਇਰਾਦਿਆਂ ਅਤੇ ਅਣਥੱਕ ਮੁਸ਼ੱਕਤ ਦੀ ਉਹ ਚਮਕ ਹੈ, ਜਿਸ ਨੇ ਅੰਤਰਰਾਸ਼ਟਰੀ ਮੰਚ ‘ਤੇ ਬਰਨਾਲਾ ਜਿਲ੍ਹੇ ਅਤੇ ਟੰਡਨ ਸਕੂਲ ਦਾ ਨਾਮ ਚਮਕਾਇਆ ਹੈ।” ਉਨਾਂ ਕਿਹਾ ਕਿ ਇਹ ਸਭ ਕੁੱਝ ਸਵ: ਬਾਬੂ ਸ਼ਿਵਦਰਸ਼ਨ ਸ਼ਰਮਾ ਐਡਵੋਕੇਟ ਜੀ ਦੇ ਯਤਨਾਂ ਨੂੰ ਬੂਰ ਪਿਆ ਹੈ। ਜਿੰਨ੍ਹਾਂ ਦੀ ਸੋਚ ਰਹੀ ਹੈ ਕਿ ਸਾਡੇ ਸਕੂਲ ਦੇ ਬੱਚਿਆਂ ਦਾ ਨਾਂ ਵਿਸ਼ਵ ਪੱਧਰ ਤੇ ਗੂੰਜਦਾ ਰਹੇ। ਬੇਸ਼ੱਕ ਬਾਬੂ ਜੀ ਅੱਜ ਸਾਡੇ ਦਰਮਿਆਨ ਨਹੀਂ ਰਹੇ,ਪਰ ਉਨਾਂ ਦੀ ਸੋਚ ਨੂੰ ਹਮੇਸ਼ਾ ਅੱਗੇ ਵਧਾਉਣ ਲਈ ਸਾਡੀ ਪੂਰੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨਾਂ ਦੀ ਪ੍ਰੇਰਣਾ ਹੀ ਸਾਡੇ ਹੌਸਲੇ ਨੂੰ ਅੱਗੇ ਵਧਾਉਣ ਲਈ ਸ਼ਕਤੀ ਪ੍ਰਦਾਨ ਕਰ ਰਹੀ ਹੈ। 

ਸਫ਼ਲਤਾ ਦੇ ਪਿੱਛੇ : ਬੱਚਿਆਂ ਦੀ ਮਿਹਨਤ, ਕੋਚਾਂ ਦੀ ਰਹਿਨੁਮਾਈ ਅਤੇ ਮਾਪਿਆਂ ਦਾ ਭਰੋਸਾ

      ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਜਿੱਥੇ ਖਿਡਾਰੀਆਂ ਦੀ ਸਖ਼ਤ ਮਿਹਨਤ ਹੈ, ਉੱਥੇ ਹੀ ਕੋਚ ਜਗਸੀਰ ਕੁਮਾਰ ਵਰਮਾ ਅਤੇ ਸਕੂਲ ਦੇ ਸਪੋਰਟਸ ਇੰਚਾਰਜ ਹਰਜੀਤ ਸਿੰਘ ਦੀ ਬਿਹਤਰੀਨ ਟ੍ਰੇਨਿੰਗ ਦਾ ਵੱਡਾ ਯੋਗਦਾਨ ਹੈ। ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਦੱਸਿਆ ਕਿ ਇਹ ਸਫਲਤਾ ਮਹੀਨਿਆਂ ਦੀ ਅਨੁਸ਼ਾਸਿਤ ਟ੍ਰੇਨਿੰਗ ਦਾ ਨਤੀਜਾ ਹੈ। ਉਨ੍ਹਾਂ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਕੂਲ ਅਤੇ ਕੋਚ ਉੱਪਰ ਭਰੋਸਾ ਜਤਾਇਆ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਟੰਡਨ ਇੰਟਰਨੈਸ਼ਨਲ ਸਕੂਲ ਦੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵਿਸ਼ਵ-ਪੱਧਰੀ ਸਹੂਲਤਾਂ ਸਦਕਾ ਹੀ ਅੱਜ ਉਨ੍ਹਾਂ ਦੇ ਬੱਚੇ ‘ਅੰਤਰਰਾਸ਼ਟਰੀ ਸਟਾਰ’ ਬਣ ਕੇ ਉੱਭਰੇ ਹਨ।

Advertisement
Advertisement
Advertisement
Advertisement
error: Content is protected !!